* ਕੁਲਦੀਪ ਮਾਣਕ ਨੂੰ ਸਪਰਪਿਤ ਹੋਵੇਗਾ ਮੇਲਾ
ਬਠਿੰਡਾ, ੨੨ ਫਰਵਰੀ -ਬਠਿੰਡਾ ਵਿਖੇ 24, 25 ਅਤੇ 26 ਫਰਵਰੀ ਨੂੰ ਲਗਾਇਆ ਜਾ ਰਿਹਾ ਅੱਠਵਾਂ ਵਿਰਾਸਤੀ ਮੇਲਾ ਕਲੀਆਂ ਦੇ ਬਾਦਸ਼ਾਹ ਸਵਰਗੀ ਕੁਲਦੀਪ ਮਾਣਕ ਨੂੰ ਸਮਰਪਿਤ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਅੱਜ ਮੇਲੇ ਸਬੰਧੀ ਹੋਈ ਮੀਟਿੰਗ ਅਤੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਮੀਟਿੰਗ ਵਿਚ ਜ਼ਿਲ੍ਹਾ ਪੁਲਿਸ ਮੁਖੀ ਡਾ. ਸੁਖਚੈਨ ਸਿੰਘ ਗਿੱਲ, ਵੱਖ-ਵੱਖ ਅਧਿਕਾਰੀਆਂ ਤੋਂ ਇਲਾਵਾ ਮਾਲਵਾ ਹੈਰੀਟੇਜ ਫਾਊਂਡੇਸ਼ਨ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮੇਲੇ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ।
ਮਾਲਵਾ ਹੈਰੀਟੇਜ ਫਾਊਂਡੇਸ਼ਨ ਵੱਲੋਂ ਹਰੇਕ ਸਾਲ ਕਰਵਾਏ ਜਾਂਦੇ ਇਸ ਵਿਰਾਸਤੀ ਮੇਲੇ ਦੀ ਸ਼ੁਰੂਆਤ 24 ਫਰਵਰੀ ਨੂੰ ਹੋਵੇਗੀ। ਫਾਊਂਡੇਸ਼ਨ ਦੇ ਚੀਫ ਆਰਗੇਨਾਈਜ਼ਰ ਸ: ਹਰਵਿੰਦਰ ਸਿੰਘ ਖਾਲਸਾ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ 24 ਫਰਵਰੀ ਨੂੰ ਸਵੇਰੇ 10 ਵਜੇ ਗੁਰਦੁਆਰਾ ਹਾਜੀ ਰਤਨ ਤੋਂ ਵਿਰਾਸਤੀ ਜਲੂਸ ਨਿਕਲੇਗਾ ਅਤੇ ਸ਼ਾਮ 4 ਵਜੇ ਵਿਰਾਸਤੀ ਪਿੰਡ ਦਾ ਉਦਘਾਟਨ ਹੋਵੇਗਾ ਅਤੇ 4 ਤੋਂ 6 ਵਜੇ ਤੱਕ ਕਵੀਸ਼ਰੀ ਹੋਵੇਗੀ। ਸ਼ਾਮ 6.30 ਵਜੇ ਕਿਲਾ ਮੁਬਾਰਕ ਤੋਂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਤੱਕ ਜਾਗੋ ਕੱਢੀ ਜਾਵੇਗੀ ਅਤੇ 7 ਵਜੇ ਗਾਇਕੀ ਦਾ ਅਖਾੜਾ ਲੱਗੇਗਾ ਜਿਸ ਵਿਚ ਕਨਵਰ ਮਾਨ, ਰਾਜਾ ਸਿੱਧੂ ਤੇ ਰਾਜਵਿੰਦਰ ਕੌਰ, ਕਿਰਨ ਦੀਪੂ, ਬਿੱਕਾ ਮਨਹਾਰ, ਜੱਸੀ ਗੋਬਿੰਦਪੁਰੀਆ ਅਤੇ ਕਿਰਨਦੀਪ ਦੀਪੂ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ।
25 ਫਰਵਰੀ ਨੂੰ ਮਲਵੱਈ ਗਿਧਾ, ਭੰਗੜਾ ਤੇ ਪੇਂਡੂ ਖੇਡਾਂ ਹੋਣਗੀਆਂ ਅਤੇ ਕਬੱਡੀ ਗੋਲਾ ਸੁੱਟਣ ਅਤੇ ਰੱਸਾਕਸ਼ੀ ਦੇ ਮੁਕਾਬਲੇ ਹੋਣਗੇ। ਸ਼ਾਮ 7 ਵਜੇ ਗਾਇਕੀ ਦੇ ਅਖਾੜੇ ਵਿਚ ਗੁਰਬਿੰਦਰ ਬਰਾੜ, ਜਸਪਾਲ ਜੱਸੀ, ਬਲਵੀਰ ਚੋਟੀਆਂ ਤੇ ਜੈਸਮੀਨ ਚੋਟੀਆਂ ਅਤੇ ਪ੍ਰੇਮ ਸਨੇਹੀ ਆਪਣੀ ਗਾਇਕੀ ਦੇ ਰੰਗ ਵਿਖਾਉਣਗੇ। 26 ਫਰਵਰੀ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਸਵਰਗੀ ਕੁਲਦੀਪ ਮਾਣਕ ਦੇ ਪਰਿਵਾਰ ਦਾ ਸਨਮਾਨ ਹੋਵੇਗਾ ਅਤੇ ਗਾਇਕ ਜੈਜੀ ਬੈਂਸ ਆਪਣੀ ਗਾਇਕੀ ਦੇ ਜੌਹਰ ਵਿਖਾਉਣਗੇ। ਸ਼ਾਮ 7 ਵਜੇ ਗਾਇਕੀ ਦਾ ਅਖਾੜਾ ਲੱਗੇਗਾ ਜਿਸ ਵਿਚ ਜੋਤੀ ਗਿੱਲ, ਵੀਰ ਦਵਿੰਦਰ, ਗੋਰਾ ਚੱਕਵਾਲਾ ਤੇ ਨੀਤੂ ਵਿਰਕ ਆਪਣੀ ਕਲਾ ਦਾ ਮੁਜ਼ਾਹਰਾ ਕਰਨਗੇ।