May 12, 2012 admin

ਸਦਾ ਬਹਾਰ ਗੀਤਾਂ ਦਾ ਰਚਣਹਾਰਾ ਨੰਦ ਲਾਲ ਨੂਰਪੁਰੀ

13 ਮਈ ਬਰਸੀਤੇ ਵਿਸ਼ੇਸ਼
     ਸਦਾ ਬਹਾਰ ਗੀਤਾਂ ਦਾ ਰਚਣਹਾਰਾ  ਨੰਦ ਲਾਲ ਨੂਰਪੁਰੀ  
                                             ਰਣਜੀਤ ਸਿੰਘ ਪ੍ਰੀਤ
                  ਨੰਦ ਲਾਲ ਨੂਰਪੁਰੀ ਦਾ ਜਨਮ ਜੂਨ 1906 ਨੂੰ ,ਲਾਇਲਪੁਰ ਜ਼ਿਲੇ ਦੇ ਪਿੰਡ ਨੂਰਪੁਰ ਵਿੱਚ ਪਿਤਾ ਬਿਸ਼ਨ ਸਿੰਘ,ਮਾਤਾ ਹੁਕਮਾਂ ਦੇਵੀ ਦੇ ਘਰ ਹੋਇਆ।।ਖਾਲਸਾ ਹਾਈ ਸਕੂਲ ਤੋਂ ਦਸਵੀਂ ਕੀਤੀ,ਅਤੇ ਲਾਇਲਪੁਰ ਖ਼ਾਲਸਾ ਕਾਲਜ ਦੀ ਪੜਾਈ ਵਿੱਚੇ ਛੱਡ ਕਾਵਿ ਮਹਿਫਲਾਂ ਨੂੰ ਅਪਣਾਅ ਲਿਆ।। ਉਹ ਥਾਣੇਦਾਰ ਵੀ ,ਅਧਿਆਪਕ ਵੀ,ਅਤੇ ਐਸ ਆਈ ਵੀ ਰਿਹਾ।।ਪਰ ਕੋਈ ਰਾਸ ਨਾ ਆਈ,ਸਮਿੱਤਰਾ ਦੇਵੀ ਨਾਲ ਉਸਦਾ ਵਿਆਹ ਹੋਇਆ। ਜਿਸ ਤੋਂ ਚਾਰ ਧੀਆਂ ਅਤੇ ਦੋ ਪੁੱਤਰਾਂ ਦਾ ਜਨਮ ਹੋਇਆ।। ਸਨ 1940 ਵਿੱਚ ਉਹ ਬੀਕਾਂਨੇਰ ਤੋਂ ਪੰਜਾਬ ਗਿਆ,ਉਸਦੀ ਕਲਮ ਦੇ ਕਾਇਲ ਸ਼ੋਰੀ ਫ਼ਿਲਮ ਕੰਪਨੀ ਵਾਲਿਆਂ ਨੇ ਉਸ ਤੋੰ 1940 ਵਿੱਚ ਹੀ ਮੰਗਤੀ ਫ਼ਿਲਮ ਲਈ ਸਾਰੇ ਗੀਤ ਲਿਖਵਾਏ ,ਜਿਸ ਨਾਲ ਨੂਰਪੁਰੀ ਨੂੰ ਪੰਜਾਬ ਦਾ ਬੱਚਾ ਬੱਚਾ ਜਾਨਣ ਲੱਗਿਆ ੳਸ ਨੇ ਆਪਣੀਆਂ ਬਹੁਤ ਹੀ ਕੋਮਲ ਭਾਵਨਾਵਾਂ ਨਾਲ ਪਜਾਬੀਆਂ ,ਅਤੇ ਪੰਜਾਬਣਾਂ ਨੂੰ ਦੇਸ਼ ਪਿਆਰ, ਕਿਰਤ, ਅਤੇ ਪਿਆਰ ਦੀ ਤ੍ਰਿਮੂਰਤੀ ਵਜੋਂ ਪਰਗਟਾਇਆ।
