ਸਾਲ 2020 ਤੱਕ ਹਰ ਗਰੀਬ ਆਦਮੀ ਨੂੰ ਮਕਾਨ ਪ੍ਰਦਾਨ ਕਰਨ ਦਾ ਟੀਚਾ
288 ਕਰੋੜ ਰੁਪਏ ਦੇ ਮਕਾਨ ਉਸਾਰੀ ਪ੍ਰਾਜੈਕਟ ਗਰੀਬਾਂ ਨੂੰ ਵੱਡੀ ਰਾਹਤ ਦੇਣਗੇ
ਮੋਹਾਲੀ, 15 ਮਈ: ਪੰਜਾਬ ਦੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਨੇ ਗਮਾਡਾ ਦੇ ਖੇਤਰ ਵਿਚ ਆਰਥਿਕ ਤੌਰ ਤੇ ਕਮਜੋਰ 7200 ਪਰਿਵਾਰਾਂ ਨੂੰ ਮਕਾਨ ਪ੍ਰਦਾਨ ਕਰਨ ਦੇ ਇਕ ਉਤਸ਼ਾਹੀ ਪ੍ਰੋਗਰਾਮ ਨੂੰ ਅੱਜ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਅੱਜ ਇਥੇ ਹੋਈ ਇਕ ਮੀਟਿੰਗ ਜਿਸ ਵਿਚ ਪੰਜਾਬ ਦੇ ਵਿੱਤ ਤੇ ਯੋਜਨਾਬੰਦੀ ਮੰਤਰੀ ਸ਼੍ਰੀ ਪਰਮਿੰਦਰ ਸਿੰਘ ਢੀਡਸਾ ਅਤੇ ਸਹਿਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਅਤੇ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ ਵਿਚ ਇਹ ਫੈਸਲਾ ਕੀਤਾ ਗਿਆ ਹੈ ਕਿ ਗਮਾਡਾ ਆਪਣੇ ਅਧਿਕਾਰ ਖੇਤਰ ਵਾਲੇ ਇਲਾਕੇ ਵਿਚ ਪ੍ਰਵਾਨਿਤ ਸਮੂਹ ਮੈਗਾ ਪ੍ਰਾਜੈਕਟਾਂ ਵਿਚ ਆਰਥਿਕ ਤੌਰ ਤੇ ਕਮਜੋਰ ਵਿਅਕਤੀਆਂ ਨੂੰ ਘਰ ਪ੍ਰਦਾਨ ਕਰਨ ਦੀ ਸ਼ਰਤ ਦੀ ਸਖਤੀ ਨਾਲ ਪਾਲਣਾ ਕਰਵਾਏਗੀ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੀ ਇਹ ਜਿੰਮੇਵਾਰੀ ਹੈ ਕਿ ਸਾਲ 2020 ਤੱਕ ਰਾਜ ਦੇ ਹਰ ਗਰੀਬ ਵਿਅਕਤੀ ਨੂੰ ਰਹਿਣ ਲਈ ਮਕਾਨ ਪ੍ਰਦਾਨ ਕੀਤਾ ਜਾਵੇ ਅਤੇ ਗਮਾਡਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਗਲੇ ਦੋ ਸਾਲਾਂ ਦੌਰਾਨ 7200 ਮਕਾਨਾਂ ਦੀ ਉਸਾਰੀ ਨੂੰ ਮੁਕੰਮਲ ਕੀਤਾ ਜਾਵੇ। ਉਨ•ਾਂ ਕਿਹਾ ਕਿ 288 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਹ ਮਕਾਨ ਆਰਥਿਕ ਤੌਰ ਤੇ ਕਮਜੋਰ ਪਰਿਵਾਰਾਂ ਨੂੰ ਨਿਰਧਾਰਤ ਨਿਯਮਾਂ ਅਨੁਸਾਰ ਮੁਹੱਇਆ ਕਰਵਾਏ ਜਾਣ ਅਤੇ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਮੋਹਾਲੀ ਦੇ ਭਵਿੱਖ ਦੇ ਸੂਚਨਾ ਤਕਨਾਲੋਜੀ ਕੇਦਰ ਵਜੋ ਵਿਕਾਸ ਤੇ ਧਿਆਨ ਕੇਦਰਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਗਮਾਡਾ ਜਾਰੀ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟਾਂ ਨੂੰ ਸਮੇ ਸਿਰ ਮੁਕੰਮਲ ਕਰਨ ਲਈ ਹਰ ਸੰਭਵ ਯਤਨ ਕਰੇ ਅਤੇ ਇਨ•ਾਂ ਪ੍ਰਾਜੈਕਟਾਂ ਦੇ ਨਿਰਮਾਣ ਵਿਚ ਗੁਣਵੱਤਾ ਦੇ ਮਿਆਰ ਨੂੰ ਹਰ ਹਾਲਤ ਵਿਚ ਬਰਕਰਾਰ ਰੱਖਿਆ ਜਾਵੇ। ਉਨ•ਾਂ ਕਿਹਾ ਕਿ ਭਵਿੱਖ ਵਿਚ ਸੜਕਾਂ ਦੇ ਨਿਰਮਾਣ ਬਾਰੇ ਹੋਣ ਵਾਲੇ ਸਾਰੇ ਟੈਡਰਾਂ ਵਿਚ ਸਬੰਧਤ ਸੜਕ ਦੀ ਪੰਜ ਸਾਲਾਂ ਤੱਕ ਦੇਖ ਰੇਖ ਦੀ ਸ਼ਰਤ ਵੀ ਸ਼ਾਮਲ ਕੀਤੀ ਜਾਵੇ। ਉਨ•ਾਂ ਗਮਾਡਾ ਨੂੰ ਸਮੂਹ ਪਾਰਕਾਂ ਦੀ ਢੁੱਕਵੀ ਸਾਂਭ ਸੰਭਾਲ ਅਤੇ ਸੜਕਾਂ ਦੀ ਇਕਸਾਰ ਸੰਭਾਲ ਲਈ ਨਗਰ ਨਿਗਮ ਨਾਲ ਤਾਲਮੇਲ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ•ਾਂ ਕਿਹਾ ਕਿ ਅਸੀ ਮੋਹਾਲੀ ਨੂੰ ਭਵਿੱਖ ਦੇ ਸੂਚਨਾ ਤਕਨਾਲੋਜੀ ਕੇਦਰ ਵਜੋ ਪੇਸ਼ ਕਰਨਾ ਹੈ ਅਤੇ ਇਸ ਲਈ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੇ ਨਿਰਮਾਣ ਵਿਚ ਕਿਸੇ ਤਰ•ਾਂ ਦੀ ਵੀ ਢਿੱਲ ਮੱਠ ਬਰਦਾਸ਼ਤ ਨਹੀ ਹੋਵੇਗੀ।
ਮੀਟਿੰਗ ਵਿਚ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਰਾਕੇਸ਼ ਸਿੰਘ, ਵਿੱਤ ਕਮਿਸ਼ਨਰ ਮਾਲ ਸ਼੍ਰੀ ਐਨ.ਐਸ. ਕੰਗ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਅਤੇ ਸਕੱਤਰ ਮਕਾਨ ਉਸਾਰੀ ਸ਼੍ਰੀ ਐਸ.ਕੇ.ਸੰਧੂ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਪੀ.ਐਸ. ਔਜਲਾ, ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਸ਼੍ਰੀ ਸਰਵਜੀਤ ਸਿੰਘ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਗਗਨਦੀਪ ਸਿੰਘ ਬਰਾੜ ਪ੍ਰਮੁੱਖ ਤੌਰ ਤੇ ਸ਼ਾਮਲ ਸਨ।