ਅੰਮ੍ਰਿਤਸਰ, 23 ਫਰਵਰੀ : ਸ਼ਰਾਬ ਦੇ ਠੇਕਿਆਂ ਦੇ ਬਾਹਰਵਾਰ ਜਨਤਕ ਥਾਵਾਂ ‘ਤੇ ਸ਼ਰਾਬ ਪੀਣ ਵਾਲੇ ਵਿਅਕਤੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ਼ਹਿਰ ਸ੍ਰੀ ਆਰ ਪੀ ਮਿੱਤਲ ਨੇ ਧਾਰਾ 144 ਤਹਿਤ ਮਿਲੇ ਹੋਏ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਆਪਣੇ ਅਧਾਕਰ ਖੇਤਰ ਵਿੱਚ ਜਨਤਕ ਥਾਵਾਂ ‘ਤੇ ਸ਼ਰਾਬ ਪੀਣ ਦੀ ਰੋਕ ਲਗਾਈ ਹੈ। ਪਾਬੰਧੀ ਦੇ ਹੁਕਮ ਜਾਰੀ ਕਰਦਿਆਂ ਪੁਲਿਸ ਕਮਿਸ਼ਨਰ ਸ੍ਰੀ ਆਰ ਪੀ ਮਿੱਤਲ ਨੇ ਕਿਹਾ ਹੈ ਕਿ ਜਨਤਕ ਥਾਵਾਂ ‘ਤੇ ਸ਼ਰਾਬ ਪੀਣ ਨਾਲ ਲੋਕਾਂ ਦੇ ਆਪਸੀ ਝਗੜੇ ਹੁੰਦੇ ਹਨ ਅਤੇ ਕਈ ਵਾਰ ਸਰਕਾਰੀ ਅਤੇ ਨਿੱਜੀ ਸੰਪਤੀ ਨੂੰ ਵੀ ਨੁਕਸਾਨ ਹੁੰਦਾ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨਾ ਪੰਜਾਬ ਐਕਸਾਈਜ਼ ਐਕਟ 1914 ਦੇ ਸੈਕਸ਼ਨ 68 ਤਹਿਤ ਸਜ਼ਾਯੋਗ ਅਪਰਾਦ ਹੈ।
ਪਾਬੰਧੀ ਦੇ ਹੁਕਮਾਂ ਵਿੱਚ ਉਹਨਾਂ ਨੇ ਸ਼ਰਾਬ ਦੇ ਠੇਕੇਦਾਰਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਆਪਣੇ ਠੇਕਿਆਂ ਦੇ ਬਾਹਰ ਇਸ ਤਰੀਕੇ ਨਾਲ ਕਲੋਜ ਸਰਕਟ ਟੀ ਵੀ ਕੈਮਰੇ ਲਗਾਉਣ ਕਿ ਜਿਸ ਨਾਲ ਠੇਕੇ ਤੋਂ 50 ਮੀਟਰ ਦੇ ਖੇਤਰ ਵਿੱਚ ਨਜ਼ਰ ਬਣੀ ਰਹੇ ਤਾਂ ਜੋ ਕੋਈ ਵੀ ਵਿਅਕਤੀ ਉੱਥੇ ਸ਼ਰਾਬ ਨਾ ਪੀ ਸਕੇ। ਉਹਨਾਂ ਇਹ ਵੀ ਹੁਕਮ ਕੀਤਾ ਹੈ ਕਿ ਸਾਰੇ ਸ਼ਰਾਬ ਦੇ ਠੇਕੇਦਾਰ ਇਹਨਾਂ ਹੁਕਮਾਂ ਦੇ 45 ਦਿਨਾਂ ਦੇ ਅੰਦਰ-ਅੰਦਰ ਇਹ ਕੈਮਰੇ ਲਗਾਉਣਗੇ ਅਤੇ ਹਰ ਰੋਜ਼ ਵੀਡੀਓ ਸੀਡੀ ਬਣਾ ਕੇ ਸਬੰਧਤ ਪੁਲਿਸ ਥਾਣੇ ਵਿੱਚ ਜਮ•ਾਂ ਕਰਵਾਉਣਗੇ। ਜੇਕਰ ਕੋਈ ਵਿਅਕਤੀ ਇਹਨਾਂ ਹੁਕਮਾਂ ਦੀ ਉਲੰਘਣਾਂ ਕਰਕੇ ਜਨਤਕ ਥਾਂ ‘ਤੇ ਸ਼ਰਾਬ ਪੀਂਦਾ ਹੈ ਤਾਂ ਠੇਕੇਦਾਰ ਉਸੇ ਵੇਲੇ ਹੀ ਪੁਲਿਸ ਕੰਟਰੋਲ ਰੂਮ ਦੇ 100 ਨੰਬਰ ‘ਤੇ ਇਸਦੀ ਸੂਚਨਾ ਦੇਣ। ਪੁਲਿਸ ਕਮਿਸ਼ਨਰ ਨੇ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਸਾਰੇ ਪੁਲਿਸ ਥਾਣਿਆਂ ਨੂੰ ਵੀ ਹੁਕਮ ਕੀਤਾ ਹੈ ਕਿ ਇਸ ਪਾਬੰਧੀ ਦੇ ਹੁਕਮ ਦੀ ਸਖਤੀ ਨਾਲ ਪਾਲਣਾ ਕਰਵਾਈ ਜਾਵੇ ਅਤੇ ਜੋ ਕੋਈ ਵੀ ਇਸਦੀ ਉਲੰਘਣਾਂ ਕਰਦਾ ਹੈ ਤਾਂ ਕਾਨੂੰਨ ਅਨੁਸਾਰ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਪਾਬੰਧੀ ਦੇ ਇਹ ਹੁਕਮ 22 ਫਰਵਰੀ 2012 ਤੋਂ 21 ਅਪ੍ਰੈਲ 2012 ਤੱਕ ਲਾਗੂ ਰਹਿਣਗੇ।