May 15, 2012 admin

ਪਿਛਲੇ ਉਮਰੇ ਫੁੱਟਿਆ ਬਿਰਖ਼ : ਪ੍ਰੋ: ਮਨਜੀਤ ਸਿੰਘ ਸਿੱਧੂ

ਗੁਰਭਜਨ ਸਿੰਘ ਗਿੱਲ
Êਪ੍ਰਧਾਨ, ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ
ਫੋਨ:98726-31199

1974 ‘ਚ ਜਦੋਂ ਮੈਂ ਗੌਰਮਿੰਟ ਕਾਲਿਜ ਲੁਧਿਆਣਾ ‘ਚ ਐੱਮ. ਏ. ਕਰਨ ਲੱਗਾ ਤਾਂ ਉਥੋਂ ਦੇ ਅਦਬੀ ਮੰਡਲ ਵਿੱਚ ਪ੍ਰੋ: ਸੁਰਿੰਦਰ ਸਿੰਘ ਨਰੂਲਾ ਦੇ ਨਾਮ ਦੀ ਤੂਤੀ ਬੋਲਦੀ ਸੀ। ਡਾ: ਤੇਜਵੰਤ ਸਿੰਘ ਗਿੱਲ ਵੀ ਆਪਣੀ ਸਾਹਿਤਕ ਪਛਾਣ ਲਈ ਸਰਗਰਮ ਸੀ। ਨਿੱਕੇ ਕਾਲਜ ਚੋਂ ਵੱਡੇ ਥਾਂ ਜਾਣਾ ਸੂਏ ਖਾਲਾਂ ਦੇ ਤਾਰੂਆਂ ਨੂੰ ਸਮੁੰਦਰ ‘ਚ ਸੁੱਟੇ ਜਾਣ ਵਾਂਗ ਹੁੰਦਾ ਹੈ। ਮੇਰੀ ਵੀ ਹਾਲਤ ਇਹੋ ਜਿਹੀ ਹੀ ਸੀ। ਮੇਰੀ ਖੁਸ਼ਕਿਸਮਤੀ ਇਹ ਸੀ ਕਿ ਮੈਥੋਂ ਇੱਕ ਸਾਲ ਪਹਿਲਾਂ ਮੇਰਾ ਮਿੱਤਰ ਸ਼ਮਸੇਰ ਸਿੰਘ ਸੰਧੂ ਉਥੇ ਐਂਮ. ਏ. ‘ਚ ਦਾਖਲਾ ਲੈ ਚੁੱਕਾ ਸੀ। ਉਹਦੇ ਮਿੱਤਰਾਂ ਦਾ ਪਰਾਗਾ ਮੈਨੂੰ ਵੀ ਬਿਨਾਂ ਯਤਨਾਂ ਤੋਂ ਹਾਸਲ ਹੋ ਗਿਆ। ਜੀਅ ਲੱਗ ਗਿਆ। ਸਾਡੇ ਪੰਜਾਬੀ ਵਿਭਾਗ ਅਤੇ ਕੰਨਟੀਨ ਵਿਚਕਾਰ ਕੁੱਝ ਟਾਹਲੀਆਂ ਤੇ ਤੂਤਾਂ ਦੀ ਬਗੀਚੀ ਸੀ ਜਿਥੇ ਚਾਹ ਪੀਣ ਆਉਂਦੇ ਪ੍ਰੋਫੈਸਰ ਸਾਹਿਬਾਨ ਅਕਸਰ ਇੱਕ ਲੰਮੇ ਸਲੰਮੇ ਆਗੂ ਜਾਪਦੇ ਵਿਅਕਤੀ ਦੇ ਦੁਆਲੇ ਬਹਿ ਜਾਂਦੇ। ਇਹ ਸਰੂ ਕੱਦ ਅਧਿਆਪਕ ਪ੍ਰੋ: ਮਨਜੀਤ ਸਿੰਘ ਸਿੱਧੂ ਸੀ ਜੋ ਕੁੱਝ ਸਮਾਂ ਪਹਿਲਾਂ ਹੀ ਮੁਕਤਸਰ ਤੋਂ ਤਬਦੀਲ ਹੋ ਕੇ ਏਥੇ ਆਇਆ ਸੀ। ਪੂਰੇ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਅਧਿਆਪਕਾਂ ਦਾ ਉਦੋਂ ਪ੍ਰਧਾਨ ਸੀ ਪ੍ਰੋ: ਸਿੱਧੂ ਅਰਥ ਸ਼ਾਸ਼ਤਰ ਪੜ•ਾਉਂਦਾ, ਪਰ ਗੱਲਾਂ ਦੀ ਤੋੜ ਨਾ ਆਉਣ ਦਿੰਦਾ। ਫ਼ਿਕਰਿਆਂ ਦਾ ਸ਼ਹਿਨਸ਼ਾਹ, ਨਿੱਕੇ ਨਿੱਕੇ ਵਾਕਾਂ ‘ਚ ਘਟਨਾਵਾਂ ਪਰੋਈ ਜਾਂਦਾ। ਮੈਨੂੰ ਵੱਡਿਆਂ ਦੀਆਂ ਗੱਲਾਂ ਸੁਣਨ ਦਾ ਚਸਕਾ ਬਚਪਨ ਤੋਂ ਹੀ ਹੋਣ ਕਰਕੇ ਇਹ ਅਧਿਆਪਕ ਚੰਗਾ ਚੰਗਾ ਲੱਗਦਾ। ਸਿੱਧੀ ਮੁਲਾਕਾਤ ਕਦੇ ਨਾ ਹੋਈ, ਪਰ ਉਸਦੀ ਮਹਿਮਾ ਕਾਰਨ ਮੈਂ ਤੇ ਮੇਰੇ ਮਿੱਤਰ ਉਨ•ਾਂ ਨੂੰ ਸਤਿਕਾਰ ਅਰਪਦੇ। ਸਾਡਾ ਹੀ ਇੱਕ ਸਹਿਪਾਠੀ ਪੂਰਨ ਸਿੰਘ ਸੰਧੂ ਮਗਰੋਂ ਪ੍ਰੋ: ਮਨਜੀਤ ਸਿੰਘ ਸਿੱਧੂ ਦੀ ਧੀ ਨਾਲ ਵਿਆਹਿਆ ਗਿਆ।
ਪ੍ਰੋ: ਮਨਜੀਤ ਸਿੰਘ ਸਿੱਧੂ ਉਦੋਂ ਪੰਜਾਬੀ ਵਾਲਿਆਂ ਨੂੰ ਅਕਸਰ ਮਸ਼ਕਰੀਆਂ ਕਰਕੇ ਛਿੱਥੇ ਪਾਉਂਦਾ। ਬਹੁਤੀ ਵਾਰ ਪ੍ਰੋ: ਮਹਿੰਦਰ ਸਿੰਘ ਚੀਮਾਂ ਹੀ ਉਨ•ਾਂ ਦੀਆਂ ਗੱਲਾਂ ਦਾ ਮੋੜਾ ਮੋੜਦੇ। ਦਿਲਚਸਪ  ਵਾਰਤਾਲਾਪ ਹਾਸੇ ਖੇਡੇ ‘ਚ ਮੁੱਕਦੀ, ਅਸੀਂ ਅਕਸਰ ਵੇਖਦੇ। ਉਦੋਂ ਅੰਗਰੇਜ਼ੀ ਤੇ ਹੋਰ ਵਿਸ਼ਿਆਂ ਵਾਲੇ ਪ੍ਰੋਫੈਸਰ ਖੁਦ ਨੂੰ ਕੁਲੀਨ ਵਰਗ ‘ਚ ਗਿਣਦੇ ਹੁੰਦੇ ਸਨ ਤੇ ਪੰਜਾਬੀ ਵਾਲਿਆਂ ਨੂੰ ਐਵੇਂ ਵਾਧੂ ਘਾਟੂ। ਸ਼ਾਇਦ ਇਹ ਵੀ ਕਿਸੇ ਲੁਕਵੀਂ ਹੀਣ ਭਾਵਨਾ ਦਾ ਹੀ ਪ੍ਰਕਾਸ਼ ਹੋਵੇ।
