May 16, 2012 admin

20 ਤੋਂ 28 ਮਈ ਤੱਕ ਬਸੀ ਪਠਾਣਾ ਵਿਖੇ ਲੜਕੀਆਂ ਦੀ ਸਬ ਜੂਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ‘ਚ ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ 25 ਟੀਮਾਂ ਦੀਆਂ 500 ਤੋਂ ਵੀ ਵੱਧ ਹਾਕੀ ਖਿਡਾਰਨਾਂ ਭਾਗ ਲੈਣਗੀਆਂ: ਜਸਟਿਸ ਨਿਰਮਲ ਸਿੰਘ

ਬਸੀ ਪਠਾਣਾ (ਸ਼੍ਰੀ ਫਤਹਿਗੜ੍ਹ ਸਾਹਿਬ): 16 ਮਈ : ਪੈਪਸੂ ਮਹਿਲਾ ਹਾਕੀ ਐਸੋਸੀਏਸ਼ਨ, ਜ਼ਿਲ੍ਹਾ ਮਹਿਲਾ ਹਾਕੀ ਐਸੋਸੀਏਸ਼ਨ ਅਤੇ ਮੇਹਰ ਬਾਬਾ ਚੈਰੀਟੇਬਲ ਟਰਸਟ ਵੱਲੋਂ ਭਾਰਤੀ ਹਾਕੀ ਫੈਡਰੇਸ਼ਨ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ 20 ਮਈ ਤੋਂ 28 ਮਈ ਤੱਕ ਬਸੀ ਪਠਾਣਾ ਦੀ ਆਈ.ਟੀ.ਆਈ. ਦੇ ਹਾਕੀ ਮੈਦਾਨ ਵਿੱਚ ਕਰਵਾਈ ਜਾ ਰਹੀ 14 ਸਾਲ ਤੋਂ ਘੱਟ ਵਰਗ ਦੀਆਂ ਲੜਕੀਆਂ ਦੀ ਸਬ ਜੂਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਆਪਣੇ-ਆਪ ਵਿੱਚ ਹਾਕੀ ਦਾ ਬਹੁਤ ਵੱਡਾ ਮੇਲਾ ਸਾਬਤ ਹੋਵੇਗਾ ਕਿਉਂਕਿ ਇਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ 25 ਟੀਮਾਂ ਦੀਆਂ 500 ਤੋਂ ਵੀ ਵੱਧ ਹਾਕੀ ਖਿਡਾਰਨਾਂ ਭਾਗ ਲੈ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬਸੀ ਪਠਾਣਾ ਸੇਵਾ ਮੁਕਤ ਜਸਟਿਸ ਨਿਰਮਲ ਸਿੰਘ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਜਿੱਥੇ ਰਾਸ਼ਟਰ ਪੱਧਰ ਦੇ ਇਨ੍ਹਾਂ ਹਾਕੀ ਮੁਕਾਬਲਿਆਂ ਤੋਂ ਹਾਕੀ ਖੇਡ ਨੂੰ ਹੋਰ ਪ੍ਰਫੂਲਤ ਕਰਨ ਵਿੱਚ ਮਦਦ ਮਿਲੇਗੀ, ਉੱਥੇ ਮਹਿਲਾ ਸਸ਼ਕਤੀਕਰਨ ਦਾ ਵੀ ਇਹ ਮੁਕਾਬਲੇ ਆਧਾਰ ਬਣਨਗੇ।
       ਸੇਵਾ ਮੁਕਤ ਜਸਟਿਸ ਨਿਰਮਲ ਸਿੰਘ ਨੇ ਆਖਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੀਆਂ ਲੜਕੀਆਂ ਹੋਰ ਨੌਜਵਾਨ ਲੜਕੇ ਅਤੇ ਲੜਕੀਆਂ ਲਈ ਚਾਨਣ ਮੁਨਾਰਾ ਸਾਬਤ ਹੋਣਗੀਆਂ ਕਿਉਂਕਿ ਪੰਜਾਬ ਦੇ ਪਿੰਡਾਂ ਦੀਆਂ ਮੁਟਿਆਰਾਂ ਅਤੇ ਗਭਰੂਆਂ ਵਿੱਚ ਖੇਡ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਬਲਕਿ ਲੋੜ ਉਹਨਾਂ ਨੂੰ ਖੇਡਣ ਲਈ ਸਾਜਗਾਰ ਮਾਹੌਲ ਦੇਣ ਦੀ ਹੈ। ਉਹਨਾਂ ਆਖਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਰਾਜਾਂ ਤੋਂ ਆਈਆਂ ਲੜਕੀਆਂ ਆਪਣੀ ਖੇਡ ਪ੍ਰਤਿਭਾ ਦਾ ਮੁਜ਼ਾਹਰਾ ਕਰਨਗੀਆਂ, ਉਥੇ ਉਹਨਾਂ ਵਿੱਚ ਖੇਡ ਮੁਕਾਬਲੇ ਦੀ ਇੱਛਾ ਹੋਰ ਮਜਬੂਤ ਹੋਵੇਗੀ ਅਤੇ ਇਸ ਚੈਂਪੀਅਨਸ਼ਿਪ ਦੀਆਂ ਜੇਤੂ ਖਿਡਾਰਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਮੌਕਾ ਮਿਲੇਗਾ।
