ਯੁਨਾਈਟਿਡ ਨੇਸ਼ਨ ਆਫਿਸ ਆਨ ਡਰਗ ਐਂਡ ਕਰਾਈਮ ਮੁਤਾਬਕ 2009 ਵਿੱਚ 15 ਤੋਂ 64 ਸਾਲ ਦੀ ਉਮਰ ਵਾਲੇ 14 ਤੋਂ 27 ਕਰੋੜ ਲੋਕਾਂ ਵਲੋਂ ਕਿਸੇ ਨਾ ਕਿਸੇ ਇੱਕ ਨਸ਼ੇ ਦਾ ਸੇਵਨ ਕੀਤਾ
ਅਕੇਸ਼ ਕੁਮਾਰ
akeshbnl0gmail.com
26 ਜੂਨ ਨੂੰ ਨਸ਼ਿਆਂ ਦੇ ਖਿਲਾਫ ਅੰਤਰ ਰਾਸ਼ਟਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਵਿਸ਼ਵ ਵਿਆਪੀ ਪੱਧਰ ਤੇ ਸਾਰੇ ਲੋਕਾਂ ਖਾਸ ਕਰ ਨੌਜਵਾਨਾਂ ਨੂੰ ਨਸ਼ਿਆਂ ਦੇ ਖਤਰੇ ਤੋਂ ਅਗਾਹ ਕੀਤਾ ਜਾ ਸਕੇ। 1956 ਵਿੱਚ ਵਿਸ਼ਵ ਸਿਹਤ ਸੰਗਠਨ ਵਲੋਂ ਨਸ਼ਾ ਕਰਣ ਨੂੰ ਵੀ ਇੱਕ ਬਿਮਾਰੀ ਦਾ ਦਰਜਾ ਦਿੱਤਾ ਗਿਆ ਹੈ ਜਿਸਦਾ ਕਿ ਇਲਾਜ ਸੰਭਵ ਹੈ। ਜੇਕਰ ਵਿਸ਼ਵ ਭਰ ਦੇ ਆਂਕੜੇ ਵੇਖੇ ਜਾਣ ਤਾਂ ਬੜੀ ਭਿਆਨਕ ਤਸਵੀਰ ਸਾਮਣੇ ਆਉਂਦੀ ਹੈ। 500 ਅਰਬ ਡਾਲਰ ਦੀ ਟਰਨਅੋਵਰ ਨਾਲ ਇਹ ਪਟਰੋਲੀਅਮ ਤੇ ਹਥਿਆਰਾਂ ਦੇ ਵਪਾਰ ਤੋਂ ਬਾਦ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਵਪਾਰ ਹੈ। ਵਰਲਡ ਡਰਗ ਰਿਪੋਰਟ ਮੁਤਾਬਕ ਸੰਸਾਰ ਭਰ ਵਿੱਚ 21 ਤੋਂ 27 ਕਰੋੜ ਲੋਕ ਇੱਕ ਜਾਂ ਵੱਧ ਤਰਾਂ ਦੇ ਨਸ਼ੇ ਦਾ ਸੇਵਨ ਕਰਦੇ ਹਨ ਜੋਕਿ 1990 ਵਿੱਚ 18 ਕਰੋੜ ਦੇ ਆਸ ਪਾਸ ਸਨ ਤੇ ਆਏ ਸਾਲ ਤਕਰੀਬਨ 2 ਲੱਖ ਤੋਂ ਵੱਧ ਲੋਕ ਨਸ਼ੇ ਦਾ ਸੇਵਨ ਕਰਨ ਕਾਰਣ ਮਰ ਜਾਂਦੇ ਹਨ ਜਿਹਨਾ ਵਿੱਚੋਂ ਅੱਧੇ ਤਾਂ ਨਸ਼ੇ ਦੀ ਜਿਆਦਾ ਮਾਤਰਾ ਚ ਖੁਰਾਕ ਲੈਣ ਕਾਰਨ ਮਰਦੇ ਹਨ ਤੇ ਇਹਨਾਂ ਵਿੱਚ ਜਿਆਦਾ ਨੌਜਵਾਨ ਹੁੰਦੇ ਹਨ। 