ਅਕੇਸ਼ ਕੁਮਾਰ
ਬਰਨਾਲਾ
ਔਰਤ ਨੂੰ ਤਾਂ ਅਜੇ ਅਜ਼ਾਦੀ ਨਾਲ ਜਨਮ ਲੈਣ ਦਾ ਵੀ ਪੁਰਾ ਹੱਕ ਨਹੀਂ ਮਿਲ ਰਿਹਾ
ਹੰਦੂ ਧਰਮ ਵਿੱਚ ਨਾਰੀ ਦੀ ਥਾਂ ਸਭ ਤੋਂ ਉਤਮ ਮੰਨੀ ਗਈ ਹੈ। ਵੇਦ ਗ੍ਰੰਥਾਂ ਦੇ ਮੁਤਾਬਕ ਵੀ ”ਜਿੱਥੇ ਨਾਰੀ ਦੀ ਪੂਜਾ ਹੁੰਦੀ ਹੈ ਉਥੇ ਦੇਵਤਾਵਾਂ ਦਾ ਵਾਸ ਹੁੰਦਾ ਹੈ”। ਮਾਂ ਦੁਰਗਾ, ਮਾਂ ਲਛਮੀ, ਮਾਂ ਸਰਸਵਤੀ ਸਭ ਨਾਰੀ ਸ਼ਕਤੀ ਦੇ ਹੀ ਰੂਪ ਮੰਨੇ ਗਏ ਹਨ। ਅੱਜ ਦੀ ਨਾਰੀ 21ਵੀਂ ਸਦੀ ਵਿੱਚ ਹਰ ਖੇਤਰ ਵਿੱਚ ਅੱਗੇ ਜਾ ਰਹੀ ਹੈ। ਜਿਥੇ ਵੀ ਨਿਗਾਹ ਮਾਰੋ ਨਾਰੀ ਨੇ ਆਪਣੀ ਮੇਹਨਤ ਨਾਲ ਹਰ ਖੇਤਰ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਪਰ ਇਸ ਧਰਤੀ ਤੇ ਨਾਰੀ ਦੇ ਮਾਨ-ਇੱਜਤ ਨੂੰ ਤਾਕ ਤੇ ਰੱਖਣ ਵਾਲੇ ਕੁੱਝ ਇਨਸਾਨਾਂ ਵੱਲੋਂ ਇਸ ਦੀ ਬੇਕਦਰੀ ਵੀ ਕੀਤੀ ਜਾ ਰਹੀ ਹੈ। ਸਮਾਜ ਦੇ ਹਰ ਖੇਤਰ ਵਿੱਚ ਅੱਗੇ ਵੱਧ ਰਹੀ ਔਰਤ ਨੂੰ ਅੱਜ ਵੀ ਸਮਾਜ ਵਿੱਚ ਇੱਕ ਸੁਰਖਿਅਤ ਮੁਕਾਮ ਹਾਸਲ ਨਹੀਂ ਹੋ ਪਾਇਆ ਹੈ। ਅੋਰਤਾਂ ਦੇ ਹੱਕਾਂ ਅਤੇ ਸਸ਼ਕਤੀਕਰਣ ਦੇ ਮਾਮਲੇ ਵਿੱਚ ਭਾਰਤ ਅਜੇ ਵੀ ਵਿਸ਼ਵ ਸਤਰ ਤੇ ਬਹੁਤ ਪਿੱਛੇ ਹੈ। ਇੱਥੇ ਔਰਤਾਂ ਦੀ ਸਮਾਜਿਕ, ਰਾਜਨਿਤਿਕ ਅਤੇ ਆਰਥਿਕ ਹਰ ਪੱਧਰ ਤੇ ਹੀ ਕੁਝ ਇਨਸਾਨਾਂ ਵੱਲੋਂ ਬੇਕਦਰੀ ਕੀਤੀ ਜਾ ਰਹੀ ਹੈ। ਅੱਜ ਔਰਤਾਂ ਨੇ ਦੁਨੀਆਂ ਦੇ ਹਰ ਖੇਤਰ ਵਿੱਚ ਸਫਲਤਾ ਦੇ ਉਘੇ ਉਦਾਹਰਣ ਪੇਸ਼ ਕੀਤੇ ਹਨ ਜਿਵੇਂਕਿ ਮਦਰ ਟੈਰੇਸਾ, ਸਰੋਜਨੀ ਨਾਇਡੁ, ਇੰਦਰਾ ਗਾਂਧੀ, ਪੀ.ਟੀ.