ਜਲੰਧਰ, 23 ਫਰਵਰੀ, 2012 : ਸਰਹੱਦ ਉਤੇ ਤੈਨਾਤ ਸੁਚੇਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿਸਤਾਨ ਸਮਗਲਰਾਂ ਵੱਲੋਂ ਘੁਸਪੈਠ ਦੇ ਯਤਨ ਨੂੰ ਨਾਕਾਮ ਬਣਾ ਦਿੱਤਾ ਹੈ। ਬੀਤੀ ਰਾਤ ਫਿਰੋਜ਼ਪੁਰ ਸੈਕਟਰ ਵਿੱਚ ਸਰਹੱਦ ਨੇੜੇ ਹਲਚਲ ਨੂੰ ਦੇਖਦਿਆਂ ਸੀਮਾ ਸੁਰੱਖਿਆ ਬਲ ਵੱਲੋਂ ਜਦ ਸਮਗਲਰਾਂ ਨੂੰ ਲਲਕਾਰਿਆ ਗਿਆ ਤਾਂ ਉਨਾਂ• ਨੇ ਫਾਇਰਿੰਗ ਸੁਰੂ ਕਰ ਦਿੱਤੀ। ਸਵੈ ਰੱਖਿਆ ਵਿੱਚ ਬੀ.ਐਸ.ਐਫ. ਵੱਲੋਂ ਵੀ ਫਾਇਰਿੰਗ ਕੀਤੀ ਗਈ ਜਿਸ ਨਾਲ ਇੱਕ ਸਮਗਲਰ ਜਖ਼ਮੀ ਹੋ ਗਿਆ ਤੇ ਬਾਅਦ ਵਿੱਚ ਦਮ ਤੋੜ ਗਿਆ, ਬਾਕੀ ਸਮਗਲਰ ਹਨੇਰੇ ਦਾ ਫਾਇਦਾ ਉਠਾ ਕੇ ਪਾਕਿਸਤਾਨ ਵੱਲ ਦੌੜ ਗਏ। ਇਸ ਥਾਂ ਉਤੇ ਤਲਾਸ਼ੀ ਦੌਰਾਨ ਇੱਕ ਪਲਾਸਟਿਕ ਦਾ ਪਾਇਪ ਕੰਡਿਆਲੀ ਤਾਰ ਵਿੱਚ ਫਸਿਆ ਹੋਇਆ ਪਾਇਆ ਗਿਆ ਜਿਸ ਵਿੱਚ 13 ਪੈਕਟ ਇੱਕ ਕਿਲੋ ਵਜ਼ਨ ਦੇ ਹੀਰੋਇਨ ਦੇ ਤੇ ਇਕ ਪੈਕੇਟ ਅਫੀਮ ਦਾ, ਪੰਜ ਲੱਖ ਰੁਪਏ ਮੁੱਲ ਦੀ ਭਾਰਤੀ ਨਕਲੀ ਨੋਟਾਂ ਦੀ ਕਰੰਸੀ ਬਰਾਮਦ ਕੀਤੀ ਗਈ। ਇਸ ਥਾਂ ਉਪਰ ਇੱਕ ਪਾਕਿਸਤਾਨੀ ਸਮਗਲਰ ਦੀ ਲਾਸ਼ ਵੀ ਮਿਲੀ ਜਿਸ ਕੋਲੋਂ ਇੱਕ ਪਸਤੌਲ ਤੇ ਦੋ ਮੈਗਜ਼ੀਨ ਵੀ ਪ੍ਰਾਪਤ ਕੀਤੇ ਗਏ। ਬੀ.ਐਸ.ਐਫ.ਦੇ ਇੰਸਪੈਕਟਰ ਜਨਰਲ ਸ਼੍ਰੀ ਅਦਿੱਤਿਆ ਮਿਸ਼ਰਾ ਨੇ ਸਰਹੱਦ ਉਤੇ ਸੁਚੇਤ ਰਹਿਣ ਦੀ ਸੀਮਾ ਸੁਰੱਖਿਆ ਬਲ ਨੂੰ ਹਦਾਇਤ ਦਿੱਤੀ ਹੋਈ ਹੈ।