February 23, 2012 admin

ਮੈਗਸੀਪਾ ਵੱਲੋਂ ਕਰਮਚਾਰੀਆਂ ਦੀ ਪ੍ਰਭਾਵਸ਼ੀਲਤਾ ਵਧਾਉਣ ਵਿਸ਼ੇ ‘ਤੇ ਤਿੰਨ ਦਿਨਾ ਟ੍ਰੇਨਿੰਗ ਪ੍ਰੋਗਰਾਮ

ਬਠਿੰਡਾ,  ੨੩ ਫਰਵਰੀ -ਸਥਾਨਕ ਸਰਕਟ ਹਾਊਸ ਵਿਖੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ (ਮੈਗਸੀਪਾ) ਦੇ ਜ਼ਿਲ੍ਹਾ ਕੇਂਦਰ ਬਠਿੰਡਾ ਵੱਲੋਂ ‘ਇਨਹਾਂਸਿੰਗ ਪਰਸੋਨਲ ਇਫੈਕਟਿਵਨੈਸ’ (ਕਰਮਚਾਰੀਆਂ ਦੀ ਪ੍ਰਭਾਵਸ਼ੀਲਤਾ ਵਧਾਉਣ) ਵਿਸ਼ੇ ਉਪਰ ਤਿੰਨ ਦਿਨਾ ਟ੍ਰੇਨਿੰਗ ਪ੍ਰੋਗਰਾਮ ਮਿਤੀ 21, 22 ਅਤੇ 23 ਫਰਵਰੀ ਨੂੰ ਕਰਵਾਇਆ ਗਿਆ। ਭਾਰਤ ਸਰਕਾਰ ਦੇ ਪਰਸੋਨਲ ਟ੍ਰੇਨਿੰਗ ਵਿਭਾਗ ਵੱਲੋਂ ਸਪਾਂਸਰਡ ਇਸ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਮੈਗਸੀਪਾ ਦੇ ਜ਼ਿਲ੍ਹਾ ਪ੍ਰੋਜੈਕਟ ਕੋਆਰਡੀਨੇਟਰ ਸ੍ਰੀ ਮਨਦੀਪ ਸਿੰਘ ਨੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਇਸ ਤਿੰਨ ਦਿਨਾ ਟ੍ਰੇਨਿੰਗ ਪ੍ਰੋਗਰਾਮ ਵਿਚ ਵਿਚਾਰੇ ਜਾਣ ਵਾਲੇ ਵਿਸ਼ਿਆਂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਟ੍ਰੇਨਿੰਗ, ਖੋਜ ਅਤੇ ਚੰਗੇ ਸ਼ਾਸਨ ਪ੍ਰਬੰਧ ਨੂੰ ਸਮਰਪਿਤ ਇਸ ਸੰਸਥਾ ਦਾ ਹਮੇਸ਼ਾ ਇਹੀ ਉਪਰਾਲਾ ਰਹਿੰਦਾ ਹੈ ਕਿ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਗਿਆਨ ਵਿਚ ਹੋਰ ਵਾਧਾ ਕੀਤਾ ਜਾਵੇ ਤਾਂ ਜੋ ਡਿਊਟੀ ਨਿਭਾਉਂਦੇ ਸਮੇਂ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਘਟਾਇਆ ਜਾ ਸਕੇ।