ਉਸ਼ਾ, ਕਿਰਣ ਬੇਦੀ, ਬਚੇਂਦਰੀ ਪਾਲ, ਕਰਨਮ ਮੱਲੇਸ਼ਵਰੀ, ਲਤਾ ਮੰਗੇਸ਼ਕਰ, ਕਲਪਨਾ ਚਾਵਲਾ, ਪ੍ਰਤਿਭਾ ਪਾਟਿਲ, ਸੋਨੀਆ ਗਾਂਧੀ, ਸ਼ਹਨਾਜ ਹੁਸੈਨ, ਅਰੁੰਧਤੀ ਰਾਏ, ਐਸ਼ਵਰਿਆ ਰਾਏ ਆਦਿ ਕਈ ਹੋਰ ਵੀ ਹਨ। ਪਰ ਸਿਰਫ ਕੁੱਝ ਉਦਾਹਰਣਾ ਦੇ ਸਿਰ ਤੇ ਅਸੀਂ ਸਾਰੀਆਂ ਔਰਤਾਂ ਦੀ ਤਕਦੀਰ ਬਦਲਣ ਦੀ ਗੱਲ ਨਹੀਂ ਕਰ ਸਕਦੇ ਕਿਉਂਕਿ ਜਮੀਨੀ ਹਕੀਕਤ ਤਾਂ ਇਸ ਤੋਂ ਅਜੇ ਵੀ ਉਲਟ ਹੈ। ਔਰਤ ਨੂੰ ਤਾਂ ਅਜੇ ਅਜ਼ਾਦੀ ਨਾਲ ਜਨਮ ਲੈਣ ਦਾ ਵੀ ਪੁਰਾ ਹੱਕ ਨਹੀਂ ਮਿਲ ਰਿਹਾ। ਕੰਨਿਆ ਭਰੁਣ ਹੱਤਿਆ ਤੇ ਨਾਮ ਤੇ ਜਿਸ ਤਰਾਂ• ਉਸ ਤੋਂ ਜਨਮ ਲੈਣ ਦਾ ਹੱਕ ਖੋਇਆ ਜਾ ਰਿਹਾ ਹੈ ਦਹੇਜ ਅਤੇ ਸਮਾਜਿਕ ਉਤਪੀੜਨ ਦੇ ਨਾਮ ਤੇ ਉਸਤੋਂ ਜੀਣ ਦਾ ਹੱਕ ਖੋਇਆ ਜਾ ਰਿਹਾ ਹੈ।
ਆਏ ਦਿਨ ਔਰਤਾਂ ਤੇ ਹੁੰਦੇ ਜੁਲਮਾਂ ਤੇ ਅਪਰਾਧਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹੈ। ਨੈਸ਼ਨਲ ਕ੍ਰਾਈਮ ਰਿਕੋਰਡ ਬਿਓਰੋ ਦੀ 2010 ਦੀ ਰਿਪੋਰਟ ਮੁਤਾਬਕ ਔਰਤਾਂ ਦੇ ਖਿਲਾਫ ਹੋਏ ਕੁੱਲ 241986 ਅਪਰਾਧ ਦਰਜ ਕੀਤੇ ਗਏ। ਇਹਨਾਂ ਵਿੱਚ ਅਪਹਰਣ ਦੇ 29795 ਮਾਮਲੇ, ਬਲਾਤਕਾਰ ਦੇ 22172 ਮਾਮਲੇ, ਛੇੜਛਾੜ ਦੇ 40613 ਮਾਮਲੇ, ਯੋਨ ਸ਼ੋਸ਼ਨ ਦੇ 9961 ਮਾਮਲੇ, ਪਤੀ ਜਾਂ ਰਿਸ਼ਤੇਦਾਰਾਂ ਵਲੋਂ ਉਤਪੀੜਨ ਦੇ 94041 ਮਾਮਲੇ ਤੇ ਕੁੜੀਆਂ ਨੂੰ ਵੇਚਣ ਖਰੀਦਣ ਦੇ 36 ਮਾਮਲੇ ਦਰਜ ਕੀਤੇ ਗਏ। ਪਰ ਸੱਚਾਈ ਇਸਤੋਂ ਵੀ ਕਿਧਰੇ ਵਧੇਰੇ ਭਿਆਨਕ ਹੈ ਕਿਉਂਕਿ ਸਮਾਜ ਦੇ ਡਰ ਅਤੇ ਆਪਣੀ ਇੱਜਤ ਦੇ ਡਰ ਤੋਂ ਹਜਾਰਾਂ ਲੱਖਾਂ ਮਾਮਲੇ ਤਾਂ ਪੁਲਿਸ ਕੋਲ ਪਹੁੰਚਦੇ ਹੀ ਨਹੀਂ। ਔਰਤਾਂ ਦੇ ਹੱਕ ਵਿੱਚ ਕਾਨੂੰਨ ਤਾਂ ਕਈ ਬਣੇ ਹਨ ਪਰ ਉਹਨਾਂ ਦੀ ਸਹੀ ਪਾਲਣਾ ਦੀ ਕਮੀ ਦੇ ਚਲਦਿਆਂ ਸਫਲ ਨਤੀਜੇ ਸਾਮਣੇ ਨਹੀਂ ਆ ਰਹੇ। ਪਿਛਲੇ ਦਿਨੀਂ ਮਹਾਨਗਰਾਂ ਵਿੱਚ ਕੁੜੀਆਂ ਨਾਲ ਕਾਰਾਂ ਵਿੱਚ ਹੀ ਗੈਂਗ ਰੇਪ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਰਾਹ ਜਾਂਦੀਆਂ ਕੁੜੀਆਂ ਤੇ ਤੇਜਾਬ ਸੁੱਟ ਦੇਣ ਦੇ ਮਾਮਲਿਆਂ ਵਿੱਚ ਵੀ ਵਾਧਾ ਹੋਇਆ ਹੈ।
ਕੁੜੀਆਂ ਨੂੰ ਤਾਂ ਲੱਖ ਯਤਨਾਂ ਬਾਦ ਵੀ ਸਿਖਿਆ ਦਾ ਅਧਿਕਾਰ ਵੀ ਅਜੇ ਪੁਰੀ ਤਰਾਂ• ਨਹੀਂ ਮਿਲਿਆ ਹੈ। ਅੋਰਤਾਂ ਦੀ ਸਿਖਿਆ ਦਰ ਮਰਦਾਂ ਦੀ ਤੁਲਨਾ ਵਿੱਚ ਕਾਫੀ ਘੱਟ ਹੈ। 2001 ਵਿੱਚ ਔਰਤਾਂ ਦੀ ਸਿਖਿਆ ਦਰ 53.67 ਫ਼ੀਸਦੀ ਸੀ ਜੱਦਕਿ ਮਰਦਾਂ ਦੀ 75.26 ਫ਼ੀਸਦੀ ਜੋਕਿ 2011 ਵਿੱਚ ਮਰਦਾਂ ਦੀ ਸਿਖਿਆ ਦਰ 82.14 ਦੀ ਤੁਲਨਾ ਵਿੱਚ 65.46 ਫ਼ੀਸਦੀ ਸੀ। ਭਾਵੇਂ 2001 ਨਾਲੋਂ 2011 ਔਰਤਾਂ ਦੀ ਸਿਖਿਆ ਦਰ ਵਿੱਚ ਵਾਧਾ ਹੋਇਆ ਹੈ ਪਰ ਮਰਦਾਂ ਨਾਲੋਂ ਇਹ ਦਰ ਅਜੇ ਵੀ ਕਾਫੀ ਘੱਟ ਹੈ। ਸਿਮਿਤ ਸਾਧਨਾਂ ਵਾਲੇ ਘਰਾਂ ਵਿੱਚ ਕੁੜੀਆਂ ਨਾਲੋਂ ਮੁੰਡਿਆਂ ਨੂੰ ਪੜਾਉਣ ਤੇ ਤਰਜੀਹ ਦਿੱਤੀ ਜਾਂਦੀ ਹੈ। ਜਿੱਥੇ ਕੁੜੀਆਂ ਨੂੰ ਪੜਾਇਆ ਵੀ ਜਾਂਦਾ ਹੈ ਉਥੇ ਕਾਫੀ ਘਰਾਂ ਵਿੱਚ ਕੁੜੀਆਂ ਨੂੰ ਮੁਢਲੀ ਸਿਖਿਆ ਤੋਂ ਬਾਦ ਘਰ ਦੇ ਕੰਮ ਕਾਰ ਵਿੱਚ ਲਗਾ ਦਿੱਤਾ ਜਾਂਦਾ ਹੈ।