               ਅੱਜ ਦੇ ਗੰਦਲੇ ਮਹੌਲ ਵਿੱਚ ਮੀਡੀਏ ਰਾਹੀਂ ਲੱਚਰਤਾ ਦਾ ਮੁੱਖ ਸਹਾਰਾ ਲੈ ਕੇ ਜਿਹੋ ਜਿਹੀ ਗੀਤਕਾਰੀ ,ਦਾ ਪਸਾਰਾ ਅਤੇ ਪ੍ਰਚਾਰ ਕੀਤਾ ਜਾ ਰਿਹਾ ਹੈ,ਉਹ ਪੰਜਾਬ ਦੇ ਜੁਆਨਾਂ ਨੂੰ ਬਲਾਤਕਾਰੀ, ਵਿਹਲੜ,ਮੁਸ਼ਟੰਡੇ,ਅਤੇ ਨਸ਼ਈ ਦੇ ਰੂਪ ਬਿਆਨਦੀ,ਪ੍ਰਸਾਰਦੀ ਅਤੇ ਪ੍ਰਚਾਰਦੀ ਹੈ।।ਪਰ ਨੰਦ ਲਾਲ ਨੂਰਪੁਰੀ ਦੇ ਗੀਤਾਂ ਵਿੱਚ ਅਜਿਹਾ ਕੁੱਝ ਨਹੀ,ਉਹਦੀ ਗੀਤਕਾਰੀ ਯੁਵਕਾਂ ਨੂੰ ਬਹਾਦਰ,ਬਲਵਾਨ,ਮਾਨਸਿਕ ਅਤੇ ਆਤਮਿਕ ਤੌਰ ਤੇ ਚੇਤਨ ਬਿਆਨਦੀ ਹੈ,ਨੂਰਪੁਰੀ ਦੇ ਗੀਤਾਂ ਨੂੰ ਸੁਰਿੰਦਰ ਕੌਰ,ਹਰਚਰਨ ਗਰੇਵਾਲ,ਆਸਾ  ਸਿੰਘ ਮਸਤਾਨਾ,ਪ੍ਰਕਾਸ਼ ਕੌਰ ਆਦਿ ਨੇ ਆਪਣੀਆਂ ਆਵਾਜ਼ਾਂ ਨਾਲ ਅਮਰ ਕੀਤਾ ਹੈ। ਨੂਰਪੁਰੀ ਦੇ ਇਸ ਗੀਤ ਵਿੱਚ ਇੱਕ ਸ਼ਬਦ ਪੱਟ ਆਇਆ ਹੈ, ਉਸ ਨੇ ਇਸ ਦੀ ਵਰਤੋਂ ਲੱਚਰਤਾ ਤੋਂ ਦੂਰ ਰਹਿੰਦਿਆਂ ਵੇਖੋ ਕਿਵੇਂ ਕੀਤੀ ਹੈ—- “ਰੁੱਖਾਂ ਹੇਠ ਬੈਠ ਅਸੀਂ ਬੇੜ ਵੱਟੀਏ,
ਸਿਖ਼ਰ ਦੁਪਹਿਰੇ ਕਿੱਥੇ ਜਾਵੇਂ ਜੱਟੀਏ,
ਕਣਕਾਂ ਮਾਰਦੇ ਖੰਘੂਰੇ ਜੱਟ ਨੀ,
ਦੂਰ ਤੇਰਾ ਖੇਤ ਧੰਨ ਤੇਰੇ ਪੱਟ ਨੀ।।
                  ਨੂਰਪੁਰੀ ਦੇ ਗੀਤਾਂ ਦੇ ਗਾਇਕਾਂ ਨੇ ਕੋਠੀਆਂ ਬਣਾ ਲਈਆਂ, ਮਹਿੰਗੀਆਂ ਕਾਰਾਂ ਖ਼ਰੀਦ ਲਈਆਂ,ਪਰ ਉਹ ਪਹਿਲਾਂ ਫਰੀਦ ਕੋਟ ਅਤੇ ਫ਼ਿਰ ਜਲੰਧਰ ਦੀਆਂ ਸੜਕਾਂ ਤੇ ਚੱਪਲਾਂ ਪਹਿਨ ਸਾਇਕਲਤੇ ਜਾਂ ਪੈਦਲ ਵਿਚਰਦਾ ਰਿਹਾ।।ਕਿਸੇ ਨਾਂ ਕਿਸੇ ਰੂਪ ਵਿੱਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਉਸਤੇ ਅਸਰ ਸੀ।। ਉਸਦੀ ਗੀਤਕਾਰੀ ਵਿੱਚ ਹੈਂਕੜ ਨਹੀਂ ਸੀ —-
ਹੁਣ ਡੋਲੀ ਵਿੱਚ ਬੈਠ ਬੈਠ ਥੱਕ ਗਈਆਂ ਮੁਟਿਆਰਾਂ,
ਹੁਣ ਨਹੀਂ ਚਾਂਦੀ ਦੇ ਠੀਕਰ ਲਈ ਚੁੱਕਣਾਂ ਹੁਸਨ ਕੁਹਾਰਾਂ,