1998 ਤੋਂ 2009 ਤੱਕ ਕੋਕੀਨ, ਹੈਰੋਈਨ, ਚਰਸ ਤੇ ਗਾਂਜਾ ਦਾ ਸੇਵਨ ਕਰਣ ਵਾਲਿਆਂ ਵਿੱਚ ਦੁਗਣਾ ਵਾਧਾ ਹੋਇਆ ਹੈ ਜੱਦਕਿ ਏ ਟੀ ਐਸ ਦੀ ਵਰਤੋਂ ਕਰਣ ਵਾਲੇ ਤਿਗਣੇ ਹੋ ਗਏ ਹਨ। ਨਸ਼ੇ ਦੀ ਲੱਤ ਅਤੇ ਇਸ ਦੇ ਗੈਰ ਕਾਨੂੰਨੀ ਵਪਾਰ ਕਾਰਨ ਵਿਸ਼ਵ ਭਰ ਵਿੱਚ ਅਪਰਾਧ ਅਤੇ ਹਿੰਸਾ ਵਿੱਚ ਵੱਡੇ ਪੱਧਰ ਤੇ ਵਾਧਾ ਹੋਇਆ ਹੈ। ਅੱਜ ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀਂ ਹੋਣਾ ਜਿੱਥੇ ਨਸ਼ੇ ਦਾ ਵਪਾਰ ਜਾਂ ਨਸ਼ੇ ਦਾ ਸੇਵਨ ਨਾ ਹੁੰਦਾ ਹੋਵੇ। ਦੁਨੀਆ ਭਰ ਵਿੱਚ ਲੱਖਾਂ ਹੀ ਨਸ਼ੇੜੀ ਜਿੰਦਗੀ ਦੇ ਮੌਤ ਵਿੱਚ ਝੂਲਦੇ ਤਰਸਯੋਗ ਹਾਲਤ ਵਿੱਚ ਜੀ ਰਹੇ ਹਨ। ਭਾਰਤ ਵਿੱਚ ਵੀ ਨਸ਼ਿਆਂ ਦਾ ਸੇਵਨ ਕਰਣ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇੱਕ ਅਨੁਮਾਨ ਮੁਤਾਬਕ ਭਾਰਤ ਵਿੱਚ ਸਾਡੇ ਸੱਤ ਕਰੋੜ ਲੋਕ ਨਸ਼ਿਆਂ ਦੇ ਆਦੀ ਹਨ ਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਯੂ ਐਨ ਦੀ ਰਿਪੋਰਟ ਦੇ ਮੁਤਾਬਕ ਭਾਰਤ ਵਿੱਚ ਹਿਰੋਈਨ ਦਾ ਸੇਵਨ ਕਰਣ ਵਾਲੇ 10 ਲੱਖ ਲੋਕ ਦਰਜ ਕੀਤੇ ਗਏ ਹਨ ਤੇ ਤਕਰੀਬਨ 50 ਲੱਖ ਅਜਿਹੇ ਹੋਣਗੇ ਜਿਹਨਾਂ ਦੀ ਅਧਿਕਾਰਿਤ ਤੋਰ ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਸ਼ੋਕੀਆਂ ਤੋਰ ਤੇ ਨਸ਼ੇ ਦਾ ਸਵਾਦ ਲੈਣ ਦਾ ਚਸਕਾ ਹੌਲੀ ਹੌਲੀ ਆਦਤ ਬਣ ਜਾਂਦਾ ਹੈ ਤੇ ਫਿਰ ਇੱਕ ਮੁਕਾਮ ਅਜਿਹਾ ਆਂਦਾ ਹੈ ਕਿ ਨਸ਼ੇ ਤੋਂ ਬਿਨਾਂ• ਰਹਿਣਾ ਹੀ ਮੁਸ਼ਕਲ ਹੋ ਜਾਂਦਾ ਹੈ। ਇੱਕ ਤੋਂ ਵੱਧ ਤਰਾਂ• ਦੇ ਨਸ਼ੇ ਦਾ ਸੇਵਨ ਜਿੱਥੇ ਜਿਆਦਾ ਮਾੜਾ ਪ੍ਰਭਾਅ ਪਾਉਂਦਾ ਹੈ ਉਥੇ ਇਲਾਜ ਨੂੰ ਵੀ ਜਟਿਲ ਬਣਾ ਦਿੰਦਾ ਹੈ।
ਨਸ਼ਾ ਨੌਜਵਾਨ ਪੀੜੀ ਨੂੰ ਕਿਸੇ ਨੇ ਕਿਸੇ ਰੂਪ ਵਿੱਚ ਆਪਣੇ ਜਾਲ ਵਿੱਚ ਫਸਾਉਂਦਾ ਜਾ ਰਿਹਾ ਹੈ। ਨਸ਼ੇ ਦੀ ਲੱਤ ਨੇ ਕਈ ਘਰਾਂ ਨੂੰ ਖਤਮ ਕਰ ਦਿੱਤਾ ਹੈ ਅਤੇ ਕਈ ਘਰ ਨਸ਼ੇ ਦੇ ਕਾਰਨ ਖਤਮ ਹੋਣ ਦੀ ਕਗਾਰ ਤੇ ਪਹੁੰਚ ਚੁੱਕੇ ਹਨ। ਭਾਰਤ ਵਿੱਚ ਚਰਸ, ਅਫੀਮ, ਗਾਂਜਾ, ਭਾਂਗ, ਮੈਡੀਕਲ ਨਸ਼ਾ ਆਦਿ ਦੀ ਨਸ਼ੇ ਦੇ ਤੌਰ ਤੇ ਵਰਤੌਂ ਕੀਤੀ ਜਾਂਦੀ ਹੈ। ਪੰਜਾਬ ਦੀ ਨੌਜਵਾਨ ਪੀੜੀ ਨੂੰ ਤਾਂ ਮੈਡੀਕਲ ਨਸ਼ੇ ਨੇ ਆਪਣੀ ਜਕੜ ਵਿੱਚ ਜਕੜ ਲਿਆ ਹੈ। ਇਹ ਮੈਡੀਕਲ ਨਸ਼ਾ ਦੁਸਰੇ ਨਸ਼ਿਆਂ ਨਾਲੋ ਸਸਤਾ ਹੋਣ ਕਰਕੇ ਅਤੇ ਹਰ ਜਗਹਾ ਅਸਾਨੀ ਨਾਲ ਮਿਲਣ ਕਰਕੇ ਨਸ਼ੇੜੀ ਇਸ ਨਸ਼ੇ ਨੂੰ ਜ਼ਿਆਦਾ ਤਰਜੀਹ ਦੇਣ ਲੱਗ ਪਏ ਹਨ। ਕਈ ਤਰਾਂ• ਦੀਆਂ ਨੀਂਦ ਦੀਆਂ ਦਵਾਈਆਂ ਜਾਂ ਖਾਂਸੀ ਦੇ ਸਿਰਪ ਨਸ਼ੇੜੀਆਂ ਵਲੋਂ ਨਸ਼ਾ ਕਰਣ ਲਈ ਵਰਤੇ ਜਾਂਦੇ ਹਨ। ਇਸ ਨਸ਼ੇ ਕਾਰਨ ਕਰਾਈਮ ਵਿੱਚ ਵੀ ਵਾਧਾ ਹੋਇਆ ਹੈ। ਮੈਡੀਕਲ ਨਸ਼ਾ ਵੇਚਨ ਵਾਲਿਆਂ ਨੂੰ ਇਹ ਨਸ਼ਾ ਵੇਚਨ ਵਿੱਚ ਭਾਰੀ ਕਮਾਈ ਹੈ। ਕਈ ਰਾਜਾਂ ਵਿੱਚ ਦਰਦਨਿਵਾਰਕ ਦਵਾਈਆਂ ਦੇ ਇਨਜੈਕਸ਼ਨ ਵੀ ਵਰਤੇ ਜਾਂਦੇ ਹਨ ਕਿਉਂਕਿ ਇੱਕ ਤਾਂ ਇਹ ਅਸਾਨੀ ਨਾਲ ਮਿਲ ਜਾਂਦੇ ਹਨ ਤੇ ਦੂਜਾ ਇਹਨਾਂ ਦਾ ਮੁੱਲ ਹੈਰੋਈਨ ਤੋਂ ਦੱਸ ਗੁਣਾ ਘੱਟ ਹੁੰਦਾ ਹੈ। ਪਰ ਪਿਛਲੇ ਕੁੱਝ ਸਮੇਂ ਤੋਂ ਹੈਰੋਈਨ ਦੀ ਵਰਤੋਂ ਵਿੱਚ ਵਾਧਾ ਹੋਇਆ ਹੈ। ਵਰਲਡ ਡਰਗ ਰਿਪੋਰਟ ਮੁਤਾਬਕ ਇਨਜੈਕਸ਼ਨ ਦੇ ਰਾਹੀਂ ਨਸ਼ਾ ਲੈਣ ਵਾਲਿਆਂ ਵਿੱਚ ਏਡਸ ਦਾ ਖਤਰਾ ਵੀ ਵੱਧ ਜਾਂਦਾ ਹੈ। ਇਨਜੈਕਸ਼ਨ ਰਾਹੀਂ ਨਸ਼ਾ ਕਰਣ ਵਾਲੇ 28 ਲੱਖ ਲੋਕ ਏਡਸ ਦੀ ਬਿਮਾਰੀ ਤੋਂ ਪੀੜਿਤ ਪਾਏ ਗਏ ਯਾਨੀ ਇਨਜੈਕਸ਼ਨ ਲੈਣ ਵਾਲੇ ਹਰ 5 ਚੋਂ ਇੱਕ ਨਸ਼ੇੜੀ ਨੂੰ ਏਡਸ ਹੈ। ਇਸੇ ਤਰਾਂ• ਇਨਜੈਕਸ਼ਨ ਰਾਹੀਂ ਡਰਗ ਲੈਣ ਵਾਲਿਆ ਚੋਂ 80 ਲੱਖ ਤੱਕ ਹੈਪਾਟਾਈਟਸ ਸੀ ਦੇ ਸ਼ਿਕਾਰ ਹੋ ਜਾਂਦੇ ਹਨ ਜੋਕਿ ਜਿਗਰ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਹੈ ਤੇ 35 ਲੱਖ ਨਸ਼ੇੜੀ ਹੈਪਾਟਾਈਟਸ ਬੀ ਦੇ ਸ਼ਿਕਾਰ ਹੋ ਜਾਂਦੇ ਹਨ। ਭਾਰਤ ਵਿੱਚ ਵੀ ਇਨਜੈਕਸ਼ਨ ਰਾਹੀਂ ਨਸ਼ਾ ਕਰਣ ਵਾਲਿਆਂ ਦੀ ਗਿਣਤੀ 2006 ਵਿੱਚ ਡੇੜ ਲੱਖ ਤੋਂ ਵੀ ਵੱਧ ਸੀ ਜਿਹਨਾਂ ਚੋਂ 50,000 ਦੇ ਕਰੀਬ ਏਡਸ ਦਾ ਸ਼ਿਕਾਰ ਸਨ।
ਨਸ਼ੇ ਦੇ ਫੈਲਦੇ ਵਪਾਰ ਦਾ ਅੰਦਾਜਾ ਵਰਲਡ ਡਰਗ ਰਿਪੋਰਟ ਤੋਂ ਅਰਾਮ ਨਾਲ ਲਗਾਇਆ ਜਾ ਸਕਦਾ ਹੈ ਜਿਸ ਮੁਤਾਬਕ 1998 ਤੋਂ 2009 ਵਿੱਚ ਅਫੀਮ ਦੇ ਉਤਪਾਦਨ ਵਿੱਚ 80 ਫਿਸਦੀ ਦਾ ਵਾਧਾ ਹੋਇਆ ਹੈ ਤੇ ਅਫਗਾਨਿਸਤਾਨ ਅਫੀਮ ਦੀ ਖੇਤੀ ਦਾ ਗੜ ਹੈ। 2010 ਵਿੱਚ ਤਕਰੀਬਨ 1 ਲੱਖ 96 ਹਜਾਰ ਹੈਕਟਰ ਅਫੀਮ ਦੀ ਖੇਤੀ ਹੋਈ ਜਿਸ ਵਿੱਚੋਂ ਇੱਕਲੇ ਅਫਗਾਨਿਸਤਾਨ ਵਿੱਚ ਹੀ 1 ਲੱਖ 23 ਹਜਾਰ ਹੈਕਟਰ ਦੇ ਕਰੀਬ ਅਫੀਮ ਦੀ ਖੇਤੀ ਕੀਤੀ ਗਈ। ਇਸ ਤੋਂ ਇਲਾਵਾ ਮਿਆਮਾਰ ਵਿੱਚ ਵੀ ਅਫੀਮ ਦੀ ਖੇਤੀ ਵਿੱਚ 20 