ਨਰਾਤਿਆਂ ਵਿੱਚ ਕੰਜਕਾ ਨੂੰ ਦੇਵੀ ਦਾ ਰੂਪ ਮੰਨ ਕੇ ਪੁਜਿਆ ਜਾਂਦਾ ਹੈ ਪਰ ਜੱਦ ਇਹੋ ਦੇਵੀ ਆਪਣੇ ਘਰ ਜਨਮ ਲੈਂਦੀ ਹੈ ਤਾਂ ਆਪਣੇ ਆਪ ਨੂੰ ਆਧੁਨਿਕ ਯੁੱਗ ਦੇ ਕਹਿਣ ਵਾਲੇ ਘਰਾਂ ਵਿੱਚ ਵੀ ਉਦਾਸੀ ਤੇ ਗਮੀ ਦਾ ਮਹੌਲ ਛਾ ਜਾਂਦਾ ਹੈ। 2011 ਦੀ ਜਨਗਣਨਾ ਤੋਂ ਬਾਅਦ ਜਿਹੜੇ ਆਂਕੜੇ ਸਾਮਣੇ ਆਏ ਹਨ ਉਹ ਸੋਚ ਵਿੱਚ ਪਾ ਦੇਣ ਵਾਲੇ ਹਨ। ਇਸ ਜਨਗਣਨਾ ਮੁਤਾਬਕ ਭਾਰਤ ਦੀ ਕੁੱਲ ਅਬਾਦੀ 1,21,01,93,422 ਹੈ ਤੇ ਇਸ ਵਿੱਚ ਲਿੰਗ ਅਨੁਪਾਤ 940 ਹੈ ਯਾਨੀ 1000 ਮਰਦਾਂ ਦੀ ਤੁਲਨਾ ਵਿੱਚ 940 ਔਰਤਾਂ ਹਨ। ਪੂਰੇ ਭਾਰਤ ਵਿੱਚ ਅਜਿਹੇ ਬੱਸ ਦੋ ਹੀ ਸੂਬੇ ਹਨ ਜਿਹਨਾਂ ਵਿੱਚ ਇਹ ਅਨੁਪਾਤ ਔਰਤਾਂ ਦੇ ਹੱਕ ਵਿੱਚ ਹੈ, ਇਹ ਹਨ ਕੇਰਲ ਤੇ ਪਾਂਡੁਚੇਰੀ। ਕੇਰਲ ਵਿੱਚ ਇਹ ਅਨੁਪਾਤ 1000:1084 ਤੇ ਪਾਂਡੁਚੇਰੀ ਵਿੱਚ 1000:1038 ਹੈ। ਬਾਕੀ ਸਾਰੇ ਰਾਜਾਂ ਵਿੱਚ ਤਾਂ ਮਰਦਾਂ ਦੀ ਤੁਲਨਾ ਵਿੱਚ ਔਰਤਾਂ ਦੀ ਗਿਣਤੀ ਘੱਟ ਹੀ ਹੈ। ਇਹ ਅਨੁਪਾਤ ਸਭ ਤੋਂ ਘੱਟ ਦਮਨ ਤੇ ਦਿਉ ਵਿੱਚ ਹੈ ਜਿੱਥੇ ਦੀ ਕੁੱਲ ਅਬਾਦੀ 2,42,911 ਵਿੱਚ 1,50,100 ਮਰਦ ਤੇ 92,811 ਔਰਤਾਂ ਹਨ। ਇੱਥੇ ਲਿੰਗ ਅਨੁਪਾਤ 1000 ਮਰਦਾਂ ਦੀ ਤੁਲਣਾ ਵਿੱਚ 618 ਔਰਤਾਂ ਦਾ ਬੈਠਦਾ ਹੈ ਜੋਕਿ ਬਹੁਦ ਹੀ ਘੱਟ ਹੈ। ਕੁੱਝ ਰਾਜਾਂ ਵਿੱਚ ਸਥਿਤੀ ਬਹੁਤ ਖਰਾਬ ਹੈ ਜਿਵੇਂਕਿ ਚੰਡੀਗੜ ਵਿੱਚ 818, ਦਿੱਲੀ ਵਿੱਚ 866, ਹਰਿਆਣਾ ਵਿੱਚ 877, ਜੰਮੂ ਕਸ਼ਮੀਰ ਵਿੱਚ 883 ਅਤੇ ਪੰਜਾਬ ਵਿੱਚ 1000 ਲੜਕਿਆਂ ਦੇ ਮੁਕਾਬਲੇ 893 ਕੁੜੀਆਂ। ਸਰਸਰੀ ਤੌਰ ਤੇ ਦੇਖਣ ਤੇ ਇਹ ਫਰਕ ਬਹੁਤ ਥੋੜਾ ਜਾਪਦਾ ਹੈ ਪਰ ਜੇਕਰ ਹਜਾਰ ਦੀ ਬਜਾਏ ਇਹੋ ਤੁਲਨਾ ਲੱਖ ਅਤੇ ਕਰੋੜ ਵਿੱਚ ਕੀਤੀ ਜਾਵੇ ਤਾਂ ਇਹ ਫਰਕ ਬਹੁਤ ਜਿਆਦਾ ਬੈਠਦਾ ਹੈ। ਭਾਰਤ ਦੇ ਸਾਰੇ 35 ਸੁਬਿਆਂ ਦੀ ਸੁਚੀ ਵਿੱਚ ਪੰਜਾਬ 27 ਵੇਂ ਨੰਬਰ ਤੇ ਆਉਂਦਾ ਹੈ ਤੇ ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ 32 ਵੇਂ ਨੰਬਰ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ 33 ਵੇਂ ਨੰਬਰ ਤੇ ਆਉਂਦੀ ਹੈ। ਯਾਨੀ ਹੇਂਠਿਓ ਤਿਸਰੇ ਤੇ ਚੋਥੇ ਨੰਬਰ ਤੇ। ਇਸਨੂੰ ਆਖਦੇ ਹਨ ਦੀਵੇ ਹੇਂਠ ਹਨੇਰਾ। ਜਿੱਥੇ ਕੇਂਦਰ ਅਤੇ ਸੂਬਾ ਸਰਕਾਰਾਂ ਬੈਠੀਆਂ ਹਨ ਉੱਥੇ ਦਾ ਹੀ ਇੰਨਾ ਮਾੜਾ ਹਾਲ ਹੈ।
1994 ਵਿੱਚ ਇਸ ਬੁਰਾਈ ਦੇ ਖਾਤਮੇ ਲਈ ਕਾਨੂੰਨ ਬਣਾਇਆ ਗਿਆ ਜਿਸ ਅਨੁਸਾਰ ਲਿੰਗ ਦੀ ਜਾਂਚ ਕਰਵਾਉਣ ਜਾਂ ਕੰਨਿਆ ਭਰੂਣ ਹੱਤਿਆ ਦੇ ਦੋਸ਼ੀ ਲਈ ਸਖਤ ਸਜਾ ਤੈਅ ਕੀਤੀ ਗਈ। ਪਰ ਦੁੱਖ ਦੀ ਗੱਲ ਤਾਂ ਇਹ ਹੈ ਸਰਕਾਰ ਦੀਆਂ ਨੀਤੀਆਂ ਤੇ ਕਾਨੂੰਨਾਂ ਦੇ ਬਾਵਜੂਦ ਚੋਰੀ ਛਿਪੇ ਸਭ ਕੁਝ ਜਾਰੀ ਹੈ। ਕੌਮੀ ਪੱਧਰ ਤੇ ਕੁੜੀਆਂ ਪ੍ਰਤੀ ਜਾਗਰੁੱਕਤਾ ਲਿਆਉਣ ਲਈ 2009 ਵਿੱਚ 24 ਜਨਵਰੀ ਨੂੰ ਕੌਮੀ ਬਾਲਿਕਾ ਦਿਵਸ ਘੋਸ਼ਿਤ ਕੀਤਾ ਗਿਆ। ਇਸ ਦਿਨ ਕੇਂਦਰੀ ਤੇ ਸੂਬਾ ਸਰਕਾਰਾਂ ਵਲੋਂ ਕੁੜੀਆਂ ਦਾ ਸਮਾਜਿਕ ਪੱਧਰ ਸੁਧਾਰਣ ਲਈ ਯਤਨ ਕੀਤੇ ਜਾਂਦੇ ਹਨ। ਇਹਨਾਂ ਯਤਨਾਂ ਸਦਕਾ ਹੀ ਹਾਲਾਤ ਮਾਮੂਲੀ ਜਿਹੇ ਸੁਧਰੇ ਵੀ ਹਨ। 