         ਪ੍ਰੋਗਰਾਮ ਦੇ ਪਹਿਲੇ ਦਿਨ ਵਿੱਤੀ ਪ੍ਰਬੰਧਾਂ ਦੇ ਮਾਹਿਰ ਮਾਨਸਾ ਤੋਂ ਪਹੁੰਚੇ ਸੈਕਸ਼ਨ ਅਫ਼ਸਰ ਸ੍ਰੀ ਅਸ਼ਵਨੀ ਕੁਮਾਰ ਨੇ ਜਨਰਲ ਪ੍ਰਾਵੀਡੈਂਟ ਫੰਡ, ਗਰੁੱਪ ਇੰਸ਼ੋਰੈਂਸ ਸਕੀਮ, ਛੁੱਟੀ ਦੇ ਨਿਯਮ ਅਤੇ ਪੇਅ ਫਿਕਸੇਸ਼ਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਦੂਸਰੇ ਦਿਨ ਦੀ ਸ਼ੁਰੂਆਤ ਡਾ. ਹਰੀਸ਼ ਸ਼ਰਮਾ ਐਸੋਸੀਏਟ ਪ੍ਰੋਫੈਸਰ ਐਸ. ਬੀ. ਐਸ. ਕਾਲਜ ਕੋਟਕਪੂਰਾ ਨੇ ਕਰਮਚਾਰੀ ਪ੍ਰੇਰਣਾ ਵਿਸ਼ੇ ਨਾਲ ਕਰਦਿਆਂ ਕਰਮਚਾਰੀਆਂ ਲਈ ਹਾਂ ਪੱਖੀ ਪ੍ਰੇਰਣਾ ਬਾਰੇ ਵਿਸਥਾਰ ਨਾਲ ਦੱਸਿਆ। ਇਸ ਤੋਂ ਬਾਅਦ ਮੈਗਸੀਪਾ ਚੰਡੀਗੜ੍ਹ ਤੋਂ ਐਸੋਸੀਏਟ ਫੈਲੋ ਸ੍ਰੀ ਗਗਨਦੀਪ ਸ਼ਰਮਾ ਨੇ ਪ੍ਰਭਾਵਸ਼ਾਲੀ ਸੰਚਾਰ ਬਾਰੇ ਦੱਸਦਿਆਂ ਕਿਹਾ ਕਿ ਇਕ ਚੰਗੀ ਸੰਚਾਰ ਪ੍ਰਣਾਲੀ ਕਿਸੇ ਵੀ ਸੰਸਥਾ ਵਿਚ ਉਹ ਭੂਮਿਕਾ ਅਦਾ ਕਰਦੀ ਹੈ ਜਿਵੇਂ ਕਿ ਮਨੁੱਖੀ ਸਰੀਰ ਵਿਚ ਲਹੂ ਪ੍ਰਣਾਲੀ ਦੀ ਭੂਮਿਕਾ ਹੁੰਦੀ ਹੈ।
         ਪ੍ਰੋਗਰਾਮ ਦੇ ਤੀਸਰੇ ਦਿਨ ਦੀ ਸ਼ੁਰੂਆਤ ਸ੍ਰੀ ਗਗਨਦੀਪ ਸ਼ਰਮਾ ਨੇ ਸੰਗਠਨ ਵਿਚ ਚੰਗੀ ਟੀਮ ਬਿਲਡਿੰਗ ਦੇ ਨੁਕਤੇ ਸਾਂਝੇ ਕਰਦਿਆਂ ਕੀਤੀ ਕਿ ਕਿਸ ਤਰ੍ਹਾਂ ਅਸੀਂ ਇਕ ਟੀਮ ਬਣਾ ਕੇ ਸੰਗਠਨ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਸਕਦੇ ਹਾਂ। ਇਸ ਤੋਂ ਇਲਾਵਾ ਉਨ੍ਹਾਂ ਨੇ ਕੰਮ ਦੌਰਾਨ ਵਾਧੂ ਭਾਰ ਵਿਸ਼ੇ ‘ਤੇ ਵੀ ਚਾਨਣਾ ਪਾਇਆ। ਪ੍ਰੋਗਰਾਮ ਦੇ ਅੰਤ ਵਿਚ ਖੁੱਲ੍ਹੀ ਬਹਿਸ ਦੌਰਾਨ ਭਾਗੀਦਾਰਾਂ ਨੇ ਆਪਣੇ ਸੁਝਾਅ ਦਿੰਦੇ ਹੋਏ ਕਿਹਾ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਦਾ ਸਮਾਂ ਘੱਟੋ-ਘੱਟ ਪੰਜ ਦਿਨ ਹੋਣਾ ਚਾਹੀਦਾ ਹੈ ਅਤੇ ਇਨ੍ਹਾਂ ਵਿਚ ਹੋਰ ਵਿਸ਼ੇ ਜਿਵੇਂ ਸਜ਼ਾ ਤੇ ਅਪੀਲ ਰੂਲਜ਼ ਅਤੇ ਪੰਜਾਬ ਸਿਵਲ ਸਰਵਿਸਿਜ਼ ਰੂਲਜ਼ ਆਦਿ ਵਿਸ਼ੇ ਵੀ ਸ਼ਾਮਿਲ ਹੋਣੇ ਚਾਹੀਦੇ ਹਨ। ਅਖ਼ੀਰ ਵਿਚ ਭਾਗੀਦਾਰਾਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ। 

Translate »