ਫਿਸਦੀ ਦਾ ਵਾਧਾ ਹੋਇਆ ਹੈ। ਇਸੇ ਤਰਾਂ ਹੈਰੋਈਨ ਦੇ ਉਤਪਾਦਨ ਤੇ ਸਪਲਾਈ ਵਿੱਚ ਵੀ ਅਫਗਾਨਿਸਤਾਨ ਹੀ ਸਭ ਤੋਂ ਅੱਗੇ ਹੈ ਜਿੱਥੇ ਕਿ ਕੁੱਲ ਉਤਪਾਦਨ ਦਾ 83 ਫਿਸਦੀ ਹੁੰਦਾ ਹੈ ਤੇ ਇਸ ਵਿੱਚੋਂ ਜਿਆਦਾ ਮਾਤਰਾ ਦੀ ਸਪਲਾਈ ਵਿਸ਼ਵ ਭਰ ਵਿੱਚ ਪਾਕਿਸਤਾਨ ਰਸਤੇ ਕੀਤੀ ਜਾਂਦੀ ਹੈ। ਚਰਸ, ਗਾਂਜਾ ਤੇ ਭਾਂਗ ਦੀ ਖੇਤੀ ਤਾਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਅਰਾਮ ਨਾਲ ਕੀਤੀ ਜਾਂਦੀ ਹੈ। 2010 ਵਿੱਚ ਇਸੇ ਤਰਾਂ• ਕੋਕੀਨ ਦੇ ਬਜਾਰ ਵਿੱਚ ਵੀ ਵਾਧਾ ਹੋਇਆ ਹੈ। ਇੱਕ ਦਸ਼ਕ ਪਹਿਲਾਂ ਉਤਰੀ ਅਮਰੀਕਾ ਦਾ ਕੋਕੀਨ ਦਾ ਬਜਾਰ ਯੂਰੋਪ ਤੋਂ ਚਾਰ ਗੁਣਾ ਵੱਡਾ ਸੀ ਪਰ ਹੁਣ ਯੂਰੋਪ ਦੇ ਕੋਕੀਨ ਬਜਾਰ ਨੇ 33 ਅਰਬ ਡਾਲਰ ਨਾਲ ਉਤਰੀ ਅਮਰੀਕਾ ਦੇ ਕੋਕੀਨ ਬਜਾਰ 37 ਅਰਬ ਡਾਲਰ ਦੀ ਲਗਪਗ ਬਰਾਬਰੀ ਕਰ ਲਈ ਹੈ। ਇਸਤੋਂ ਇਲਾਵਾ ਦੱਖਣੀ ਅਮਰੀਕਾ ਵਿੱਚ ਕੋਕੀਨ ਤੇ ਅਫਰੀਕਾ ਵਿੱਚ ਹੈਰੋਇਨ ਦੇ ਸੇਵਨ ਵਿੱਚ ਵਾਧਾ ਹੋਇਆ ਹੈ। ਯੁਨਾਈਟਿਡ ਨੇਸ਼ਨ ਆਫਿਸ ਆਨ ਡਰਗ ਐਂਡ ਕਰਾਈਮ ਮੁਤਾਬਕ 2009 ਵਿੱਚ 15 ਤੋਂ 64 ਸਾਲ ਦੀ ਉਮਰ ਵਾਲੇ 14 ਤੋਂ 27 ਕਰੋੜ ਲੋਕਾਂ ਵਲੋਂ ਕਿਸੇ ਨਾ ਕਿਸੇ ਇੱਕ ਨਸ਼ੇ ਦਾ ਸੇਵਨ ਕੀਤਾ ਗਿਆ ਹੈ। ਚਰਸ, ਭਾਂਗ ਤੇ ਗਾਂਜਾ ਸਭ ਤੋਂ ਵੱਧ ਵਰਤੇ ਜਾਣ ਵਾਲੇ ਨਸ਼ੇ ਹਨ। ਇਹਨਾਂ ਦਾ ਸੇਵਨ ਕਰਣ ਵਾਲਿਆਂ ਦੀ ਗਿਣਤੀ 12 ਤੋਂ 20 ਕਰੋੜ ਤੱਕ ਹੋ ਸਕਦੀ ਹੈ। ਇਸਤੋਂ ਬਾਦ ਅਫੀਮ, ਹੈਰੋਈਨ ਤੇ ਕੋਕੀਨ ਦਾ ਨੰਬਰ ਆਉਂਦਾ ਹੈ। ਇਸਤੋਂ ਇਲਾਵਾ ਕਈ ਡਾਕਟਰੀ ਇਸਤਮਾਲ ਲਈ ਵਰਤੀਆਂ ਜਾਂਦੀਆਂ ਦਵਾਈਆਂ ਵੀ ਹੁਣ ਨਸ਼ੇੜੀਆਂ ਵਲੋਂ ਵਰਤੀਆਂ ਜਾਂਦੀਆਂ ਹਨ। ਭਾਵੇਂ ਇਹਨਾਂ ਦਵਾਈਆਂ ਦੀ ਡਾਕਟਰੀ ਤਜਵੀਜ਼ ਤੋਂ ਬਿਨਾਂ• ਵਿਕਰੀ ਦੀ ਮਨਾਹੀ ਹੈ ਪਰ ਫਿਰ ਵੀ ਚੋਰੀ ਛਿਪੇ ਭਾਰੀ ਮਾਤਰਾ ਵਿੱਚ ਇਹਨਾਂ ਦੀ ਵਿਕਰੀ ਹੁੰਦੀ ਹੈ ਤੇ ਸੇਵਨ ਵੀ ਧੜਲੇ ਨਾਲ ਕੀਤਾ ਜਾਂਦਾ ਹੈ। ਭਾਰਤ ਨਸ਼ੇ ਦੀਆਂ ਦਵਾਈਆਂ ਬਣਾਉਣ ਵਾਲੇ ਰਸਾਇਨ ਤਿਆਰ ਕਰਣ ਵਾਲੇ ਮੁੱਖ ਦੇਸ਼ਾਂ ਵਿੱਚੋਂ ਇੱਕ ਹੈ ਤੇ ਚਰਸ, ਗਾਂਜਾ ਤੇ ਭਾਂਗ ਦੀ ਖੇਤੀ ਤੇ ਸਪਲਾਈ ਇਥੇ ਬੜੇ ਹੀ ਸਸਤੇ ਮੁੱਲ ਤੇ ਹੁੰਦੀ ਹੈ।
ਨਸ਼ਾ ਇੱਕ ਸਮਾਜਿਕ ਸਮਸਿਆ ਬਣ ਚੁੱਕਾ ਹੈ ਤੇ ਇਸ ਸਮਸਿਆ ਨੇ ਸਭ ਦਾ ਧਿਆਨ ਖਿਚਿਆ ਹੈ। ਨਸ਼ੇ ਦੀ ਲੱਤ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂਕਿ ਜੇ ਘਰ ਵਿੱਚ ਕੋਈ ਵੱਡਾ ਨਸ਼ਾ ਕਰਦਾ ਹੋਵੇ ਤਾਂ ਛੋਟਿਆਂ ਦਾ ਵੀ ਇਸ ਵੱਲ ਰੁਝਾਨ ਹੋ ਜਾਂਦਾ ਹੈ। ਅਸਥਿਰ ਬਚਪਨ, ਘਰਾਂ ਦੇ ਕਲੇਸ਼, ਮਾਂ ਪਿਆਂ ਦੀ ਅਣਗਹਿਲੀ, ਆਤਮ ਵਿਸ਼ਵਾਸ ਦੀ ਕਮੀ, ਦੋਸਤਾਂ ਦਾ ਦਬਾਅ, ਜਿੰਦਗੀ ਦੀਆਂ ਕਠੋਰ ਸਚਾਈਆਂ ਦਾ ਸਾਮਨਾ ਕਰਨ ਵਿੱਚ ਨਾਕਾਮੀ, ਨਸ਼ੇ ਦਾ ਅਸਾਨੀ ਨਾਲ ਮਿਲ ਜਾਨਾ ਆਦਿ ਕਈ ਕਾਰਨ ਨਸ਼ੇ ਵੱਲ ਧਕੇਲਦੇ ਹਨ। ਨਸ਼ਾ ਨਾ ਸਿਰਫ ਸ਼ਰੀਰਕ ਨੁਕਸਾਨ ਕਰਨਾ ਹੈ ਪਰ ਮਾਨਸਿਕ ਤੋਰ ਤੇ ਵੀ ਮਨੁੱਖ ਕਮਜੋਰ ਹੋ ਜਾਂਦਾ ਹੈ। ਸਮਾਜਿਕ ਪੱਧਰ ਤੇ ਵੀ ਨਸ਼ਾ ਕਰਨ ਵਾਲੇ ਨੂੰ ਇੱਜਤ ਦੀਆਂ ਨਜਰਾਂ ਨਾਲ ਨਹੀਂ ਵੇਖਿਆ ਜਾਂਦਾ ਤੇ ਆਰਥਿਕ ਪੱਧਰ ਤੇ ਵੀ ਨਸ਼ਾ ਕਰਨ ਵਾਲੇ ਨੂੰ ਭਾਰੀ ਨੁਕਸਾਨ ਹੁੰਦਾ ਹੈ। ਨਸ਼ਾ ਕਰਨ ਵਾਲੇ ਜਿਆਦਾਤਰ 18 ਤੋਂ 35 ਸਾਲ ਦੀ ਉਮਰ ਦੇ ਨੌਜਵਾਨ ਹੁੰਦੇ ਹਨ ਜੋਕਿ ਕਿਸੇ ਵੀ ਦੇਸ਼ ਦੀ ਉਦਪਾਦਕਤਾ ਵਿੱਚ ਮੁੱਖ ਹਿੱਸਾ ਪਾਉਂਦੇ ਹਨ ਪਰ ਇਹਨਾਂ ਨੌਜਵਾਨਾਂ ਦੇ ਹੀ ਨਸ਼ੇ ਦੀ ਗਰਤ ਵਿੱਚ ਫੱਸਣ ਨਾਲ ਘਰ, ਸਮਾਜ ਤੇ ਦੇਸ਼ ਦਾ ਭਵਿੱਖ ਵੀ ਖਤਰੇ ਵਿੱਚ ਪੈ ਜਾਂਦਾ ਹੈ। ਇੱਕ ਅਨੁਮਾਨ ਮੁਤਾਬਕ ਭਾਰਤ ਵਿੱਚ ਸਕੂਲ ਪਾਸ ਕਰਦਿਆਂ ਤੱਕ 50 ਫਿਸਦੀ ਮੁੰਡੇ ਕਿਸੇ ਨਾ ਕਿਸੇ ਨਸ਼ੇ ਦਾ ਸਵਾਦ ਲੈ ਚੁੱਕੇ ਹੁੰਦੇ ਹਨ। ਭਾਰਤ ਦੇ ਵੱਖ ਰਾਜਾਂ ਵਿੱਚ ਇਹ ਦਰ ਵੀ ਵਖਰੀ ਹੈ ਜਿਵੇਂ ਕਿ ਪੱਛਮੀ ਬੰਗਾਲ ਤੇ ਆਂਧ੍ਰ ਪ੍ਰਦੇਸ਼ ਵਿੱਚ 60 ਫਿਸਦੀ ਤੇ ਉੱਤਰ ਪ੍ਰਦੇਸ਼ ਅਤੇ ਹਰਿਆਨਾ ਵਿੱਚ 35 ਫਿਸਦੀ।
ਇੱਕ ਵਾਰ ਨਸ਼ੇ ਦਾ ਆਦੀ ਹੋ ਜਾਣ ਤੋਂ ਬਾਦ ਉਸ ਮਨੁੱਖ ਦਾ ਨਸ਼ੇ ਤੋਂ ਬਿਨਾਂ• ਰਹਿਣਾ ਔਖਾ ਹੋ ਜਾਂਦਾ ਹੈ। ਨਸ਼ੇ ਕਰਣ ਵਾਲੇ ਦੇ ਭਾਰ ਵਿੱਚ ਕਮੀ ਆ ਜਾਂਦੀ ਹੈ। ਅੱਖਾਂ ਦੀਆਂ ਪੁਤਲੀਆਂ ਫੈਲ ਜਾਂਦੀਆਂ ਹਨ, ਅੱਖਾਂ ਲਾਲ ਰਹਿੰਦੀਆਂ ਹਨ, ਨਜਰ ਘੱਟ ਜਾਂਦੀ ਹੈ, ਨੀਂਦ ਜਿਆਦਾ ਆਉਂਦੀ ਹੈ ਤੇ ਬਹੋਸ਼ੀ ਜਿਹੀ ਛਾਈ ਰਹਿੰਦੀ ਹੈ। ਇਨਜੈਕਸ਼ਨ ਨਾਲ ਨਸ਼ਾ ਲੈਣ ਵਾਲਿਆਂ ਦੇ ਜਿਸਮ ਤੇ ਸੁਈਆਂ ਦੇ ਨਿਸ਼ਾਨ ਸਾਫ ਦੇਖੇ ਜਾ ਸਕਦੇ ਹਨ। ਨਸ਼ਾ ਨਾ ਸਿਰਫ ਮਨੁੱਖ ਦੀ ਸ਼ਰੀਰਕ ਦਿਖ ਤੇ ਅਸਰ ਪਾਉਂਦਾ ਹੈ ਸਗੋਂ ਉਸਦੀ ਸੋਚਨ ਸਮਝਨ ਦੀ ਤਾਕਤ ਵੀ ਖਤਮ ਕਰ ਦਿੰਦਾ ਹੈ।
ਨਸ਼ਾ ਵੀ ਇੱਕ ਬਿਮਾਰੀ ਹੈ ਜਿਸਦਾ ਕਿ ਹੋਰ ਬਿਮਾਰੀਆਂ ਵਾਂਗ ਇਲਾਜ ਸੰਭਵ ਹੈ। ਇਲਾਜ ਦੇ ਲੰਬਾ ਹੋਣ ਕਾਰਨ ਜਰੂਰਤ ਹੈ ਮਰੀਜ ਨੂੰ ਪੁਰਾ ਧਿਆਨ ਤੇ ਪਿਆਰ ਦੇਣ ਦੀ ਤੇ ਨਾਲ ਹੀ ਮਰੀਜ ਵਿੱਚ ਵੀ ਨਸ਼ਾ ਛੱਡਣ ਦੀ ਡੁੰਗੀ ਇੱਛਾ ਹੋਣਾ ਜਰੂਰੀ ਹੈ। ਪਰਿਵਾਰ ਤੇ ਮਿਤਰਾਂ ਦਾ ਸਹਿਯੋਗ ਬਹੁਤ ਮਦਦ ਕਰਦਾ ਹੈ। ਹੋਂਸਲਾ ਅਫਜਾਈ ਤੇ ਸਭਰ ਨਾਲ ਇਹ ਮਰੀਜ ਠੀਕ ਹੋ ਸਕਦੇ ਹਨ ਪਰ ਜੇਕਰ ਸਹੀ ਇਲਾਜ ਕਰਵਾਇਆ ਜਾਵੇ। ਇੱਕ ਵਾਰ ਨਸ਼ਾ ਛੱਡ ਦੇਣ ਤੇ ਇਹ ਦੁਬਾਰਾ ਫਿਰ ਖਿਚਦਾ ਹੈ ਜਿਸਤੋਂ ਕਿ ਮਜਬੂਤ ਇੱਛਾ ਸ਼ਕਤੀ ਨਾਲ ਹੀ ਬਚਿਆ ਜਾ ਸਕਦਾ ਹੈ ਨਾਲ ਹੀ ਇਹ ਵੀ ਜਰੂਰੀ ਹੈ ਕਿ ਮਰੀਜ ਨੂੰ ਨਸ਼ਾ ਸਪਲਾਈ ਕਰਨ ਵਾਲੇ ਜਰੀਏ ਵੀ ਬੰਦ ਕੀਤੇ ਜਾਣ ਕਿਉਂਕਿ ਇਹ ਅਕਸਰ ਵੇਖਿਆ ਜਾਂਦਾ ਹੈ ਕਿ ਇਲਾਜ ਦੌਰਾਨ ਦੁਬਾਰਾ ਨਸ਼ਾ ਮਿਲਣ ਤੇ ਮਰੀਜ ਫਿਰ ਨਸ਼ੇ ਵੱਲ ਤੁਰ ਪੈਂਦਾ ਹੈ।
ਸਰਕਾਰ ਵੱਲੋਂ ਕਈ ਨਸ਼ੀਲੀਆ ਦਵਾਈਆਂ ਦੇ ਪਾਬੰਦੀ ਦੇ ਬਾਵਜੂਦ ਵੀ ਨਸ਼ੇ ਵੇਚਨ ਵਾਲੇ ਇਹਨਾਂ ਨੂੰ ਨਸ਼ੇੜੀਆਂ ਤੱਕ ਅਰਾਮ ਨਾਲ ਪਹੁੰਚਾ ਦਿੰਦੇ ਹਨ ਅਤੇ ਜੇ ਨਸ਼ੇ ਵੇਚਨ ਵਾਲੇ ਫੜੇ ਵੀ ਜਾਣ ਤਾਂ ਉਸ ਫਿਰ ਇਸ ਧੰਦੇ ਨੂੰ ਛੱਡਣ ਦੀ ਬਜਾਏ ਇਸ ਨੂੰ ਹੀ ਤਰਜੀਹ ਦਿੰਦੇ ਹਨ। ਸਰਕਾਰ ਵੱਲੋਂ ਨਸ਼ੇ ਨੂੰ ਰੋਕਨ ਲਈ ਬੇਸ਼ਕ ਤੰਤਰ ਗਠਿਤ ਕੀਤਾ ਹੋਇਆ ਹੈ ਪਰ ਫਿਰ ਵੀ ਨਸ਼ੇ ਵੇਚਨ ਵਾਲਿਆਂ ਅਤੇ ਖਰੀਦਣ ਵਾਲਿਆਂ ਦੀ ਕੜੀ ਨੂੰ ਤੋੜਨ ਵਿੱਚ ਇਹ ਤੰਤਰ ਪੂਰੀ ਤਰ•ਾ ਕਾਮਯਾਬ ਨਹੀ ਹੋ ਪਾ ਰਿਹਾ ਹੈ।