2001 ਦੀ ਜਣਗਨਣਾ ਮੁਤਾਬਕ ਕੌਮੀ ਪੱਧਰ ਤੇ ਔਰਤਾਂ ਦਾ ਅਨੁਪਾਤ 933 ਸੀ ਜੋਕਿ ਥੋੜਾ ਜਿਹਾ ਵੱਧ ਕੇ 940 ਹੋ ਗਿਆ ਤੇ ਪੰਜਾਬ ਵਿੱਚ ਇਹ 876 ਤੋਂ ਵੱਧ ਕੇ 893 ਹੋ ਗਿਆ ਹੈ।
ਦਾਜ ਇੱਕ ਸਮਾਜਿਕ ਬੁਰਾਈ ਹੈ ਪਰ ਇਸ ਦਾ ਚਲਨ ਪੂਰੇ ਭਾਰਤ ਵਿੱਚ ਹੀ ਹੈ। ਸ਼ਾਇਦ ਹੀ ਕੋਈ ਹਿੱਸਾ ਹੋਵੇ ਜਿਸ ਨੇ ਇਸ ਬੁਰਾਈ ਤੋਂ ਛੁਟਕਾਰਾ ਪਾਇਆ ਹੋਵੇ। ਆਮ ਤੌਰ ਤੇ ਵਿਆਹ ਵੇਲੇ ਇਹ ਉਮੀਦ ਹੁੰਦੀ ਹੈ ਕਿ ਲੜਕੀ ਵਾਲੇ ਦਾਜ ਵਿੱਚ ਨਕਦੀ, ਗਹਿਣੇ ਤੇ ਹੋਰ ਘਰ ਦਾ ਸਮਾਨ ਦੇਣ ਤੇ ਅਜਿਹਾ ਨਾ ਹੋਣ ਦੀ ਸੁਰਤ ਤੇ ਕਈ ਦਾਜ ਦੇ ਲਾਲਚੀ ਸਹੁਰਿਆਂ ਵਲੋਂ ਕੁੜੀਆਂ ਨਾਲ ਮਾੜਾ ਸਲੂਕ ਵੀ ਕੀਤਾ ਜਾਂਦਾ ਹੈ। ਜਿਸ ਨਾਲ ਕਈ ਕੁੜੀਆਂ ਖੁਦਕੁਸ਼ੀ ਤੱਕ ਕਰਨ ਲਈ ਮਜਬੂਰ ਹੋ ਜਾਂਦੀਆਂ ਹਨ ਤੇ ਕਈਆਂ ਨੂੰ ਉਹਨਾਂ ਦੇ ਸਹੁਰੇ ਪਰਿਵਾਰ ਵਲੋਂ ਮਾਰ ਦੇਣ ਦੀਆਂ ਖੱਬਰਾਂ ਵੀ ਆਉਂਦੀਆਂ ਹਨ। ਭਾਰਤ ਵਿੱਚ ਦਾਜ ਵਿਰੋਧੀ ਕਾਨੂੰਨ 1961 ਵਿੱਚ ਲਾਗੂ ਹੋਇਆ ਪਰ ਦਾਜ ਲੈਣ ਦੇਣ ਨੂੰ ਰੋਕਣ ਵਿੱਚ ਇਹ ਨਾਕਾਮ ਹੀ ਰਿਹਾ। ਦਾਜ ਦੀ ਪ੍ਰਥਾ ਨੇ ਭਾਰਤੀ ਸਮਾਜ ਵਿੱਚ ਆਪਣੀਆਂ ਜੜਾਂ ਇੰਨੀਆਂ ਫੈਲਾ ਲਈਆਂ ਹਨ ਕਿ ਲੱਗਦਾ ਹੀ ਨਹੀਂ ਕਿ ਇਸ ਤੋਂ ਕਦੇ ਛੁਟਕਾਰਾ ਵੀ ਮਿਲ ਸਕਦਾ ਹੈ। ਸਮਾਜ ਦੀ ਤਰੱਕੀ ਤੇ ਆਧੁਨਿਕਤਾ ਨਾਲ ਇਸ ਕੁਰੀਤੀ ਦੇ ਘੱਟਣ ਦੀ ਥਾਂ ਵਾਧਾ ਹੀ ਹੋਇਆ ਹੈ।
