ਅੰਮ੍ਰਿਤਸਰ, ਫਰਵਰੀ 22, 2012 : ਅੱਜ ਸਥਾਨਕ ਖਾਲਸਾ ਕਾਲਜ ਫਾਰ ਵਿਮੈਨ ਵਿਖੇ ਯੂਜੀਸੀ ਦੁਆਰਾ ਸਪਾਂਸਰਡ ਰਾਸ਼ਟਰੀ ਸੈਮੀਨਾਰ ‘ਸਰੀਰਕ ਸਿੱਖਿਆ ਅਤੇ ਖੇਡਾਂ ‘ਚ ਭਵਿੱਖਵਾਦੀ ਰੁਝਾਨ’ ‘ਚ ਬੋਲਦਿਆਂ ਵਿਦਵਾਨਾਂ ਅਤੇ ਖੋਜਕਾਰਾਂ ਨੇ ਭਾਰਤ ਨੂੰ ਦੇਸ਼ ਵਿਚ ਖੇਡ ਢਾਂਚਾ ਮਜ਼ਬੂਤ ਕਰਨ ਲਈ ਚੀਨ ਤੋਂ ਸੇਧ ਲੈਣ ਲਈ ਕਿਹਾ। ਅੱਜ ਸੈਮੀਨਾਰ ਦੀ ਸਮਾਪਤੀ ‘ਤੇ ਮਾਹਿਰਾਂ ਨੇ ਜਿੱਥੇ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ, ਉੱਥੇ ਉਨ੍ਹਾਂ ਇਹ ਵੀ ਕਿਹਾ ਕਿ ਖੇਡਾਂ ਨੂੰ ਇਕ ਜਨਤਕ ਅੰਦੋਲਨ ਬਣਾ ਕੇ ਆਮ ਲੋਕਾਂ ਨੂੰ ਖੇਡਾਂ ਨਾਲ ਜੋੜਨਾਂ ਜ਼ਰੂਰੀ ਹੈ।
ਇਸ ਸੈਮੀਨਾਰ ਵਿਚ ਪੰਜਾਬ ਤੋਂ ਜਿਆਦਾ ਖੋਜ ਪੇਪਰ ਪਿਛਲੇ ਦੋ-ਦਿਨਾਂ ‘ਚ ਪੜ੍ਹੇ ਅਤੇ ਪੇਸ਼ ਕੀਤੇ ਗਏ, ਜਿਸ ਵਿਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ ਅਤੇ ਚੰਡੀਗੜ੍ਹ ਤੋਂ ਆਏ ਹੋਏ ਵਿਦਵਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਲਗਪਗ ਸਾਰੇ ਹੀ ਵਿਸ਼ੇ, ਜਿਨ੍ਹਾਂ ਵਿੱਚ ਖੇਡ ਪ੍ਰਬੰਧਨ, ਖੇਡ ਮਨੋਵਿਗਿਆਨ, ਖੇਡਾਂ ਤੇ ਨੈਤਿਕਤਾ, ਖੇਡਾਂ ਤੇ ਮੀਡੀਆ, ਤੰਦਰੁਸਤੀ ਅਤੇ ਫਿਟਿਨਸ, ਸਾਇੰਸ ਅਤੇ ਖੇਡਾਂ, ਖੇਡਾਂ ਅਤੇ ਵਪਾਰ ਤੋਂ ਇਲਾਵਾ ਰਾਜਨੀਤਕ ਦਖਲਅੰਦਾਜੀ, ਭ੍ਰਿਸ਼ਟਾਚਾਰ, ਇਸਤ੍ਰੀਆਂ ਅਤੇ ਖੇਡਾਂ, ਖੇਡਾਂ ਅਤੇ ਖੁਰਾਕ ਆਦਿ ਵਿਸ਼ਿਆਂ ‘ਤੇ ਵੀ ਚਾਨਣਾ ਪਾਇਆ।
ਖੋਜਕਾਰਾਂ ਨੇ ਕਿਹਾ ਕਿ ਲਾਂਸ ਏਂਜਲਸ (ਅਮਰੀਕਾ) ਵਿਖੇ 1984 ਵਿਖੇ ਹੋਈਆਂ ਓਲੰਪਿਕ ਤੋਂ ਪਹਿਲਾਂ ਚੀਨ ਦਾ ਦੁਨੀਆ ਦੇ ਖੇਡ ਮੁਕਾਬਲਿਆਂ ਵਿਚ ਕੋਈ ਨਾਮੋ-ਨਿਸ਼ਾਨ ਵੀ ਨਹੀਂ ਸੀ ਪਰ ਅੱਜ ਚੀਨ ਪੂਰੀ ਦੁਨੀਆ ‘ਚ ਖੇਡ ਜਗਤ ਦਾ ਸਰਤਾਜ ਹੈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਰੀਰਕ ਸਿੱਖਿਆ ਵਿਭਾਗ ਦੇ ਸਾਬਕਾ ਚੇਅਰਮੈਨ, ਡਾ. ਐਨਐਸ ਮਾਨ ਅਤੇ ਡਾ. ਗੁਰਬਖਸ਼ ਸਿੰਘ ਸੰਧੂ, ਜਿਨ੍ਹਾਂ ਨੇ ਵੱਖ-ਵੱਖ ਅਕਾਦਮਿਕ ਸੈਸ਼ਨਾਂ ਦੀ ਅਗਵਾਈ ਕੀਤੀ, ਨੇ ਕਿਹਾ ਕਿ ਚੀਨ ਦੀ ਸਫਲਤਾ ਦਾ ਰਾਜ ਖੇਡਾਂ ਨੂੰ ਆਮ ਲੋਕਾਂ ਤਕ ਲੈ ਕੇ ਜਾਣਾ ਅਤੇ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਹੈ।
ਕਾਲਜ ਪ੍ਰਿੰਸੀਪਲ, ਡਾ. ਸੁਖਬੀਰ ਕੌਰ ਮਾਹਲ ਨੇ ਵੀ ਕਿਹਾ ਕਿ ਜਦ ਤਕ ਅਸੀਂ ਖੇਡਾਂ ਨੂੰ ਪਿੰਡ ਪੱਧਰ ਤਕ ਨਹੀਂ ਲੈ ਕੇ ਜਾਂਦੇ ਅਤੇ ਖੇਡਾਂ ਵਿੱਚ ਹੋ ਰਹੇ ਇਸਤ੍ਰੀਆਂ ਪ੍ਰਤੀ ਵਿਤਕਰੇ ਨੂੰ ਦੂਰ ਨਹੀਂ ਕਰਦੇ, ਤਦ ਤਕ ਅਸੀਂ ਇਸ ਖੇਤਰ ਵਿਚ ਬਹੁਤ ਜਿਆਦਾ ਉਪਲਬਧੀਆਂ ਹਾਸਲ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਨੌਜੁਆਨਾਂ ਵਿੱਚ ਖੇਡਾਂ ਪ੍ਰਤੀ ਜਾਗਰੂਕਤਾ, ਜਿਆਦਾ ਤੋਂ ਜਿਆਦਾ ਮਾਇਕ ਸਹਾਇਤਾ, ਜਿਆਦਾ ਤੋਂ ਜਿਆਦਾ ਸਟੇਡੀਅਮ ਅਤੇ ਖੇਡ ਮੈਦਾਨਾਂ ਦੇ ਵਿਸਥਾਰ ਉੱਤੇ ਸਰਕਾਰਾਂ ਦਾ ਧਿਆਨ ਖਿੱਚਿਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਡਾਇਰੈਕਟਰ, ਡਾ. ਕੰਵਲਜੀਤ ਸਿੰਘ ਨੇ ਵੀ ਖੇਡਾਂ ਵਿਚ ਪ੍ਰਚੱਲਤ ਹੋ ਰਹੀਆਂ ਡੋਪਿੰਗ ਅਤੇ ਭ੍ਰਿਸ਼ਟਾਚਾਰ ਵਰਗੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਕਦਮ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਨੌਜੁਆਨਾਂ ਵਿਚ ਬਹੁਤ ਉਤਸ਼ਾਹ ਹੈ ਅਤੇ ਦੇਸ਼ ਖੇਡਾਂ ਵਿਚ ਤਰੱਕੀ ਕਰ ਰਿਹਾ ਹੈ ਪਰ ਅਜੇ ਵੀ ਬਹੁਤ ਸਾਰੇ ਕਦਮ ਹੋਰ ਉਠਾਉਣੇ ਜ਼ਰੂਰੀ ਹਨ, ਜੇਕਰ ਅਸੀਂ ਕੌਮਾਂਤਰੀ ਪੱਧਰ ਉਪਰ ਹੋਰ ਉਪਲਬਧੀਆਂ ਹਾਸਲ ਕਰਨੀਆਂ ਹਨ। ਹੋਰ ਵੱਖ-ਵੱਖ ਵਿਦਵਾਨਾਂ ਨੇ ਰੋਜ਼ਾਨਾਂ ਕਸਰਤ, ਚੰਗੀ ਖੁਰਾਕ ਅਤੇ ਵਿਦਿਅਕ ਸੰਸਥਾਵਾਂ ਵਿੱਚ ਖੇਡਾਂ ਨੂੰ ਵੱਧ ਤੋਂ ਵੱਧ ਉਤਸ਼ਾਹ ਦੇਣ ‘ਤੇ ਜ਼ੋਰ ਦਿੱਤਾ।
