February 22, 2012 admin

ਕਾਲਜ਼ ਦੇ ਦਿਨ ਹਰੇਕ ਵਿਅਕਤੀ ਦੀ ਜਿੰਦਗੀ ਵਿੱਚ ਯਾਦਗਾਰੀ ਪਲ ਹੁੰਦੇ ਹਨ-ਸਿੱਧੂ

* ਸਰਕਾਰੀ ਕਾਲਜ਼ ਆਫ ਐਜੂਕੇਸ਼ਨ ਦੇ 53ਵੇਂ ਖੇਡ ਸਮਾਰੋਹ ਦਾ ਆਗਾਜ਼
ਪਟਿਆਲਾ: 22 ਫਰਵਰੀ :  ” ਕਾਲਜ਼ ਦੇ ਦਿਨ ਹਰੇਕ ਵਿਅਕਤੀ ਦੀ ਜਿੰਦਗੀ ਵਿੱਚ ਯਾਦਗਾਰੀ ਪਲ ਹੁੰਦੇ ਹਨ ਅਤੇ ਕਾਲਜ਼ ਦੀਆਂ ਖੇਡਾਂ ਖਿਡਾਰੀਆਂ ਲਈ ਹੋਰ ਵੀ ਅਹਿਮ ਹੁੰਦੀਆਂ ਹਨ ਕਿਉਂਕਿ ਹਰੇਕ ਖਿਡਾਰੀ ਨੂੰ ਇਹਨਾਂ ਖੇਡਾਂ ਵਿੱਚ ਆਪਣੀ ਪ੍ਰਤਿਭਾ ਵਿਖਾਉਣ ਦਾ ਮੌਕਾ ਮਿਲਦਾ ਹੈ। ” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਗੁਰਲਵਲੀਨ ਸਿੰਘ ਸਿੱਧੂ ਨੇ ਸਰਕਾਰੀ ਕਾਲਜ਼ ਆਫ ਐਜੂਕੇਸ਼ਨ ਪਟਿਆਲਾ ਦੀ 53ਵੇਂ ਸਲਾਨਾਂ ਖੇਡ ਸਮਾਰੋਹ ਦਾ ਉਦਘਾਟਨ ਕਰਨ ਉਪਰੰਤ ਵਿਦਿਆਰਥੀਆਂ ਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਰੇਕ ਖਿਡਾਰੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਪ੍ਰਤਿਭਾ ਨੂੰ ਹੋਰ ਵੀ ਵਧੇਰੇ ਨਿਖਾਰਨ ਲਈ ਸਖਤ ਮਿਹਨਤ ਕਰੇ ਤਾਂ ਜੋ ਉਹ ਆਪਣੇ ਮਾਪਿਆਂ, ਕਾਲਜ਼, ਰਾਜ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ। ਸ਼੍ਰੀ ਸਿੱਧੂ ਨੇ ਕਿਹਾ ਕਿ ਇੱਕ ਕਹਾਵਤ ਹੈ ਕਿ ਨਰੋਏ ਦਿਮਾਗ ਵਿੱਚ ਹੀ ਨਰੋਈ ਸੋਚ ਵਸਦੀ ਹੈ।
         ਸ੍ਰ: ਸਿੱਧੂ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਅੰਗ ਹੁੰਦੀਆਂ ਹਨ ਕਿਉਂਕਿ ਖੇਡਾਂ ਜਿਥੇ ਖਿਡਾਰੀਆਂ ਨੂੰ ਮਾਨਸਿਕ ਤੇ ਸ਼ਰੀਰਕ ਪੱਖੋਂ ਮਜਬੂਤ ਕਰਦੀਆਂ ਹਨ ਉਥੇ ਹੀ ਉਹਨਾਂ ਨੂੰ ਅਨੁਸ਼ਾਸ਼ਨ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਵੀ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਚੰਗਾ ਖਿਡਾਰੀ ਉਹੀ ਹੈ ਜੋ ਅਨੁਸ਼ਾਸ਼ਨ ਵਿੱਚ ਰਹਿ ਕੇ ਖੇਡ ਭਾਵਨਾ ਨਾਲ ਆਪਣੀ ਖੇਡ ਖੇਡੇ ਅਤੇ ਜਿੱਤ ਤੇ ਹਾਰ ਨੂੰ ਖਿੜੇ ਮੱਥੇ ਸਵੀਕਾਰ ਕਰੇ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਨ ਕਿਉਂਕਿ ਅੱਜ ਸਾਡੇ ਨੌਜਵਾਨ ਜਿਸ ਤੇਜੀ ਨਾਲ ਨਸ਼ਿਆਂ ਦੀ ਗ੍ਰਿਫਤ ਵਿੱਚ ਫਸਦੇ ਜਾ ਰਹੇ ਹਨ ਉਹਨਾਂ ਨੂੰ ਖੇਡਾਂ ਨਾਲ ਜੋੜ ਕੇ ਹੀ ਨਸ਼ਿਆਂ ਦੀ ਗ੍ਰਿਫਤ ਵਿੱਚੋਂ ਕੱਢਿਆ ਜਾ ਸਕਦਾ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਮਿਹਨਤ ਨਾਲ ਖੇਡਣ ਵਾਲੇ ਖਿਡਾਰੀਆਂ ਲਈ ਕਿਸੇ ਵੀ ਟੀਚੇ ਦੀ ਪ੍ਰਾਪਤੀ ਕਰਨੀ ਕੋਈ ਔਖੀ ਗੱਲ ਨਹੀਂ ਹੈ ਇਸ ਲਈ ਖਿਡਾਰੀਆਂ ਨੂੰ ਮਿਹਨਤ ਤੇ ਲਗਨ ਨਾਲ ਖੇਡਣਾ ਚਾਹੀਦਾ ਹੈ। ਇਸ ਮੌਕੇ ਸ੍ਰ: ਸਿੱਧੂ ਨੇ ਖਿਡਾਰੀਆਂ ਵੱਲੋਂ ਕੱਢੇ ਗਏ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ । ਇਸ ਮੌਕੇ ਖਿਡਾਰੀਆਂ ਵੱਲੋਂ ਅਨੁਸ਼ਾਸ਼ਨ ਵਿੱਚ ਰਹਿ ਕੇ ਖੇਡ ਭਾਵਨਾਂ ਨਾਲ ਖੇਡਣ ਦੀ ਸਹੁੰ ਵੀ ਚੁੱਕੀ।  
ਇਸ ਮੌਕੇ ਕਾਲਜ਼ ਦੀ ਪ੍ਰਿੰਸੀਪਲ ਸ਼੍ਰੀਮਤੀ ਨੀਲਮਜੀਤ ਕੌਰ ਨੇ ਮੁੱਖ ਮਹਿਮਾਨ ਅਤੇ ਹੋਰ ਪੁੱਜੀਆਂ ਸਖਸ਼ੀਅਤਾਂ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ । ਇਸ ਮੌਕੇ ਕਾਲਜ਼ ਦੇ ਸਟਾਫ ਵੱਲੋਂ ਸ੍ਰ: ਸਿੱਧੂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ: ਸਿਮਰਜੀਤ ਕੌਰ, ਪ੍ਰੋ: ਨੀਲਮ, ਪ੍ਰਿੰਸੀਪਲ ਇਨ ਸਰਵਿਸ ਸੈਂਟਰ ਸ਼੍ਰੀਮਤੀ ਵਰਸ਼ਾ ਸ਼ੁਕਲਾ, ਕਾਲਜ਼ ਦੇ ਵਾਈਸ ਪ੍ਰਿੰਸੀਪਲ ਪ੍ਰੋ: ਰਾਜਨ ਨਰੂਲਾ, ਸਾਬਕਾ ਵਿਦਿਆਰਥੀ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਗੁਰਨਾਮ ਸਿੰਘ ਪ੍ਰਭਾਤ, ਕਾਲਜ਼ ਦੇ ਸਾਬਕਾ ਪ੍ਰੋ: ਸ੍ਰ: ਐਸ.ਐਸ. ਗਿੱਲ ਤੋਂ ਇਲਾਵਾ ਕਾਲਜ਼ ਦੇ ਪ੍ਰੋਫੈਸਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

Translate »