ਨੈਸ਼ਨਲ ਕ੍ਰਾਇਮ ਰਿਕੋਰਡ ਬਿਓਰੋ ਮੁਤਾਬਕ 1999 ਵਿੱਚ ਦਹੇਜ ਕਾਰਨ 6699 ਮੌਤਾਂ ਹੋਇਆ ਜਿਹੜਾ ਆਂਕੜਾ ਵੱਧ ਕੇ 2004 ਵਿੱਚ 7026 ਹੋ ਗਿਆ। 2005 ਵਿੱਚ 6787, 2006 ਵਿੱਚ 7618, 2007 ਵਿੱਚ 8093, 2008 ਵਿੱਚ 8172 ਤੇ 2009 ਵਿੱਚ 8383 ਔਰਤਾਂ ਤੇ ਕੁੜੀਆਂ ਦਹੇਜ ਦੀ ਬਲਿ ਚੜ ਗਈਆਂ।
2009 ਵਿੱਚ ਆਂਧ੍ਰ ਪ੍ਰਦੇਸ਼ ਵਿੱਚ 546, ਅਸਾਮ ਵਿੱਚ 170, ਬਿਹਾਰ 1295, ਹਰਿਆਣਾ 281, ਝਾਰਖੰਡ 295, ਕਰਨਾਟਕ 264, ਮੱਧ ਪ੍ਰਦੇਸ਼ 858, ਮਹਾਰਾਸ਼ਟਰਾ 341, ਉੜੀਸਾ 384, ਪੰਜਾਬ 126, ਰਾਜਸਥਾਨ 436, ਤਮਿਲਨਾਡੁ 194, ਉੱਤਰ ਪ੍ਰਦੇਸ਼ 2232, ਉੱਤਰਾਖੰਡ 94, ਪੱਛਮੀ ਬੰਗਾਲ 506, ਦਿੱਲੀ ਵਿੱਚ 141 ਮੌਤਾਂ ਦਹੇਜ ਦੀ ਕੁਰੀਤੀ ਕਾਰਨ ਹੋਈਆਂ। ਨੈਸ਼ਨਲ ਕ੍ਰਾਇਮ ਰਿਕੋਰਡ ਬਿਓਰ ਦੇ ਆਂਕੜਿਆਂ ਮੁਤਾਬਕ ਪੁਰਬੀ ਭਾਰਤ ਵਿੱਚ ਹਾਲਾਤ ਅਜੇ ਕਾਫੀ ਸਹੀ ਹਨ ਕਿਉਕਿ ਉਥੇ ਦਹੇਜ ਕਾਰਨ ਹੋਣ ਵਾਲੀਆਂ ਮੌਤਾਂ ਨਾ ਬਰਾਬਰ ਹਨ। ਦਹੇਜ਼ ਸੰਬਧੀ ਮਾਮਲੇ ਵਿੱਚ 2008 ਵਿੱਚ 22624 ਗਿਰਫਤਾਰੀਆਂ ਤੇ 2009 ਵਿੱਚ 23374 ਗਿਰਫਤਾਰੀਆਂ ਕੀਤੀਆਂ ਗਈਆਂ ਜਿਹਨਾਂ ਵਿੱਚ 18192 ਮਰਦ ਤੇ 5182 ਔਰਤਾਂ ਸਨ। ਭਾਰਤ ਵਿੱਚ ਦਾਜ ਵਿਰੋਧੀ ਕਾਨੂੰਨ 1961 ਵਿੱਚ ਲਾਗੂ ਹੋਇਆ ਸੀ ਪਰ ਦਾਜ ਲੈਣ ਦੇਣ ਨੂੰ ਰੋਕਣ ਵਿੱਚ ਇਹ ਨਾਕਾਮ ਹੀ ਰਿਹਾ ਹੈ।