ਹੋਰ ਬਹੁਤ ਸਾਰੇ ਖੋਜਕਾਰ, ਜਿਨ੍ਹਾਂ ਨੇ ਆਪਣੇ ਪੇਪਰ ਪੇਸ਼ ਕੀਤੇ, ਉਨ੍ਹਾਂ ਵਿਚ ਜੀਜੀਡੀਐਸਡੀ ਪੋਸਟ ਗ੍ਰੈਜ਼ੂਏਟ ਕਾਲਜ, ਹੁਸ਼ਿਆਰਪੁਰ ਤੋਂ ਹਰਵਿੰਦਰ ਕੌਰ, ਗੁਰੂ ਨਾਨਕ ਖਾਲਸਾ ਕਾਲਜ, ਅਬੋਹਰ ਤੋਂ ਡਾ. ਰਾਜਿੰਦਰ ਸਿੰਘ ਸੇਖੋਂ ਅਤੇ ਅਮਨਦੀਪ ਸਿੰਘ, ਹਰਬਲ ਕੰਨਸਲਟੈਂਟ, ਡਾ. ਏਐਸ ਮਾਹਲ, ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਤੋਂ ਅਸਿਸਟੈਂਟ ਡਾਇਰੈਕਟਰ, ਐਸਐਸ ਰੰਧਾਵਾ ਅਤੇ ਰਾਕੇਸ਼ ਕੁਮਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਜਤਿੰਦਰ ਸਿੰਘ ਗਿੱਲ, ਖਾਲਸਾ ਕਾਲਜ ਫਾਰ ਵਿਮੈਨ ਤੋਂ ਡਾ. ਸੁਮਨ ਨਈਅਰ ਅਤੇ ਨਵਲਪ੍ਰੀਤ ਕੌਰ, ਖਾਲਸਾ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ, ਹੇਰ ਦੇ ਪ੍ਰਿੰਸੀਪਲ, ਡਾ. ਜੀਐਸ ਕੰਗ, ਡਾ. ਨਿਸ਼ਾਨ ਸਿੰਘ, ਡਾ. ਐਚਐਸ ਰੰਧਾਵਾ, ਮੇਰਠ ਯੂਨੀਵਰਸਿਟੀ ਤੋਂ ਡਾ. ਸੋਮਿਤਰਾ ਮੋਂਡਲ, ਡਾ. ਕਰਨਜੀਤ ਸਿੰਘ, ਸ਼੍ਰੀ ਮਨੋਹਰ ਲਾਲ, ਡਾ. ਰਛਪਾਲ ਸਿੰਘ ਬਰਾੜ, ਮਿਸ ਮਨਪ੍ਰੀਤ ਕੌਰ, ਸ਼੍ਰੀ ਗੌਰਵ ਦੁਦੇਜਾ, ਸ਼੍ਰੀ ਲਲਿਤ ਮੋਹਨ ਤਿਵਾੜੀ, ਖਾਲਸਾ ਕਾਲਜ ਤੋਂ ਸ. ਦਲਜੀਤ ਸਿੰਘ, ਸ਼੍ਰੀ ਸਤਿੰਦਰ ਕੁਮਾਰ, ਸ੍ਰੀ ਵੇਦ ਪ੍ਰਕਾਸ਼, ਸ੍ਰੀ ਲਖਵਿੰਦਰ ਸਿੰਘ, ਮਿਸ ਨਿਤਿਕਾ ਭੰਡਾਰੀ, ਸ਼੍ਰੀ ਰਾਜਿੰਦਰ ਲਾਲ ਅਤੇ ਮਿਸ ਵੈਭਵ ਰਾਏ ਸ਼ਾਮਿਲ ਹਨ।
ਕਾਲਜ ਦੇ ਖੇਡ ਵਿਭਾਗ ਦੀ ਇੰਚਾਰਜ, ਡਾ. ਤੇਜਿੰਦਰ ਕੌਰ ਨੇ ਧੰਨਵਾਦ ਦਾ ਮਤਾ ਪਾਸ ਕੀਤਾ ਅਤੇ ਡਾ. ਮਾਹਲ ਨੇ ਆਏ ਹੋਏ ਮਹਿਮਾਨ ਬੁਲਾਰਿਆਂ ਨੂੰ ਮੀਮੈਂਟੋ ਦੇ ਕੇ ਸਨਮਾਨਿਤ ਕੀਤਾ।