ਬਰਨਾਲਾ : ਪੰਜ ਰਾਜਾਂ ਵਿੱਚ 6 ਮਾਰਚ ਤੱਕ ਹੋ ਰਹੀਆਂ ਚੋਣਾਂ ਵਿੱਚ ਕਿਹੜੀ ਪਾਰਟੀ ਜਿੱਤੇਗੀ ਅਤੇ ਉਸਦੀਆਂ ਕਿੰਨੀਆਂ ਸੀਟਾਂ ਹੋਣਗੀਆਂ? ਇਹ ਭਵਿੱਖਬਾਣੀ ਕਰੋ ਅਤੇ ਇੱਕ ਕਰੋੜ ਦਾ ਇਨਾਮ ਜਿੱਤੋ। ਇਹ ਐਲਾਨ ਤਰਕਸ਼ੀਲ ਸੁਸਾਇਟੀ ਭਾਰਤ ਨੇ ਕੀਤਾ ਹੈ।
ਲੋਕਾਂ ਨੂੰ ਵਹਿਮਾਂ ਭਰਮਾਂ ‘ਚੋਂ ਕੱਢਕੇ ਵਿਗਿਆਨਕ ਸੋਚ ਅਪਣਾਉਣ ਦਾ ਸੱਦਾ ਦੇਣ ਵਾਲੀ ਸੰਸਥਾ ਤਰਕਸ਼ੀਲ ਸੁਸਾਇਟੀ ਨੇ ਜੋਤਸ਼ੀਆਂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਥੋੜੇ ਜਿਹੇ ਸੁਆਲਾਂ ਦਾ ਠੀਕ ਉੱਤਰ ਦੱਸਕੇ ਇੱਕ ਕਰੋੜ ਦਾ ਇਨਾਮ ਜਿੱਤ ਸਕਦੇ ਹਨ। ਤਰਕਸ਼ੀਲਾਂ ਨੇ ਆਪਣੀਆਂ ਸੋਸਲ ਨੈੱਟਵਰਕ ਸਾਈਟਾਂ ਤੇ ਇੱਕ ਪ੍ਰਸ਼ਨ ਪੱਤਰ ਜਾਰੀ ਕੀਤਾ ਹੈ। ਉਨ•ਾਂ ਨੇ 30 ਅੰਕਾਂ ਦੇ ਪੇਪਰ ਵਿੱਚ 24 ਅੰਕ ਪ੍ਰਾਪਤ ਕਰਨ ਵਾਲੇ ਨੂੰ ਜੇਤੂ ਐਲਾਨ ਕਰ ਦੇਣਾ ਹੈ। ਜੇ ਜੇਤੂ ਇੱਕ ਤੋਂ ਵੱਧ ਹੋਵੇ ਤਾਂ ਇਹ ਇਨਾਮ ਦੀ ਰਾਸ਼ੀ ਬਰਾਬਰ ਵੰਡ ਦੇਣੀ ਹੈ।
ਸੁਆਲਾਂ ਵਿੱਚ ਇੱਕ ਸੁਆਲ ਇਹ ਹੈ ਕਿ ਪੰਜਾਬ, ਯੂ. ਪੀ., ਉਤਰਾਂਚਲ, ਗੋਆ ਤੇ ਮਨੀਪੁਰ ਦਾ ਅਗਲਾ ਮੁਖ ਮੰਤਰੀ ਕੌਣ ਬਣੇਗਾ? ਇਨ•ਾਂ ਰਾਜਾਂ ਵਿੱਚ ਹਰੇਕ ਪਾਰਟੀ ਕਿੰਨੀਆਂ ਸੀਟਾਂ ‘ਤੇ ਜਿੱਤ ਪ੍ਰਾਪਤ ਕਰੇਗੀ। ਪ੍ਰਕਾਸ਼ ਸਿੰਘ ਬਾਦਲ, ਸੁਖਵੀਰ ਬਾਦਲ, ਅਮਰਿੰਦਰ ਕੈਪਟਨ ਤੇ ਰਾਜਿੰਦਰ ਕੌਰ ਭੱਠਲ ਕਿੰਨੀਆਂ ਕਿੰਨੀਆਂ ਵੋਟਾਂ ਨਾਲ ਜੇਤੂ ਹੋਣਗੇ? ਇਸ ਵਿੱਚ 10 ਪ੍ਰਤੀਸ਼ਤ ਤੱਕ ਵਾਧਾ ਘਾਟਾ ਵੀ ਮੁਆਫ਼ ਹੋਵੇਗਾ। ਯੂ. ਪੀ. ਵਿੱਚ ਜਿੱਤ ਪ੍ਰਾਪਤ ਕਰਨ ਵਾਲੀਆਂ ਇਸਤਰੀ ਉਮੀਦਵਾਰਾਂ ਦੀ ਗਿਣਤੀ ਕਿੰਨੀ ਹੋਵੇਗੀ?