       ਵਿਧਾਇਕ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦਾ ਉਦਘਾਟਨ 20 ਮਈ ਨੂੰ ਸਵੇਰੇ 10:00 ਵਜੇ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਕਰਨਗੇ ਅਤੇ 28 ਮਈ ਨੂੰ ਜੇਤੂ ਟੀਮਾਂ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਇਨਾਮ ਵੰਡਣਗੇ। ਉਨ੍ਹਾਂ ਆਖਿਆ ਕਿ ਬਸੀ ਪਠਾਣਾ ਵਿਖੇ ਰਾਸ਼ਟਰ ਪੱਧਰ ਦੇ ਇਹ ਮੁਕਾਬਲੇ ਆਯੋਜਿਤ ਕਰਨ ਨਾਲ ਇਹ ਸ਼ਹਿਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀ ਪ੍ਰਸਿੱਧੀ ਵਾਲਾ ਸ਼ਹਿਰ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਹਰਲੇ ਰਾਜਾਂ ਤੋਂ ਆਉਣ ਵਾਲੀਆਂ ਖਿਡਾਰਨਾਂ ਨੂੰ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਸੁਨਿਹਰੀ ਇਤਿਹਾਸ ਬਾਰੇ ਜਾਨਣ ਦਾ ਮੌਕਾ ਵੀ ਮਿਲੇਗਾ।
       ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ. ਜਗਦੀਪ ਸਿੰਘ ਚੀਮਾ ਨੇ ਪ੍ਰਬੰਧਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਇਸ ਰਾਸ਼ਟਰ ਪੱਧਰ ਦੇ ਹਾਕੀ ਮੁਕਾਬਲਿਆਂ ਦੀ ਸਫਲਤਾ ਲਈ ਪਾਰਟੀ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਜਿੱਥੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਯਤਨਾਂ ਸਦਕਾ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਮਿਲੀ ਹੈ, ਉੱਥੇ ਕਿਸੇ ਸਮੇਂ ਸਾਡੀ ਰਾਸ਼ਟਰੀ ਖੇਡ ਹਾਕੀ ਦੀ ਰਾਸ਼ਟਰੀ ਟੀਮ ਵਿੱਚ ਜ਼ਿਆਦਾਤਰ ਪੰਜਾਬ ਦੇ ਖਿਡਾਰੀ ਹੀ ਹੁੰਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜਿਹੇ ਮੁਕਾਬਲਿਆਂ ਦੇ ਆਯੋਜਨ ਨਾਲ ਹੇਠਲੇ ਪੱਧਰ ਤੱਕ ਹਾਕੀ ਦੀ ਖੇਡ ਮੁੜ ਤੋਂ ਆਪਣਾ ਪੁਰਾਣਾ ਗੌਰਵ ਹਾਸਲ ਕਰੇਗੀ।
       ਮੇਹਰ ਬਾਬਾ ਚੈਰੀਟੇਬਲ ਟਰਸਟ ਦੇ ਪ੍ਰਧਾਨ ਪ੍ਰੋ: ਹਰਦਰਸ਼ਨ ਸਿੰਘ ਮੇਜੀ ਨੇ ਦੱਸਿਆ ਕਿ ਉਹਨਾਂ ਦੇ ਟਰਸਟ ਵੱਲੋਂ ਪਿਛਲੇ ਕੁਝ ਵਰ੍ਹਿਆਂ ਤੋਂ ਬਸੀ ਪਠਾਣਾ ਵਿਖੇ ਛੋਟੀ ਉਮਰ ਦੀਆਂ ਲੜਕੀਆਂ ਵਿੱਚ ਹੀ ਹਾਕੀ ਦੀ ਖੇਡ ਪ੍ਰਤੀ ਰੂਚੀ ਪੈਦਾ ਕਰਨ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਅਧੀਨ ਬਸੀ ਪਠਾਣਾ ਬਲਾਕ ਦੇ 20 ਪਿੰਡਾਂ ਨੂੰ ਚੁਣ ਕੇ ਉੱਥੋਂ ਦੀਆਂ ਹਾਕੀ ਵਿੱਚ ਰੂਚੀ ਰੱਖਣ ਵਾਲੀ ਲੜਕੀਆਂ ਨੂੰ ਹਾਕੀ ਖੇਡਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੀਆਂ ਖਿਡਾਰਨਾਂ ਦੀ ਰਿਹਾਇਸ਼ ਵਾਸਤੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦਰਸ਼ਕਾਂ ਦੇ ਬੈਠਣ ਲਈ ਵੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਆਖਿਆ ਕਿ ਇਹ ਮੁਕਾਬਲੇ ਬਸੀ ਪਠਾਣਾ ਲਈ ਇਤਿਹਾਸਕ ਮੁਕਾਬਲੇ ਹੋਣਗੇ ਕਿਉਂਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਵਿੱਚ ਹਾਕੀ ਪ੍ਰਤੀ ਰੂਚੀ ਪੈਦਾ ਕਰਨ ਲਈ ਇਹ ਮੁਕਾਬਲੇ ਪ੍ਰੇਰਣਾ ਦਾ ਸਰੋਤ ਸਾਬਤ ਹੋਣਗੇ।
       ਇਸ ਮੌਕੇ ਐਸ.ਡੀ.ਐਮ. ਬਸੀ ਪਠਾਣਾ ਸ਼੍ਰੀ ਸੁਖਦੇਵ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਬਸੀ ਪਠਾਣਾ ਸ਼੍ਰੀ ਲਖਵੀਰ ਸਿੰਘ ਥਾਬਲ, ਸ਼੍ਰੀ ਮਲਕੀਤ ਸਿੰਘ ਮਠਾੜੂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਬਸੀ ਪਠਾਣਾ, ਸ਼੍ਰੀ ਸਤਨਾਮ ਸਿੰਘ ਬਰਾਸ ਚੇਅਰਮੈਨ ਬਲਾਕ ਸੰਮਤੀ ਖੇੜਾ, ਬੀ.ਡੀ.ਪੀ.ਓ. ਸ. ਚਰਨਜੋਤ ਸਿੰਘ, ਸਕੱਤਰ ਮਾਰਕੀਟ ਕਮੇਟੀ ਬਸੀ ਪਠਾਣਾ ਸ਼੍ਰੀ ਭੁਪਿੰਦਰਪਾਲ ਸਿੰਘ, ਸ. ਕਿਰਪਾਲ ਸਿੰਘ ਸੇਠੀ ਜਨਰਲ ਸਕੱਤਰ ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ਼੍ਰੀ ਅਸ਼ੋਕ ਤੁਲਾਨੀ, ਸ਼੍ਰੀ ਪ੍ਰਦੀਪ ਸਿੰਘ ਕਲੌੜ, ਸ਼੍ਰੀ ਰਮਨ ਗੁਪਤਾ ਕੌਂਸਲਰ, ਸ੍ਰੀ ਸ਼ੁਸ਼ੀਲ ਸਿੰਗਲਾ, ਸ਼੍ਰੀ ਜਸਪਾਲ ਸਿੰਘ, ਸ਼੍ਰੀ ਵਿਜੇ ਗੁਪਤਾ, ਸ਼੍ਰੀ ਰਣਬੀਰ ਸਿੰਘ, ਪ੍ਰਿੰਸੀਪਲ ਆਈ.ਟੀ.ਆਈ. ਸ਼੍ਰੀ ਗੁਰਮੀਤ ਸਿੰਘ, ਡਾ. ਪ੍ਰਦੀਪ ਗਿੱਲ, ਸ਼੍ਰੀ ਨਰੇਸ਼ ਬੱਤਰਾ, ਸ਼੍ਰੀ ਵਿਜੇ ਕੁਮਾਰ, ਸ਼੍ਰੀ ਮਨਮੀਤ ਸਿਆਲ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

Translate »