* ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣੀ ਵੀ ਸਮੇਂ ਦੀ ਮੁੱਖ ਲੋੜ
* ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਵ ਸਿੱਖਿਆ ਅਭਿਆਨ ਤਹਿਤ 8 ਕਰੋੜ ਰੁਪਏ ਖ਼ਰਚੇ
ਫਤਹਿਗੜ੍ਹ ਸਾਹਿਬ: 22 ਫਰਵਰੀ : ”ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣੀ ਵੀ ਸਮੇਂ ਦੀ ਮੁੱਖ ਲੋੜ ਹੈ। ਵਿਦਿਆਰਥੀ ਅਧਿਆਪਕਾਂ ‘ਤੇ ਮਾਪਿਆਂ ਨਾਲੋਂ ਵੀ ਵੱਧ ਵਿਸ਼ਵਾਸ਼ ਰੱਖਦੇ ਹਨ, ਇਸ ਲਈ ਅਧਿਆਪਕ ਵਰਗ ਦੇਸ਼ ਨੂੰ ਚੰਗੇ ਨਾਗਰਿਕ ਦੇਣ ਲਈ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ।” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ਼੍ਰੀ ਯਸ਼ਵੀਰ ਮਹਾਜਨ ਨੇ ‘ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ’ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਸ਼੍ਰੀ ਮਹਾਜਨ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਪ੍ਰਤੀ ਵੀ ਜਾਣੂ ਕਰਵਾਉਣ ਅਤੇ ਸਕੂਲਾਂ ਵਿੱਚ ਬੱਚਿਆਂ ਨੂੰ ਰੋਜ਼ਾਨਾ ਸਵੇਰ ਮੌਕੇ ਅਜਿਹੀ ਪ੍ਰਾਰਥਨਾ ਕਰਵਾਈ ਜਾਵੇ ਜੋ ਉਨ੍ਹਾਂ ਨੂੰ ਇੱਕ ਚੰਗੇ, ਮਿਹਨਤੀ ਅਤੇ ਇਮਾਨਦਾਰ ਨਾਗਰਿਕ ਬਨਣ ਲਈ ਮਾਰਗ ਦਰਸ਼ਨ ਕਰੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2011-12 ਦੌਰਾਨ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਵ ਸਿੱਖਿਆ ਅਭਿਆਨ ਤਹਿਤ ਕਰੀਬ 8 ਕਰੋੜ ਰੁਪਏ ਖ਼ਰਚੇ ਗਏ ਹਨ ਜਿਨ੍ਹਾਂ ਵਿੱਚ 27 ਪ੍ਰਾਇਮਰੀ ਅਤੇ 8 ਅਪਰ ਪ੍ਰਾਇਮਰੀ ਸਕੂਲਾਂ ਵਿੱਚ ਨਵੇਂ ਕਲਾਸ ਰੂਮ, 196 ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਦੀ ਚਾਰ ਦਿਵਾਰੀ, ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰਾਂ ਵਿਖੇ ਸੈਮੀਨਾਰ ਰੂਮ, 60 ਸਕੂਲਾਂ ਵਿੱਚ ਨਵੇਂ ਪਖਾਨੇ ਬਣਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਆਈ.ਈ.ਡੀ. ਸਕੀਮ ਤਹਿਤ ਜ਼ਿਲ੍ਹੇ ਦੇ 17 ਬੱਚਿਆਂ ਨੂੰ ਵ੍ਹੀਲ ਚੇਅਰ ਮੁਹੱਈਆ ਕਰਵਾਈਆਂ ਗਈਆਂ ਅਤੇ ਵਿਸ਼ਵ ਅੰਗਹੀਣਤਾ ਦਿਵਸ ਮੌਕੇ ਵਿਸ਼ੇਸ਼ ਲੋੜਵੰਦ ਵਿਦਿਆਰਥੀਆਂ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ ਹਨ। ਸ਼੍ਰੀ ਮਹਾਜਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅਜਿਹੇ ਬੱਚਿਆਂ ਨੂੰ ਵ੍ਹੀਹ ਚੇਅਰ, ਟ੍ਰਾਈ ਸਾਈਕਲ, ਬੈਸਾਖੀਆਂ ਅਤੇ ਵਿਸ਼ੇਸ਼ ਕਿਸਮ ਦੇ ਜੁੱਤੇ ਮੁਹੱਈਆ ਕਰਵਾਉਣ ਲਈ 1 ਮਾਰਚ ਨੂੰ ਮਾਤਾ ਗੁਜ਼ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਹਿਗੜ੍ਹ ਸਾਹਿਬ, 2 ਮਾਰਚ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਸੈਂਸੀ ਵੇਹੜਾ ਸਕੂਲ ਅਮਲੋਹ ਅਤੇ 3 ਮਾਰਚ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਮਾਣੋਂ ਵਿਖੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪਿੰਡ ਮੀਰਪੁਰ ਵਿਖੇ ਇੱਕ ਰਿਹਾਇਸ਼ੀ ਸਪੈਸ਼ਲ ਟ੍ਰੇਨਿੰਗ ਕੇਂਦਰ ਖੋਲ੍ਹਿਆ ਗਿਆ ਹੈ ਜਿਸ ਵਿੱਚ 50 ਬੱਚਿਆਂ ਨੂੰ ਲਾਜ਼ਮੀ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਕਮੇਟੀ ਮੈਂਬਰਾਂ ਨੂੰ ਕਿਹਾ ਕਿ ਉਹ ਇਸ ਕੇਂਦਰ ਦੇ ਕੰਮਕਾਜ਼ ਦਾ ਮੁਆਇਨਾ ਕਰਨ ਲਈ ਉਸ ਦੀ ਸਮੇਂ-ਸਮੇਂ ‘ਤੇ ਚੈਕਿੰਗ ਕਰਨ।
ਡਿਪਟੀ ਕਮਿਸ਼ਨਰ ਸ਼੍ਰੀ ਮਹਾਜਨ ਨੇ ਦੱਸਿਆ ਕਿ ਸਰਵ ਸਿੱਖਿਆ ਅਭਿਆਨ ਤਹਿਤ ਪਹਿਲੀ ਤੋਂ ਅੱਠ੍ਹਵੀਂ ਤੱਕ ਦੇ ਸਾਰੇ ਬੱਚਿਆ ਨੂੰ ਕਿਤਾਬਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ 50 ਸਕੂਲਾਂ ਵਿੱਚ ਲੜਕੀਆਂ ਨੂੰ ਸਵੈ ਰੱਖਿਆ ਲਈ ਕਰਾਟਿਆਂ ਦੀ ਸਿਖਲਾਈ ਵੀ ਦਿੱਤੀ ਗਈ ਹੈ। ਜ਼ਿਲ੍ਹੇ ਦੇ ਸਕੂਲਾਂ ਵਿੱਚ ਚੱਲ ਰਹੀ ਮਿਡ ਡੇ ਸਕੀਮ ਬਾਰੇ ਉਨ੍ਹਾਂ ਦੱਸਿਆ ਕਿ 461 ਪ੍ਰਾਇਮਰੀ ਅਤੇ 218 ਅਪਰ ਪ੍ਰਾਇਮਰੀ ਸਕੂਲਾਂ ਵਿੱਚ 46 ਹਜ਼ਾਰ ਦੇ ਕਰੀਬ ਬੱਚਿਆਂ ਨੂੰ ਰੋਜ਼ਾਨਾ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਵਿਦਿਆਰਥਣਾਂ ਨੂੰ ਸਾਈਕਲ ਵੀ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਵਿੱਚ ਛੁਪੀ ਪ੍ਰਤੀਭਾ ਨੂੰ ਤਰਾਸ਼ਣ ਲਈ ਪੂਰੀ ਇਮਾਨਦਾਰੀ ਅਤੇ ਸੁਹਿਰਦਤਾ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ। ਅੱਜ ਦੀ ਮੀਟਿੰਗ ‘ਚ ਸਿੱਖਿਆ ਵਿਕਾਸ ਕਮੇਟੀ ਦੇ ਮੈਂਬਰਾਂ ‘ਚੋਂ ਪ੍ਰੋ. ਅਸ਼ੋਕ ਸੂਦ, ਕੇਅਰ ਆਫ ਜੀਜਸ ਸੇਵੀਅਰ ਸਕੂਲ ਸਰਹਿੰਦ ਦੇ ਸ਼੍ਰੀ ਜੁਆਏ ਕੁੱਟੀ, ਸੇਂਟ ਜੇਵੀਅਰ ਸਕੂਲ ਭੱਦਲਥੂਹਾ ਅਮਲੋਹ ਦੇ ਮੈਨੇਜਰ ਫਾਦਰ ਜਸਟੀਨ ਡਰਾਵੀਅਮ, ਨਿਸ਼ਕਾਮ ਸੇਵਾ ਕੀਰਤਨ ਸੋਸਾਇਟੀ ਮੰਡੀ ਗੋਬਿੰਦਗੜ੍ਹ ਦੇ ਸ. ਕਰਮਜੀਤ ਸਿੰਘ, ਸਰਵ ਸਿੱਖਿਆ ਅਭਿਆਨ ਦੇ ਜ਼ਿਲ੍ਹਾ ਕੋਆਡੀਨੇਟਰ ਸ਼੍ਰੀ ਪਰਮਜੀਤ ਸਿੰਘ ਸੰਧੂ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ) ਸ਼੍ਰੀ ਪ੍ਰਵੀਨ ਕੁਮਾਰ, ਏ.ਪੀ.ਓ. ਸ਼੍ਰੀ ਏ.ਪੀ.ਐਸ. ਨਾਗਰਾ, ਡਾ. ਰਾਹੁਲ ਭੱਲਾ, ਜ਼ਿਲ੍ਹੇ ਦੇ ਸਮੂਹ ਬੀ.ਪੀ.ਓਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਅਤੇ ਪਤਵੰਤੇ ਵੀ ਹਾਜ਼ਰ ਸਨ।