ਤਰਕਸ਼ੀਲ ਸੁਸਾਇਟੀ ਦੇ ਸੰਸਥਾਪਕ ਸ੍ਰੀ ਮੇਘ ਰਾਜ ਮਿੱਤਰ ਨੇ ਕਿਹਾ ਹੈ ਕਿ ਉਨ•ਾਂ ਦਾ ਉਦੇਸ਼ ਜੌਤਸ਼ ਦੀ ਅਸਲੀਅਤ ਆਮ ਜਨਤਾ ਦੇ ਸਾਹਮਣੇ ਪੇਸ਼ ਕਰਕੇ ਲੋਕਾਂ ਨੂੰ ਉਨ•ਾਂ ਦੀ ਲੁੱਟ ਤੋਂ ਬਚਾਉਣਾ ਹੈ।
ਇਹ ਟੈਸਟ ਦੇਣ ਵਾਲਿਆਂ ਲਈ ਇੱਕ ਹਜ਼ਾਰ ਰੁਪਏ ਦੀ ਐਂਟਰੀ ਫੀਸ ਦੇਣੀ ਵੀ ਲਾਜਮੀ ਹੋਵੇਗੀ। ਇਹ ਫੀਸ ਸਸਤੀ ਸ਼ੋਹਰਤ ਪ੍ਰਾਪਤੀ ਦੇ ਫਾਲਤੂ ਚਾਹਵਾਨਾਂ ਨੂੰ ਦੂਰ ਭਜਾਉਣ ਲਈ ਰੱਖੀ ਗਈ ਹੈ। ਇੱਕ ਹੀ ਸੀਟ ਤੇ ਜੁਆਬ ਲਿਖਕੇ ਅਤੇ ਕਿਸੇ ਵੀ ਗਜ਼ਟਡ ਅਫ਼ਸਰ ਤੋਂ ਤਸਦੀਕ ਕਰਵਾਕੇ ਇਹ ਫ਼ਾਰਮ ਚਾਰ ਮਾਰਚ ਤੱਕ ਹੀ ਭੇਜੇ ਜਾ ਸਕਦੇ ਹਨ। ਇਲੈਕਸ਼ਨਾਂ ਤੋਂ ਬਾਅਦ ਜੇਤੂਆਂ ਦੀ ਲਿਸਟ ਜਾਰੀ ਕਰ ਦਿੱਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਉਨ•ਾਂ ਨੂੰ ਇਨਾਮ ਵੀ ਦੇ ਦਿੱਤਾ ਜਾਵੇਗਾ।
ਯਾਦ ਰਹੇ ਕਿ ਇਹ ਸੰਸਥਾ ਹੁਣ ਤੱਕ ਸੈਂਕੜੇ ਕਿਤਾਬਾਂ ਪੰਜਾਬੀ ਪਾਠਕਾਂ ਨੂੰ ਪੁਚਾ ਚੁੱਕੀ ਹੈ ਅਤੇ ਇੱਕ ਮੈਗਜ਼ੀਨ ਵਿਗਿਆਨ ਜੋਤ ਇਸ ਦੀਆਂ ਗਤੀਵਿਧੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਂਦੀ ਹੈ। ਇਸ ਤੋਂ ਇਲਾਵਾ ਇਹ ਸੰਸਥਾ ਖੂਨਦਾਨ, ਨੇਤਰਦਾਨ ਤੇ ਸਰੀਰ ਦਾਨ ਦੇ ਲੋਕ ਭਲਾਈ ਕੰਮ ਵਿੱਚ ਵੀ ਸਰਗਰਮ ਭੂਮਿਕਾ ਨਿਭਾ ਰਹੀ ਹੈ।