ਕੁੱਝ ਵਰ•ੇ ਪਹਿਲਾਂ ਮੈਂ ਕੈਨੇਡਾ ਦੇ ਸਹਿਰ ਕੈਲਗਿਰੀ ਗਿਆ ਤਾਂ ਉਥੋਂ ਦੇ ਲਿਖਾਰੀਆਂ ਦੀ ਸਭਾ ਵਿੱਚ ਮੈਨੂੰ  ਪ੍ਰੋਫ਼ੈਸਰ ਮਨਜੀਤ ਸਿੰਘ ਸਿੱਧੂ ਮਿਲ ਪਏ। ਗੌਰਮਿੰਟ ਕਾਲਿਜ ਲੁਧਿਆਣਾ ਅਤੇ ਇਸ ਮੁਲਾਕਾਤ ਵਿਚ ਲਗਪਗ 28-29 ਸਾਲਾਂ ਦਾ ਵਕਫ਼ਾ ਸੀ। ਇਸ ਸਮੇਂ ਦੌਰਾਨ ਉਹ ਅਰਜਨ ਦਾਸ ਕਾਲਿਜ ਧਰਮਕੋਟ ਦੀ ਪ੍ਰਿੰਸੀਪਲਸ਼ਿਪ ਵੀ ਕਰ ਚੁੱਕੇ ਸਨ। ਪੰਜਾਬ ਯੂਨੀਵਰਸਿਟੀ ਸੈਨੇਟ ਸਿੰਡੀਕੇਟ ਦੀ ਚੌਧਰ ਵੀ ਰੱਜ ਕੇ ਮਾਣ ਚੁੱਕੇ ਸੀ। ਜ਼ਿੰਦਗੀ ਦੇ ਪਿਛਲੇ ਪਹਿਰ ਉਹ ਕੈਨੇਡਾ ਆਣ ਟਿਕੇ ਸਨ। ਇਸ ਟਿਕਾਉ ਵੇਲੇ ਉਨ•ਾਂ ਨੇ ਹੱਥ ‘ਚ ਕਲਮ ਫੜ ਲਈ। ਯਾਦਾਂ ਦੇ ਪੰਖੇਰੂਆਂ ਨੂੰ ਕਾਗਜ਼ੀ ਪਿੰਜਰਿਆਂ ‘ਚ ਪਾਉਣ ਲੱਗੇ। ਸਥਾਨਿਕ ਅਖ਼ਬਾਰਾਂ ਮੈਗਜ਼ੀਨਾਂ ‘ਚ ਉਹ ਅਕਸਰ ਛਪਦੇ। ਰਮਤੇ ਜੋਗੀ ਵਾਂਗ ਫਿਰਦਾ ਫਿਰਾਉਂਦਾ ਲਿਖਾਰੀ ਭਾਈ ਨਿੰਦਰ ਘੁਗਿਆਣਵੀ ਇਨ•ਾਂ ਦੇ ਸੰਪਰਕ ‘ਚ ਆ ਗਿਆ। ਨਿੰਦਰ ਦੀ ਹਿੰਮਤ ਸਦਕਾ ਹੀ ਪ੍ਰੋ: ਮਨਜੀਤ ਸਿੰਘ ਸਿੱਧੂ ਦੇ ਲੇਖ ਪੁਸਤਕ ਰੂਪ ‘ਚ ਸਾਂਭੇ ਗਏ। ਪਹਿਲੀ ਕਿਤਾਬ ‘ਵੰਨ ਸੁਵੰਨ’ ਨਾਂ ਹੇਠ ਆਈ। ਫਿਰ ਮੇਰੀ ਪੱਤਰਕਾਰੀ ਦੇ ਰੰਗ ਤੇ ਹੁਣ ”ਨਿੱਕੇ ਵੱਡੇ ਬੁਰਜ” ਛਪੀ ਹੈ। ਨਿੰਦਰ ਦਾ ਹੀ ਕਮਾਲ ਹੈ ਬਾਪੂ ਪ੍ਰੋ. ਮਨਜੀਤ ਸਿੰਘ ਦਾ ਬੋਹਲ ਸਾਂਭਣਾ। ਮੈਨੂੰ ਬੜੀ ਵਾਰ ਆਪਣੇ ਆਪ ਤੇ ਗੁੱਸਾ ਆਉਂਦਾ ਹੈ ਕਿ ਸਾਡੇ ‘ਚ ਨਿੰਦਰ ਘੁਗਿਆਣਵੀ ਵਾਲੀ ਊਰਜਾ ਅਤੇ ਦੂਸਰੇ ਦੇ ਕੰਮ ਆਉਣ ਵਾਲੀ ਭਾਵਨਾ ਓਨੀ ਪ੍ਰਬਲ ਕਿਉਂ ਨਹੀਂ?  ‘ਵੰਨ ਸੁਵੰਨ’ ਪੜ•ੀ ਤਾਂ ਪਤਾ ਲੱਗਾ ਕਿ ਗੌਰਮਿੰਟ ਕਾਲਿਜ ਦੀਆਂ ਟਾਹਲੀਆਂ ਹੇਠਲੇ ਪ੍ਰੋਫੈਸਰ ਮਨਜੀਤ ਸਿੰਘ ਸਿੱਧੂ ਨੂੰ ਹੁਣ ਕੈਨੇਡਾ ਦੇ ‘ ਮੈਪਲ ਬਿਰਖ਼’ ਨੇ ਓਟ ਦੇ ਦਿੱਤੀ ਹੈ। ਗੌਰਮਿੰਟ ਕਾਲਜ ਲੁਧਿਆਣਾ ਦੀ ਕੈਨਟੀਨ ਵਾਲੀ ਸੱਥ ਦੀ ਥਾਂ ਕੈਲਗਰੀ ਵਿੱਚ ਵੀ ਉਸਦਾ ਮਿੱਤਰ ਮੰਡਲ ਵਿਸ਼ਾਲ ਹੋ ਚੁੱਕਾ ਹੈ। ਬੁੱਢੇ ਪਹਿਲਵਾਨ ਵਾਂਗ ਜਵਾਨੀ ਦੇ ਕਿੱਸੇ ਸੁਣਨ ਵਾਲਾ ਕੋਈ ਹੋਵੇ ਤਾਂ ਬੰਦਾ ਡੋਲਦਾ ਹੀ ਨਹੀਂ। ਚੰਗੀ ਗੱਲ ਇਹ ਹੈ ਕਿ ਪ੍ਰੋਫਸਰ ਮਨਜੀਤ ਸਿੰਘ ਨੇ ਆਪਣੇ ਕਿੱਸੇ ਬੰਦਿਆਂ ਦੇ ਨਾਲ ਨਾਲ ਕਾਗ਼ਜ਼ਾਂ ਨੂੰ ਸੁਣਾਉਣੇ ਸ਼ੁਰੂ ਕਰ ਦਿੱਤੇ ਨੇ। ਸਮਾਜਕ ਸਾਰਥਿਕਤਾ ਵਾਲੇ ਵਿਸ਼ੇ, ਰਾਜਨੀਤੀ, ਸਾਹਿਤ ਤੇ ਸਭਿਆਚਾਰ ਤੋਂ ਇਲਾਵਾ ਜਿਉਣ ਯੋਗ ਯਾਦਾਂ ਉਸ ਨੁੰ ਸਿਰਜਣਾ ਦੇ ਮਾਰਗ ਤੇ ਤੋਰਦੀਆਂ ਹਨ। ਪਿਛਲੀ ਉਮਰੇ ਗੰਭੀਰ ਚਿੰਤਨਸ਼ੀਲ ਕਲਮ ਦਾ ਕਰਮਸ਼ੀਲ ਹੋਣਾ ਪੰਜਾਬੀ ਜ਼ੁਬਾਨ ਦਾ ਸੁਭਾਗ ਹੀ ਕਿਹਾ ਜਾ ਸਕਦੈ।
ਪ੍ਰੋ: ਮਨਜੀਤ ਸਿੰਘ ਸਿੱਧੂ ਦੀ ਸੱਜਰੀ ਕਿਤਾਬ ‘ਨਿੱਕੇ ਵੱਡੇ ਬੁਰਜ’ ਮੈਨੂੰ ਕੁਝ ਦਿਨ ਪਹਿਲਾਂ ਹੀ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਰਾਹੀਂ ਮੇਰੇ ਤੀਕ ਪਹੁੰਚੀ ਹੈ। ਦੇਸ਼ ਦੀ ਵੰਡ ਵੇਲੇ ਦੀ ਜਵਾਨੀ ਦਾ ਪ੍ਰਤੀਕ ਨੇ ਪ੍ਰੋ: ਸਿੱਧੂ ਅਤੇ ਪ੍ਰਿੰਸੀਪਲ ਬਜਾਜ। ਸੁਪਨਿਆਂ ਨਾਲ ਹਕੀਕਤ ਦਾ ਸੁਮੇਲ ਕਰਨ ਵਾਲੀ ਪੀੜ•ੀ ਦੇ ਯੋਧੇ। ਕਾਸ਼ ! ਅਸੀਂ ਇਨ•ਾਂ ਵਰਗੇ ਹੁੰਦੇ। ਜੇ ਹੁੰਦੇ ਤਾਂ ਪੰਜਾਬ ਦਾ ਇਹ ਹਾਲ ਨਹੀਂ ਸੀ ਹੋਣਾ। ‘ਨਿੱਕੇ ਵੱਡੇ ਬੁਰਜ’ ਵਿੱਚ ਪ੍ਰੋ: ਸਿੱਧੂ ਨੇ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਦੇਵਿੰਦਰ ਸਥਿਆਰਥੀ , ਬਲਵੰਤ ਗਾਰਗੀ, ਤਾਰਾ ਸਿੰਘ ਹੇਅਰ ਬਾਨੀ ਸੰਪਾਦਕ ਇੰਡੋ ਕੈਨੇਡੀਅਨ ਟਾਈਮਜ਼, ਪ੍ਰੋਫੈਸਰ ਪ੍ਰੀਤਮ ਸਿੰਘ, ਪ੍ਰੋ: ਸੁਰਿੰਦਰ ਸਿੰਘ ਨਰੂਲਾ, ਖਾਲਿਸਤਾਨੀ ਆਗੂ ਜਗਜੀਤ ਸਿੰਘ ਚੌਹਾਨ, ਇਕਬਾਲ ਅਰਪਨ, ਬਰਕਤ ਸਿੱਧੂ, ਭਾਈ ਨਰਿੰਦਰ ਸਿੰਘ ਮੁਕਤਸਰ, ਪ੍ਰੋ: ਨਰਿੰਜਨ ਤਸਨੀਮ ਅਤੇ ਨਿੰਦਰ ਘੁਗਿਆਣਵੀ ਨਾਲ ਗੁਜ਼ਾਰੇ ਪਲਾਂ ਦਾ ਜੀਵੰਤ ਲੇਖਾ ਜੋਖਾ ਪੇਸ਼ ਕੀਤਾ ਹੈ। ਇਹ ਰੇਖਾ ਚਿਤਰ ਨਿਰੇ ਪੁਰੇ ਸਾਂਝ ਦੇ ਪਲਾਂ ਦਾ ਪ੍ਰਕਾਸ਼ ਹੀ ਨਹੀਂ ਸਗੋਂ ਇਹ ਤਾਂ ਵਕਤ ਦੀ ਨਿਸ਼ਾਨਦੇਹੀ ਵਰਗੇ ਲੇਖ ਹਨ। ਘਟਨਾਵਾਂ ਦੁਰਘਟਨਾਵਾਂ ਦੇ ਪਰਛਾਵਿਆਂ ‘ਚੋਂ ਉਸੱਰਦੇ ਪੰਜਾਬ ਦੇ ਨਕਸ਼ ਨਵੇਲੇ। ਪ੍ਰੋ: ਸਿੱਧੂ ਲਈ ਪ੍ਰੋ: ਸੁਰਿੰਦਰ ਸਿੰਘ ਨਰੂਲਾ ਸਾਹਿਤ ਦਾ ਸਮੁੰਦਰ ਸੀ। ਕੈਂਸਰ ਵਰਗੇ ਰੋਗ ਤੋਂ ਪੀੜਤ ਹੋਣ ਦੇ ਬਾਵਜੂਦ ਜ਼ਿੰਦਗੀ ਦਾ ਭਰ ਵਗਦਾ ਦਰਿਆ। ਰੱਬ ਨੂੰ ਮਜ਼ਾਕ ਕਰਨ ਵਾਲਾ ਤਰਕਸ਼ੀਲ  । ਫ਼ਰੀਦਕੋਟ, ਲੁਧਿਆਣਾ ਵਿੱਚ ਸਹਿਕਰਮੀ ਅਤੇ ਅਦਬ ਵਿੱਚ ਘਣਛਾਵਾਂ ਬਿਰਖ਼ ਪ੍ਰੋ: ਨਰੂਲਾ ਪ੍ਰੋ: ਸਿੱਧੂ ਦੀ ਕਲਮ ਤੋਂ ਹੋਰ ਵੀ ਉਚੇਰਾ ਲੱਗਦਾ ਹੈ।