ਹੁਣ ਨਹੀਂ ਬੱਧੇ ਰੱਸੇ ਵਿਕਣੇ ਲੁਲ ਲੁਕ ਕੇ ਇਹ ਚਾਹ,
ਗੋਰੀਏ ਵੀਣੀਂ ਜ਼ਰਾ ਫੜਾ।
                     ਨੰਦ ਲਾਲ ਨੂਰਪੁਰੀ ਨੇ ਹਰ ਮੌਕੇ ਦੀ ਨਬਜ਼ ਨੂੰ ਪਛਾਣਿਆਂ ,ਆਜ਼ਾਦੀ ਮਗਰੋਂ ਪ੍ਰਗਤੀ ਗੱਲਾਂ ਚੱਲੀਆਂ ਤਾਂ ਨੂਰਪੁਰੀ ਦੀ ਕਲਮ ਚੁੱਪ ਨਾਂ ਰਹੀ,ਜਦ ਭਾਖੜਾ ਡੈਮ ਤੋਂ ਬਿਜਲੀ ਪੈਦਾ ਹੋਈ , ਤਾਂ ਵੀ ਭਾਖ਼ੜੇ ਤੋਂ ਆਉਂਦੀ ਮੁਟਿਆਰ ਨੱਚਦੀ ,ਵਰਗੇ ਬੋਲ ਉਹਦੀ ਕਲਮ ਦੀ ਨੋਕ ਤੇ ਗਏ।।ਪਰ ਜਦ ਸਮੁੱਚੀ ਤਰੱਕੀ ਦੀ ਬਜਾਏ ਨਿੱਜੀ ਤਰੱਕੀ ਦੀ ਗੱਲ ਭਾਰੂ ਹੁੰਦੀ ਦਿਸੀ ਤਾਂ ਦੁਖੀ ਮਨ ਨਾਲ ਉਸ ਨੇ ਲਿਖਿਆ:-
ਦੁਨੀਆਂ ਦੇ ਬੰਦਿਓ ਪੂਜੋ ,ਪੂਜੋ ਉਹਨਾਂ ਇਨਸਾਨਾਂ ਨੂੰ,
ਦੇਸ਼ ਦੀ ਖ਼ਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ।।
                   ਨੂਰਪੁਰੀ ਅਣਖ਼ ਨਾਲ ਜਿਉਂਇਆ,ਜ਼ਿੰਦਗੀ ਭਰ ਉਸ ਨੇ ਕੋਈ ਕਾਵਿ ਸੰਗਹਿ ੍ਰਨਹੀਂ ਛਪਵਾਇਆ, ਇਨਾਮਾਂ ਸਨਮਾਨਾਂ ਲਈ ਉਹ ਨੇ ਕੋਈ ਜੁਗਾੜ ਨਹੀਂ ਕੀਤੇ।ਨੂਰੀ ਦੁਨੀਆਂ‘,ਸੌਗਾਤ (ਭਾਸ਼ਾ ਵਿਭਾਗ ਦਾ ਇਨਾਮ ਜੇਤੂ) ਚੰਗਿਆੜੇ,ਵੰਗਾਂ ਅਤੇ ਜਿਉਂਦਾ ਪੰਜਾਬ ਉਸਦੀਆਂ ਕਿਤਾਬਾਂ ਛਪੀਆਂ।
ਨੱਚ ਲੈਣ ਦਿਓ ਨੀ ਮੈਂਨੂੰ ਦਿਓਰ ਦੇ ਵਿਆਹ ਵਿੱਚ।
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ।
ਮੈਂ ਵਤਨ ਦਾ ਸ਼ਹੀਦ ਹਾਂ
ਦਾਤਾ ਦੀਆਂ ਬੇਪ੍ਰਵਾਹੀਆਂ ਤੋਂ, ਓਏ ਬੇਪ੍ਰਵਾਹਾ ਡਰਿਆ ਕਰ
ਗੋਰੀ ਦੀਆਂ ਝਾਂਜਰਾਂ ਬੁਲਾਉਦੀਆਂ ਗਈਆਂ।
ਚੰਨ ਵੇ ਕੇ ਸ਼ੌਂਕਣ ਮੇਲੇ ਦੀ।
ਚੁੰਮ ਚੁੰਮ ਰੱਖੋ ਨੀ ਇਹ ਕਲਗੀੰ ਜੁਝਾਰ ਦੀ।
ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ।
             ਇਹ ਗੀਤ ਕਦੇ ਵੀ ਚੇਤਿਆਂ ਵਿੱਚੋਂ ਵਿਸਰ ਨਹੀਂ ਸਕਦੇ। ਇੱਥੋਂ ਉਡ ਜਾ ਭੋਲਿਆ ਪੰਛੀਆਂ,ਤੂੰ ਫਾਹੀਆਂ ਹੇਠ ਨਾ ——-ਵਾਂਗ ਆਰਥਿਕਤਾ ਦਾ ਮਾਰਿਆ,ਹਾਲਾਤਾਂ ਦਾ ਝੰਬਿਆ,ਰਾਜਨੀਤੀ ਅਤੇ ਸਮਾਜਿਕ ਹਾਲਾਤਾਂ ਦੇ ਸਤਾਏ ਨੰਦ ਲਾਲ ਨੂਰ ਪੁਰੀ ਨੇ ਸ਼ਰਾਬੀ ਹਾਲਤ ਵਿੱਚ ਆਪਣੇ ਪੁੱਤਰ ਸਤਨਾਮ ਨੂੰ ਮਾਮੂਲੀ ਨੌਕਰੀ ਮਿਲਣਤੇ ਕਾਗਜ਼ ਫੜਾਉਂਦਿਆਂ ਇਹ ਸੁਨਾਉਣ ਲਈ ਕਿਹਾ———-‘ਚੱਲ ਜੀਆ ਘਰ ਆਪਣੇ, ਚੱਲੀਏ ਨਾਂ ਕਰ ਮੱਲਾ ਅੜੀਆਂ,
ਇਹ ਪਰਦੇਸ਼ ਦੇਸ ਨਹੀਂ ਸਾਡਾ, ਏਥੇ ਗੁੰਝਲਾਂ ਬੜੀਆਂ।
                          ਰਾਤ ਪਈ ਸਾਰੇ ਸੌਂ ਗਏ ਏਸੇ ਹੀ 13 ਮਈ 1966 ਦੀ ਅੱਧੀ ਰਾਂਤੀ ਘਰ ਦੇ ਨਜ਼ਦੀਕ ਪੈਂਦੇ ਖੁਹ ਵਿੱਚ ਜਦ ਖੜਾਕ ਹੋਇਆ ਤਾਂ ਲੋਕ ਵਾਹੋ ਦਾਹੀ ਖੂਹ ਵੱਲ ਦੌੜੇ, ਜਦ ਘਰਦਿਆਂ ਨੰਦ ਲਾਲ ਨੂਰਪੁਰੀ ਦਾ ਬਿਸਤਰਾ ਖਾਲੀ ,ਅਤੇ ਖੁਹ ਲਾਗੇ ਪਹੁੰਚ ਚੱਪਲਾਂ ਪਛਾਣੀਆਂ ,ਤਾਂ ਵਿਰਲਾਪ ਨੇ ਕੰਧਾਂ ਕੌਲੇ ਵੀ ਹਿਲਾ ਧਰੇ। ਏਨੀ ਵੱਡੀ ਸ਼ਖ਼ਸ਼ੀਅਤ ਦਾ ਏਨਾ ਦੁਖਦਾਈ ਅੰਤ ਅੱਜ ਵੀ ਇਸ ਨਿਜ਼ਾਮ ਦੇ ਮੱਥੇ ਦਾ ਕਲੰਕ ਹੈ,ਭਾਵੇਂ ਨੂਰਪੁਰੀ ਨੂੰ ਉਸਦੀਆਂ ਅਮਰ ਰਚਨਾਵਾਂ ਅਮਰ ਰੱਖਣ ਦਾ ਸਬੱਬ ਬਣੀਆਂ ਰਹਿਣਗੀਆਂ।।  
       ***************************************************
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਮੁਬਾਇਲ ਸੰਪਰਕ;98157-07232

Translate »