February 22, 2012 admin

ਸਿਵਲ ਹਸਪਤਾਲ ਵਿਖੇ ਆਧੁਨਿਕ ਮਸ਼ੀਨਾਂ ਵਾਲੇ ਫਿਜ਼ਿਓਥਰੈਪੀ ਯੂਨਿਟ ਦਾ ਉਦਘਾਟਨ

ਬਠਿੰਡਾ,  ੨੨ ਫਰਵਰੀ -ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਆਧੁਨਿਕ ਮਸ਼ੀਨ ਵਾਲੇ ਫਿਜ਼ਿਓਥਰੈਪੀ ਯੂਨਿਟ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ‘ਨੈਸ਼ਨਲ ਪ੍ਰੋਗਰਾਮ ਫਾਰ ਹੈਲਥ ਕੇਅਰ ਆਫ ਦੀ ਐਲਡਰਲੀ’ ਅਤੇ ਨੈਸ਼ਨਲ ਪ੍ਰੋਗਰਾਮ ਫਾਰ ਪ੍ਰੀਵੈਂਸ਼ਨ ਆਫ ਕੈਂਸਰ, ਡਾਇਬਟੀਜ਼ ਐਂਡ ਸਟਰੋਕ’ ਦੇ ਅਧੀਨ ਇਸ ਫਿਜ਼ਿਓਥਰੈਪੀ ਯੂਨਿਟ ਦੇ ਸ਼ੁਰੂ ਹੋਣ ਨਾਲ ਵਢੇਰੀ ਉਮਰ ਦੇ ਮਰਦ ਅਤੇ ਔਰਤਾਂ ਨੂੰ ਬਹੁਤ ਲਾਭ ਹੋਵੇਗਾ। ਸਿਵਲ ਸਰਜਨ ਡਾ ਇਕਬਾਲ ਸਿੰਘ ਨੇ ਇਸ ਮੌਕੇ ਦੱਸਿਆ ਕਿ ਫਿਜ਼ਿਓਥਰੈਪੀ ਵਿਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਮੁਫ਼ਤ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਰਵਾਈਕਲ, ਡਿਸਕ, ਪਿੱਠ ਦਰਦ, ਗੋਡਿਆਂ ਮੋਢਿਆਂ ਦਾ ਦਰਦ, ਅਧਰੰਗ ਅਤੇ ਫ੍ਰੈਕਚਰ ਤੋਂ ਬਾਅਦ ਅੰਗ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਮਾਸਪੇਸ਼ੀਆਂ ਦੀ ਕਮਜ਼ੋਰੀ ਆਦਿ ਤਕਲੀਫ਼ਾਂ, ਇਨ੍ਹਾਂ ਆਧੁਨਿਕ ਮਸ਼ੀਨਾਂ ਨਾਲ ਦੂਰ ਹੋ ਸਕਣਗੀਆਂ। ਇਸ ਲਈ ਸ਼ਾਰਟਵੇਵ ਡਾਇਆਥਰਮੀ, ਆਈ. ਐਫ. ਟੀ, ਅਲਟ੍ਰਾਸਾਊਂਡ ਥਰੈਪੀ, ਟੈਨਿਸ ਟ੍ਰੈਕਸ਼ਨ, ਵੈਕਸ ਬਾਥ ਵਾਲੀਆਂ ਮਸ਼ੀਨਾਂ ਸਿਵਲ ਹਸਪਤਾਲ ਦੇ ਫਿਜ਼ਿਓਥਰੈਪੀ ਸੈਂਟਰ ਵਿਚ ਉਪਲਬਧ ਹਨ। ਸਿਵਲ ਸਰਜਨ ਨੇ ਸਭ ਨੂੰ ਅਪੀਲ ਕੀਤੀ ਕਿ ਇਨ੍ਹਾਂ ਆਧੁਨਿਕ ਮਸ਼ੀਨਾਂ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖੋ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸਤਪਾਲ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਘਵੀਰ ਸਿੰਘ ਰੰਧਾਵਾ, ਡੀ. ਐਮ. ਸੀ. ਡਾ. ਵਿਨੋਦ ਗਰਗ, ਡਾ. ਅਸ਼ੋਕ ਮੌਂਗਾ, ਡਾ. ਕੁੰਦਨ ਕੇ. ਪਾਲ, ਡਾ. ਸਤੀਸ਼ ਗੋਇਲ ਸੀਨੀਅਰ ਮੈਡੀਕਲ ਅਫ਼ਸਰ ਅਤੇ ਸਿਵਲ ਹਸਪਤਾਲ ਦੇ ਹੋਰ ਡਾਕਟਰ ਸਾਹਿਬਾਨ ਤੋਂ ਇਲਾਵਾ ਸ੍ਰੀਮਤੀ ਊਸ਼ਾ ਸਿੰਗਲਾ ਅਤੇ ਸ੍ਰੀ ਨਰਿੰਦਰ ਕੁਮਾਰ ਜ਼ਿਲ੍ਹਾ ਬੀ. ਸੀ. ਸੀ. ਫੈਸੀਲੀਟੇਟਰ ਉਥੇ ਮੌਜੂਦ ਸਨ।

Translate »