ਲੁਧਿਆਣਾ: 23 ਫਰਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਖੇਤੀਬਾੜੀ ਵਿਗਿਆਨੀਆਂ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਿਚਾਰ ਗੋਸ਼ਟੀ ਦਾ ਉਦਘਾਟਨ ਕਰਦਿਆਂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਅੱਜ ਜਿਥੇ ਦੇਸ਼ ਦੀ ਅਨਾਜ ਸੁਰੱਖਿਆ ਜ਼ਰੂਰੀ ਹੈ ਉਥੇ ਪੰਜਾਬ ਦੇ ਕੁਦਰਤੀ ਸੋਮੇ ਸੰਭਾਲਣੇ ਵੀ ਸਾਡੇ ਲਈ ਮਹੱਤਵਪੂਰਨ ਚੁਣੌਤੀ ਹੈ। ਇਸ ਕੰਮ ਵਿੱਚ ਪਸਾਰ ਮਾਹਿਰਾਂ ਦੀ ਜਿੰਮੇਂਵਾਰੀ ਬਹੁਤ ਵੱਡੀ ਹੈ ਕਿਉਂਕਿ ਵਿਕਸਤ ਤਕਨੀਕਾਂ ਦੀ ਖੇਤਾਂ ਤੀਕ ਪਹੁੰਚ ਨਾਲ ਹੀ ਇਹ ਮਸਲਾ ਹੱਲ ਹੋਣਾ ਹੈ। ਉਨ•ਾਂ ਆਖਿਆ ਕਿ ਹਰੇ ਇਨਕਲਾਬ ਤੋਂ ਬਾਅਦ ਹੁਣ ਸਦੀਵੀ ਖੁਸ਼ਹਾਲੀ ਵਾਲੇ ਖੇਤੀ ਇਨਕਲਾਬ ਦੀ ਪ੍ਰਾਪਤੀ ਤਾਂ ਹੀ ਸੰਭਵ ਹੈ ਜੇਕਰ ਸਾਡੇ ਕਿਸਾਨਾਂ ਦੀ ਖੇਤੀ ਲਾਗਤ ਘਟੇ ਅਤੇ ਕਮਾਈ ਵਧੇ। ਖੇਤੀਬਾੜੀ ਵਿੱਚ ਵਰਤੀਆਂ ਜਾਂਦੀਆਂ ਜ਼ਹਿਰਾਂ ਘਟਾਉਣ ਅਤੇ ਖੇਤੀਬਾੜੀ ਵਿੱਚ ਵੰਨ ਸੁਵੰਨਤਾ ਲਿਆਉਣ ਦੇ ਨਾਲ ਨਾਲ ਪਿੰਡਾਂ ਦੇ ਨੌਜਵਾਨਾਂ ਨੂੰ ਖੇਤੀ ਵਿੱਚ ਰੱਖਣ ਦੀ ਥਾਂ ਸਹਾਇਕ ਧੰਦਿਆਂ ਵਿੱਚ ਪਾਉਣ ਦੀ ਵਕਾਲਤ ਕਰਦਿਆਂ ਡਾ: ਢਿੱਲੋਂ ਨੇ ਆਖਿਆ ਕਿ ਯੂਨੀਵਰਸਿਟੀ ਵੱਲੋਂ ਨੇੜ ਭਵਿੱਖ ਵਿੱਚ ਛੋਟੇ ਛੋਟੇ ਕਿੱਤਾ ਮੁਖੀ ਸਿਖਲਾਈ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਇਸ ਨਾਲ ਉਹ ਆਪੋ ਆਪਣੇ ਪਿੰਡਾਂ ਵਿੱਚ ਰਹਿ ਕੇ ਆਪਣੇ ਮਾਪਿਆਂ ਦੀ ਖੇਤੀ ਵਿੱਚ ਵੀ ਹੱਥ ਵਟਾ ਸਕਣਗੇ ਅਤੇ ਵਾਧੂ ਕਮਾਈ ਨਾਲ ਸੌਖਾ ਜੀਵਨ ਨਿਰਬਾਹ ਵੀ ਕਰ ਸਕਣਗੇ। ਉਨ•ਾਂ ਆਖਿਆ ਕਿ ਝੋਨੇ ਦੀ ਸਿੱਧੀ ਬੀਜਾਈ, ਮਸ਼ੀਨਾਂ ਨਾਲ ਲਾਉਣ ਲਈ ਮੈਟ ਟਾਈਪ ਨਰਸਰੀ ਬੀਜਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਮੈਟ ਟਾਈਪ ਨਰਸਰੀ ਨੂੰ ਵਪਾਰਕ ਪੱਧਰ ਤੇ ਕਰਨ ਦੀ ਸਲਾਹ ਦਿੰਦਿਆਂ ਡਾ: ਢਿੱਲੋਂ ਨੇ ਆਖਿਆ ਕਿ ਇਸ ਨਾਲ ਚੰਗੇ ਨਤੀਜੇ ਮਿਲਣਗੇ। ਉਨ•ਾਂ ਆਖਿਆ ਕਿ ਕਮਾਦ ਦੀ ਅਗੇਤੀ ਕਾਸ਼ਤ ਕਰਕੇ ਜੇਕਰ ਖੰਡ ਪ੍ਰਾਪਤੀ ਵਧੇਗੀ ਤਾਂ ਹੀ ਮਿੱਲਾਂ ਸਾਡੇ ਗੰਨੇ ਨੂੰ ਖਰੀਦਣਗੀਆਂ। ਉਨ•ਾਂ ਆਖਿਆ ਕਿ ਨਰਮਾ ਪੱਟੀ ਵਿੱਚ ਝੋਨੇ ਦੀ ਕਾਸ਼ਤ ਭਵਿੱਖ ਲਈ ਵੱਡੀਆਂ ਮੁਸੀਬਤਾਂ ਲਿਆਵੇਗੀ ਅਤੇ ਇਸ ਬਾਰੇ ਕਿਸਾਨ ਭਰਾਵਾਂ ਨੂੰ ਵੇਲੇ ਸਿਰ ਜਗਾਉਣਾ ਸਾਡਾ ਪ੍ਰਮੁਖ ਫਰਜ਼ ਹੈ। ਉਨ•ਾਂ ਆਖਿਆ ਕਿ ਖਾਦਾਂ ਦੀ ਅੰਧਾਂਧੁੰਦ ਵਰਤੋਂ ਰੋਕਣ ਲਈ ਹਰਾ ਪੱਤਾ ਚਾਰਟ ਅਤੇ ਜਲ ਸੋਮਿਆਂ ਦੀ ਸੰਤੁਲਿਤ ਵਰਤੋਂ ਕਰਨ ਲਈ ਟੈਂਸੀਓਮੀਟਰ ਦੀ ਖੇਤੀਬਾੜੀ ਮਹਿਕਮੇ ਨੂੰ ਵਿਸ਼ੇਸ਼ ਮੁਹਿੰਮ ਚਲਾਉਣੀ ਚਾਹੀਦੀ ਹੈ। ਉਨ•ਾਂ ਆਖਿਆ ਕਿ ਪੂਸਾ 44 ਅਤੇ ਝੁਰੜ ਨਰਮੇ ਨੇ ਪੰਜਾਬ ਦੀ ਤਬਾਹੀ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਹੈ। ਇਨ•ਾਂ ਦੋਹਾਂ ਨੂੰ ਪੰਜਾਬ ਵਿੱਚ ਬੀਜਣੋਂ ਰੋਕਿਆ ਜਾਵੇ।
