ਅੰਮ੍ਰਿਤਸਰ, 25 ਫਰਵਰੀ, 2012 : ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸੁਬੋਧ ਅਗਵਾਈ ਹੇਠ ਕਾਰਜਸ਼ੀਲ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਪ੍ਰੀਖਿਆਵਾਂ ਦੀ ਸਫਲਤਾਂ ਲਈ ਸਿੱਖ ਪਰੰਪਰਾ ਅਨੁਸਾਰ ਅਰਦਾਸ ਦਿਵਸ ਮਨਾਇਆ ਗਿਆ। ਸਕੂਲ ਦੀਆਂ ਵਿਦਿਆਰਥਣਾਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸ਼ਬਦ ਕੀਰਤਨ ਕੀਤਾ। ਉਪਰੰਤ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਪ੍ਰਚਾਰਕ, ਗਿਆਨੀ ਇਕਬਾਲ ਸਿੰਘ ਮੀਰਾਂਕੋਟੀਆ ਨੇ ਅਰਦਾਸ ਦੇ ਸੰਬੰਧ ਵਿਚ ਪੱਟੀ ਬਾਣੀ ਨੂੰ ਆਧਾਰ ਬਣਾ ਕੇ ਗੁਰਮੁਖੀ ਵਰਣਮਾਲਾ ਵਿਸ਼ੇ ‘ਤੇ ਭਾਵਪੂਰਤ ਵਿਚਾਰ ਪੇਸ਼ ਕੀਤੇ।
ਇਸ ਸਮੇਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ, ਸ. ਰਾਜਿੰਦਰ ਮੋਹਨ ਸਿੰਘ ਛੀਨਾ ਨੇ ਸਾਲਾਨਾ ਪ੍ਰੀਖਿਆਵਾਂ ਤੇ ਇਸਤਰੀ ਵਿੱਦਿਆ ਦੀ ਮਹਾਨਤਾ ‘ਤੇ ਵੀਚਾਰ ਸਾਂਝੇ ਕੀਤੇ। ਸੰਗਤੀ ਰੂਪ ਵਿਚ ਸ. ਸਰਦੂਲ ਸਿੰਘ ਮੰਨਣ (ਸਕੱਤਰ ਸਕੂਲਜ਼), ਸ. ਗੁਰਮੀਤ ਸਿੰਘ ਭੱਟੀ, ਡਾ. ਜਸਵਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ, ਖਾਲਸਾ ਕਾਲਜ ਆਫ ਐਜ਼ੂਕੇਸ਼ਨ, ਡਾ. ਸੁਖਬੀਰ ਕੌਰ ਮਾਹਲ, ਪ੍ਰਿੰਸੀਪਲ, ਖਾਲਸਾ ਕਾਲਜ ਫਾਰ ਵਿਮੈਨ, ਡਾ. ਸੁਰਿੰਦਰਪਾਲ ਕੌਰ ਢਿੱਲੋਂ, ਪ੍ਰਿੰਸੀਪਲ, ਖਾਲਸਾ ਕਾਲਜ ਆਫ ਐਜ਼ੂਕੇਸ਼ਨ, ਰਣਜੀਤ ਐਵੀਨਿਊ, ਡੀ.ਕੇ. ਸੰਧੂ, ਪ੍ਰਿੰਸੀਪਲ, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ, ਡਾ. ਇੰਦਰਜੀਤ ਸਿੰਘ ਗੋਗੋਆਣੀ, ਮੁਖੀ, ਸਿੱਖ ਇਤਿਹਾਸ ਅਤੇ ਖੋਜ ਵਿਭਾਗ ਆਦਿ ਹਾਜ਼ਰ ਸਨ। ਸਕੂਲ ਪ੍ਰਿੰਸੀਪਲ, ਤਜਿੰਦਰ ਕੌਰ ਬਿੰਦਰਾ ਨੇ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਮੰਚ ਦਾ ਸੰਚਾਲਨ ਬੀਬਾ ਪਲਵਿੰਦਰ ਕੌਰ ਨੇ ਕੀਤਾ।