ਗਿਆਨੀ ਜ਼ੈਲ ਸਿੰਘ ਦੀ ਦੇਸ਼ ਭਗਤੀ, ਮੁੱਖ ਮੰਤਰੀ ਕਾਲ ਦੀ ਲੋਕ ਪ੍ਰਸਤੀ ਅਤੇ ਸੱਜਣਾਂ ਨੂੰ ਚੇਤੇ ਰੱਖਣ ਦੀ ਲਿਆਕਤ ਉੱਸਰਦੀ ਹੈ ਪ੍ਰੋ: ਸਿੱਧੂ ਦੀ ਲਿਖ਼ਤ ‘ਚੋਂ। ਪ੍ਰੋ: ਸਿੱਧੂ ਨੇ ਆਪਣੇ ਸੰਘਰਸ਼ਸ਼ੀਲ ਵਿਦਿਆਰਥੀ ਕਾਲ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੀਕ ਦੀ ਨੇੜਤਾ ਚੋਂ ਵੇਖੇ ਗਿਆਨੀ ਜੀ ਦੇ ਸਾਨੂੰ ਨੇੜ ਦਰਸ਼ਨ ਕਰਵਾਏ ਹਨ। ਦੇਵਿੰਦਰ ਸਤਿਆਰਥੀ ਦੀਆਂ ਲਿਖਤਾਂ ਤੋਂ ਸਤਵੀਂ ਅੱਠਵੀਂ ਜਮਾਤੇ ਵਾਕਿਫ਼ ਹੋਏ ਪ੍ਰੋਫੈਸਰ ਸਾਹਿਬ ਉਸ ਦੀ ਨਿਰੰਤਰ ਪੈੜ ਦੀ ਟੋਹ ਰੱਖਦੇ ਹਨ। ਬਲਵੰਤ ਗਾਰਗੀ ਨੂੰ ਬਠਿੰਡੇ ਦਾ ਸਾਹਿਤਕ ਬੁਰਜ ਕਹਿ ਕੇ ਵਡਿਆਉਂਦੇ ਹਨ। ਮੋਗਾ ਜ਼ਿਲ•ੇ ਦੇ ਪਿੰਡ ਮਧੇ ਕੇ ਦੇ ਬਾਈ ਜਗਤ ਸਿੰਘ ਧਾਲੀਵਾਲ ਵਿਚਲੇ ਲੋਕ ਨਾਇਕਤਵ ਨੂੰ ਉਸਾਰਦੇ ਹਨ। ਪਹਿਲਾਂ ਅਫ਼ਰੀਕਾ ਤੇ ਮਗਰੋਂ ਕੈਨੇਡਾ ਦੇ ਸ਼ਹਿਰ ਕੈਲਗਰੀ ਵੱਸੇ ਜਗਰਾਉਂ ਨੇੜਲੇ ਪਿੰਡ ਛੱਜਵਾਲ ਦੇ ਜੰਮੇ ਜਾਏ ਲਿਖਾਰੀ ਇਕਬਾਲ ਅਰਪਨ ਨੂੰ ਪ੍ਰੋ: ਸਿੱਧੂ ‘ਨੇਕੀ ਦੇ ਨਾਇਕ’ ਵਜੋਂ ਚੇਤੇ ਕਰਦੇ ਹਨ। ਇਕਬਾਲ ਅਪਰਨ ਕੈਲਗਰੀ ਦਾ ਕੇਂਦਰੀ ਭਾਈਚਾਰਕ ਧੁਰਾ ਸੀ। ਇਕਬਾਲ ਨੇ ਅੱਖਾਂ ਮੀਟੀਆਂ ਤਾਂ ਲਿਖਾਰੀਆਂ ਦਾ ਟੱਬਰ ਖਿੱਲਰ ਗਿਆ। ਕੁਲਵੰਤ ਸਿੰਘ ਵਿਰਕ  ਦੀ ਕਹਾਣੀ ‘ਤੂੜੀ ਦੀ ਪੰਡ’ ਵਾਂਗ। ਜ਼ਬਾਨ ਨੂੰ ਲੋੜੀਂਦੇ ਏਕੇ ਦਾ ਚੇਤਾ ਸਭ ਨੂੰ ਵਿੱਸਰ ਗਿਆ। ਇਕਬਾਲ ਅਰਪਨ ਦੇ ਭੱਥੇ ਵਿਚਲੇ ਤੀਰ ਸਮਾਜਕ ਕੁਰੀਤੀਆਂ ਦੇ ਖਿਲਾਫ ਲਗਾਤਾਰ ਚੱਲਦੇ ਰਹੇ। ਕੈਲਗਰੀ ਵੱਸਦੇ ਸ: ਜੋਗਿੰਦਰ ਸਿੰਘ ਬੈਂਸ ਨੂੰ ਉਹ ‘ਮਾਈ ਦਾ ਲਾਲ’ ਕਹਿੰਦੈ। ਐਲਬਰਟਾ ਸੂਬੇ ਦੀ ਅਸੈਂਬਲੀ ਦਾ ਮੈਂਬਰ ਰਾਜ ਪਨੂੰ ਹੋਵੇ ਜਾਂ ਭਗਵੰਤ ਸਿੰਘ ਰੰਧਾਵਾ, ਦੋਹਾਂ ਦਾ ਵਿਰਸਾ ਤੇ ਵਰਤਮਾਨ ਸਾਡੇ ਸਨਮੁਖ ਪੇਸ਼ ਕਰ ਦੇਂਦੇ ਹਨ। ਦਰਵੇਸ਼ ਸੂਫ਼ੀ ਗਾਇਕ ਬਰਕਤ ਸਿੱਧੂ ਵੀ ਉਨ•ਾਂ ਦੀ ਕਲਮ ਦੀ ਮਾਰ ਤੋਂ ਨਹੀਂ ਬਚ ਸਕਿਆ। ਗਿਆਨ ਦਾ ਪੁੰਜ ਗਿਆਨ ਸਿੰਘ ਬਸਰਾ ਉਸ ਦੀਆਂ ਨਜ਼ਰਾਂ ‘ਚ ਸਚਮੁੱਚ ਗਿਆਨਵਾਨ ਪੁਰਖ਼ ਸੀ। ਪੰਜਾਬ ਦੇ ਵਿੱਤ ਮੰਤਰੀ ਰਹੇ ਖਾਲਿਸਤਾਨੀ ਆਗੂ ਜਗਜੀਤ ਸਿੰਘ ਚੌਹਾਨ ਨੂੰ ਬੇਚੈਨ ਰੂਹ ਵਜੋਂ ਚੇਤੇ ਕਰਦਿਆਂ ਉਸ ਦੀ ਸਖਸ਼ੀਅਤ ਦੇ ਅਣਕਹੇ ਪਹਿਲੂ ਬੇਪਰਦ ਕੀਤੇ ਹਨ। ਕੈਲਗਰੀ ਵਾਲੇ ਗੁਆਂਢੀ ਸ: ਗੁਰਦਿਆਲ ਸਿੰਘ ਬਰਾੜ ਹੋਣ ਜਾਂ ਪੰਜਾਬੀ ਪਿਆਰੇ ਪ੍ਰੋ: ਪ੍ਰੀਤਮ ਸਿੰਘ ਪਟਿਆਲਾ ਸਭਨਾਂ ਦਾ ਅਣਵੇਖਿਆ ਚਿਹਰਾ ਹੀ ਅੱਗੇ ਆਉਂਦਾ ਹੈ। ਕਾਮਰੇਡ ਰੁਲਦੂ ਖਾਂ ਨੂੰ ਪਾਰਟੀਆਂ ਵਾਲੇ ਤਾਂ ਭੁੱਲ ਭੁਲਾ ਗਏ ਪਰ ਪ੍ਰੋ: ਸਿੱਧੂ ਦੇ ਯਾਦ ਖ਼ਜਾਨੇ ‘ਚੋਂ ਉਹ ਗੈਰ ਹਾਜ਼ਰ ਨਹੀਂ ਹੋਏ। ਹੁਣ ਮੇਰੇ ਮਿੱਤਰ ਤੇ ਪ੍ਰਮੁੱਖ ਨਾਵਲਕਾਰ ਬਲਦੇਵ ਸਿੰਘ ਨੇ ਰੁਲਦੂ ਖਾਂ ਦੇ ਜੀਵਨ ਤੇ ਅਧਾਰਤ ਨਾਵਲ ਮੈਂ ਪਾਕਿਸਤਾਨ ਨਹੀਂ ਜਾਣਾ ਲਿਖਿਐ। ਤਾਰਾ ਸਿੰਘ ਹੇਅਰ ਵਰਗੇ ਪੱਤਰਕਾਰ, ਹਰਪ੍ਰਕਾਸ਼ ਸਿੰਘ ਜਨਾਗਲ ਵਰਗੇ ਚਿਤਰਕਾਰ, ਕੈਨੇਡਾ ਦੀ ਜੰਮੀ ਜਾਈ ਪ੍ਰਤੀਬੱਧ ਸੋਸ਼ਲ ਵਰਕਰ ਸਵਾਤੀ ਐਡੀਸ਼ਨ ਫਰਨੈਂਡੋ, ਪੱਤੋ ਹੀਰਾ ਸਿੰਘ (ਮੋਗਾ) ਦਾ ਜੰਮਪਲ ਕਹਾਣੀਕਾਰ ਸਵ: ਅਜੀਤ ਸਿੰਘ ਪੱਤੋ, ਪੰਜਾਬੀ ਨਾਵਲਕਾਰ ਪ੍ਰੋ: ਨਰਿੰਜਨ ਤਸਨੀਮ, ਸਮਾਜ ਸੇਵਕ ਹਰਦੇਵ ਸਿੰਘ ਡਾਲਾ (ਮੋਗਾ) ਮੁਕਤਸਰ ਵੱਸਦੇ ਭਾਈ ਨਰਿੰਦਰ ਸਿੰਘ ਜੀ, ਹੈਰੀ ਸੋਹਲ, ਜਸਟਿਸ ਮਹਿੰਦਰ ਸਿੰਘ ਜੋਸ਼ੀ, ਕਾਮਰੇਡ ਅਜੀਤ ਸਿੰਘ, ਐਮ ਐਲ ਸੀ ਰਹੇ ਸ: ਗੁਰਚਰਨ ਸਿੰਘ ਕਿਸ਼ਨਪੁਰਾ, ਸ: ਬਸੰਤ  ਸਿੰਘ ਮੋਗਾ, ਸਾਡਾ ਨਿੰਦਰ ਘੁਗਿਆਣਵੀ ਤੇ ਅਖ਼ੀਰ ‘ਚ ਨੱਥੂ ਵਾਲਾ ਜਦੀਦ ਦੇ ਜੰਮੇ ਜਾਏ ਪ੍ਰਿੰਸੀਪਲ ਦਲੀਪ ਸਿੰਘ ਗਿੱਲ ਦਾ ਜ਼ਿਕਰ ਸਾਡੇ ਸਾਹਮਣੇ ਸਮੁੱਚੀ ਧਰਤੀ ਨੂੰ ਇਕ ਸਫ਼ਾ ਬਣਾ ਦਿੰਦਾ ਹੇ।
ਵੇਖੇ ਭਾਲੇ ਮੁਹਾਂਦਰਿਆਂ ਬਾਰੇ ਲਿਖਣਾ ਆਸਾਨ ਹੁੰਦਾ ਹੈ ਪਰ ਸਧਾਰਨ ਲੋਕਾਂ ਦੀਆਂ ਅਸਧਾਰਨ ਪ੍ਰਾਪਤੀਆਂ ਨੂੰ ਕਲਮ ਹਵਾਲੇ ਕਰਨਾ ਸੂਰਮਗਤੀ ਹੈ।
ਪ੍ਰੋ: ਮਨਜੀਤ ਸਿੰਘ ਸਿੱਧੂ ਦੀ ਕਿਤਾਬ ‘ਨਿੱਕੇ ਵੱਡੇ ਬੁਰਜ’ ਬਰਨਾਲੇ ਵਾਲੇ ਮਿੱਤਰ ਮੇਘ ਰਾਜ ਮਿੱਤਰ ਦੇ ਪੁੱਤਰ ਅਮਿਤ ਮਿੱਤਰ ਵਿਸ਼ਵ ਭਾਰਤੀ ਪ੍ਰਕਾਸ਼ਨ ਵੱਲੋਂ ਛਾਪੀ ਹੈ। ਪੜ•ੋਗੇ ਤਾਂ ਜਾਣੋਗੇ ਕਿ ਛਾਂਗੇ ਰੁੱਖ ਨੂੰ ਪਿਛਲੀ ਉਮਰੇ ਫੁੱਟੇ ਟਾਹਣਿਆਂ ਦੇ ਪੱਤੇ ਕਿੰਨੇ ਹੁਸੀਨ ਹੁੰਦੇ ਨੇ। ਪ੍ਰੋ: ਸਿੱਧੂ ਦੀ ਇਹ ਲਿਖਤ ਤੁਹਾਨੂੰ ਤਜ਼ਰਬੇ ਪੱਖੋਂ ਅਮੀਰ ਕਰਦੀ ਹੈ, ਕਿਸੇ ਕਿਤਾਬ ਦੀ ਸਭ ਤੋਂ ਵੱਡੀ ਇਹੀ ਪ੍ਰਾਪਤੀ ਵੀ ਹੁੰਦੀ ਹੈ।

Translate »