ਡਾ: ਢਿੱਲੋਂ ਨੇ ਆਖਿਆ ਕਿ ਕਣਕ-ਝੋਨਾ ਫ਼ਸਲ ਚੱਕਰ ਕਾਰਨ ਵਿਹਲਾ ਸਮਾਂ ਵਧ ਗਿਆ ਹੈ ਜਿਸ ਕਾਰਨ ਸਾਡੇ ਵਿੱਚੋਂ ਬਹੁਤੇ ਭਰਾ ਮਿਹਨਤੀ ਨਹੀਂ ਰਹੇ। ਸਾਰਾ ਸਾਲ ਕੰਮ ਲਈ ਖੇਤੀ ਵੰਨ ਸੁਵੰਨਤਾ ਅਤੇ ਸਹਾਇਕ ਧੰਦਿਆਂ ਵਿੱਚ ਜੁਟਣਾ ਜ਼ਰੂਰੀ ਹੈ। ਉਨ•ਾਂ ਆਖਿਆ ਕਿ ਬਿਜਲੀ ਅਤੇ ਪਾਣੀ ਦੀ ਸੰਕੋਚਵੀ ਵਰਤੋਂ ਕਰਨੀ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਹੀ ਸੋਮੇ ਹਨ। ਜੈਵਿਕ ਊਰਜਾ, ਖੁੰਭ ਉਤਪਾਦਨ ਲਈ ਤੂੜੀ ਦੀ ਵਰਤੋਂ ਵਧਾਉਣ ਬਾਰੇ ਡਾ: ਢਿੱਲੋਂ ਨੇ ਆਖਿਆ ਕਿ ਬਾਹਰਲੇ ਸੂਬਿਆਂ ਵਿੱਚ ਜਾਣ ਵਾਲੀ ਤੂੜੀ ਇਸ ਕੰਮ ਲਈ ਵਰਤੀ ਜਾ ਸਕਦੀ ਹੈ। ਉਨ•ਾਂ ਆਖਿਆ ਕਿ ਪਾਰਥੀਨੀਅਮ ਬੂਟੀ ਦੇ ਖਾਤਮੇ ਲਈ ਮਾਰਚ ਮਹੀਨੇ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਅਤੇ ਇਸ ਕੰਮ ਵਿੱਚ ਖੇਤੀਬਾੜੀ ਮਹਿਕਮੇ ਰਾਹੀਂ ਵੱਖ ਵੱਖ ਵਿਭਾਗਾਂ ਦੀ ਮਦਦ ਲਈ ਜਾਵੇਗੀ।
ਪੰਜਾਬ ਦੇ ਖੇਤੀਬਾੜੀ ਨਿਰਦੇਸ਼ਕ ਡਾ: ਮੰਗਲ ਸਿੰਘ ਸੰਧੂ ਨੇ ਭਵਿੱਖ ਦੀਆਂ ਚੁਣੌਤੀਆਂ ਅਤੇ ਟੀਚਿਆਂ ਦੇ ਹਵਾਲੇ ਨਾਲ ਸੰਬੋਧਨ ਕਰਦਿਆਂ ਆਖਿਆ ਕਿ ਇਸ ਸਾਲ ਕਣਕ ਦੀ ਭਰਪੂਰ ਫ਼ਸਲ ਹੋਣ ਦੀ ਉਮੀਦ ਹੈ ਪਰ ਮੌਸਮੀ ਤਬਦੀਲੀ ਕਾਰਨ ਸਿੱਟੇ ਜਲਦੀ ਨਿਕਲ ਆਏ ਹਨ। ਉਨ•ਾਂ ਆਖਿਆ ਕਿ ਰੋਪੜ ਜ਼ਿਲ•ੇ ਦੇ ਆਨੰਦਪੁਰ ਬਲਾਕ ਵਿੱਚ ਕਣਕ ਤੇ ਪੀਲੀ ਕੁੰਗੀ ਦਾ ਹਮਲਾ ਵੇਖਣ ਨੂੰ ਮਿਲਿਆ ਸੀ ਪਰ ਯੂਨੀਵਰਸਿਟੀ ਦੀ ਮਦਦ ਨਾਲ ਉਸ ਨੂੰ ਤੁਰੰਤ ਕੰਟਰੋਲ ਕਰ ਲਿਆ ਗਿਆ ਹੈ। ਉਨ•ਾਂ ਆਖਿਆ ਕਿ ਗੁਆਰੇ ਦੀਆਂ ਕਿਸਮਾਂ ਬਾਰੇ ਖੋਜ ਕੀਤੀ ਜਾਵੇ ਕਿਉਂਕਿ ਕਾਸਮੈਟਿਕਸ ਦੇ ਸਮਾਨ ਅਤੇ ਤੇਲ ਖੂਹਾਂ ਵਿੱਚ ਇਸ ਦੀ ਵਰਤੋਂ ਅੰਤਰ ਰਾਸ਼ਟਰੀ ਪੱਧਰ ਤੇ ਵਧ ਰਹੀ ਹੈ। ਉਨ•ਾਂ ਆਖਿਆ ਕਿ ਦਾਲਾਂ ਵਿੱਚੋਂ ਮੂੰਗੀ, ਮਾਂਹ ਅਤੇ ਮਸਰ ਦੀਆਂ ਕਿਸਮਾਂ ਵਿਕਸਤ ਕਰਨ ਲੱਗਿਆਂ ਬਰਸਾਤ ਦਾ ਮਾਰੂ ਅਸਰ ਵੀ ਧਿਆਨ ਵਿੱਚ ਰੱਖਿਆ ਜਾਵੇ। ਇਵੇਂ ਹੀ ਮੂੰਗਫਲੀ ਲਈ ਬੀਜ ਸਮੱਸਿਆ ਹੱਲ ਕਰਨ ਲਈ ਹੋਰਨਾਂ ਰਾਜਾਂ ਵਿੱਚ ਖੋਜ ਅਤੇ ਬੀਜ ਕੇਂਦਰ ਬਣਾਉਣ ਲਈ ਯਤਨ ਕੀਤਾ ਜਾਵੇ। ਉਨ•ਾਂ ਆਖਿਆ ਕਿ ਅੱਜ ਪੰਜਾਬ ਦੇ 141 ਬਲਾਕਾਂ ਵਿਚੋਂ 113 ਖਾਰੇ ਪਾਣੀਆਂ ਵਾਲੇ ਹਨ ਜੋ ਸਿੰਜਾਈ ਦੇ ਯੋਗ ਨਹੀਂ। ਇਸ ਲਈ ਸਾਨੂੰ ਦੇਸ਼ ਦੀ ਯੋਜਨਾਕਾਰੀ ਕਰਨ ਵਾਲੇ ਸੱਜਣਾਂ ਨੂੰ ਇਹ ਤੱਥ ਦੱਸਣਾ ਚਾਹੀਦਾ ਹੈ । ਉਨ•ਾਂ ਆਖਿਆ ਕਿ ਪੰਜਾਬ ਨੂੰ ਖੇਤੀ ਵਿਕਾਸ ਲਈ ਵਿਸੇਸ਼ ਪੈਕੇਜ ਦੇਣਾ ਚਾਹੀਦਾ ਹੈ ਤਾਂ ਜੋ ਵਿਕਾਸ ਰਫ਼ਤਾਰ ਤੇਜ਼ ਕੀਤੀ ਜਾ ਸਕੇ।
ਆਏ ਡੈਲੀਗੇਟਾਂ ਦਾ ਸੁਆਗਤ ਖੇਤੀਬਾੜੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਕਰਦਿਆਂ ਆਖਿਆ ਕਿ ਭਵਿੱਖ ਦੀਆਂ ਵੰਗਾਰਾਂ ਲਈ ਗਿਆਨ ਵਿਗਿਆਨ ਦੀ ਨਿਰੰਤਰ ਵਰਤੋਂ ਜ਼ਰੂਰੀ ਹੈ। ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਵੱਲੋਂ ਵਿਕਸਤ ਨਵੀਆਂ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਗੋਸ਼ਟੀ ਵਿੱਚ ਆਏ ਵਿਗਿਆਨੀਆਂ ਅਤੇ ਪਸਾਰ ਮਾਹਿਰਾਂ ਦਾ ਧੰਨਵਾਦ ਕੀਤਾ। ਗੋਸ਼ਟੀ ਕੱਲ• ਵੀ ਜਾਰੀ ਰਹੇਗੀ।