ਅੋਰਤਾਂ ਦੀ ਮਾੜੀ ਹਾਲਤ ਤੇ ਅਕਸਰ ਹੀ ਲੇਖ ਤੇ ਖਬਰਾਂ ਪੜਨ ਨੂੰ ਮਿਲ ਜਾਂਦੀਆਂ ਹਨ ਤੇ ਉਹਨਾਂ ਵਿੱਚ ਜਿਆਦਾਤਰ ਮਰਦਾਂ ਨੂੰ ਹੀ ਉਹਨਾਂ ਦੀ ਇਸ ਹਾਲਤ ਦਾ ਜਿੰਮੇਵਾਰ ਦੱਸਿਆ ਜਾਂਦਾ ਹੈ ਪਰ ਕਿ ਕਦੇ ਕਿਸੇ ਨੇ ਢੂੰਗਾਈ ਨਾਲ ਵਿਚਾਰ ਕੀਤਾ ਹੈ ਕਿ ਅਸਲ ਵਿੱਚ ਇਸ ਸਭ ਦਾ ਮੁੱਖ ਕਾਰਨ ਕੀ ਹੈ। ਹਰ ਗੱਲ ਤੇ ਬਾਰ ਬਾਰ ਸਮਾਜ ਦੇ ਪੂਰਸ਼ ਪ੍ਰਧਾਨ ਹੋਣ ਦਾ ਰੋਲਾ ਪਾਇਆ ਜਾਂਦਾ ਹੈ ਪਰ ਇਸ ਸਮਾਜ ਨੂੰ ਪੂਰਸ਼ ਪ੍ਰਧਾਨ ਬਣਾਇਆ ਕਿਸਨੇ ? ਅਸਲ ਵਿੱਚ ਅੋਰਤ ਦੀ ਹਰ ਮੁਸੀਬਤ ਦੀ ਜੜ ਅੋਰਤ ਹੀ ਹੈ। ਅੋਰਤ ਦੇ ਜਨਮ ਤੇ ਸਭ ਤੋਂ ਪਹਿਲਾਂ ਦੁਖੱ ਮਨਾਉਣ ਵਾਲੀਆਂ ਉਸਦੀ ਮਾਂ ਤੇ ਦਾਦੀ ਅੋਰਤਾਂ ਹੀ ਹਨ। ਅੋਰਤਾਂ ਤਾਂ ਕਿਸੇ ਸੱਤ ਬਗਾਣੇ ਦੇ ਵੀ ਧੀ ਜੰਮੀ ਸੁਣ ਲੈਣ ਤਾਂ ਹਾਏ ਹਾਏ ਕਰਨ ਬੈਠ ਜਾਂਦੀਆਂ ਹਨ। ਭਰੂਣ ਹਤਿਆ ਨੂੰ ਵਧਾਵਾ ਦੇਣ ਵਾਲੀਆਂ ਵੀ ਕੁਝ ਅੋਰਤਾਂ ਹੀ ਹਨ। ਜੇ ਕਰ ਬੱਚੇ ਨੂੰ ਜਨਮ ਦੇਣ ਵਾਲੀ ਮਾਂ, ਬੱਚੇ ਦੀ ਦਾਦੀ ਤੇ ਨਾਨੀ ਮਨ ਵਿੱਚ ਠਾਨ ਲੈਣ ਤਾਂ ਕੋਈ ਮਰਦ ਉਹਨਾਂ ਨੂੰ ਇਸ ਲਈ ਮਜਬੂਰ ਨਹੀਂ ਕਰ ਸਕਦਾ ਪਰ ਕਿਤੇ ਨਾ ਕਿਤੇ ਪੁੱਤ ਦੀ ਮਾਂ ਅਖਾਉਣ ਦਾ ਲਾਲਚ ਉਸ ਦੇ ਮਨ ਵਿੱਚ ਵੀ ਹੁੰਦਾ ਹੈ। ਪੁੱਤ ਨੂੰ ਜਨਮ ਤੋ ਹੀ ਬਹੁਤ ਅਹਿਮਿਅਤ ਦਿੱਤੀ ਜਾਂਦੀ ਹੈ। ਬਚਪਨ ਤੋਂ ਹੀ ਕੁੜੀ ਤੇ ਮੁੰਡੇ ਨੂੰ ਫਰਕ ਨਾਲ ਪਾਲਿਆ ਜਾਂਦਾ ਹੈ। ਧੀ ਨੂੰ ਤਾਂ ਹਰ ਵੇਲੇ ਪਿਓ ਭਰਾ ਦੀ ਇਜੱਤ ਕਰਨਾ ਸਿਖਾਇਆ ਜਾਂਦਾ ਹੈ ਪਰ ਮਾਂ ਯਾਨੀ ਕਿ ਅੋਰਤ ਪੁੱਤ ਨੂੰ ਅੋਰਤ ਯਾਨੀ ਮਾਂ ਭੈਣ ਦੀ ਇਜੱਤ ਕਰਨਾ ਸਿਖਾਣਾ ਭੁਲ ਜਾਂਦੀ ਹੈ। ਧੀ ਨੂੰ ਤਾਂ ਇਹ ਦੱਸ ਦਿੰਦੀ ਹੈ ਕਿ ਵਿਆਹ ਤੋਂ ਬਾਦ ਆਪਣੇ ਪਤੀ ਤੇ ਸਹੁਰਿਆਂ ਲਈ ਉਸਦੇ ਸੌ ਫਰਜ਼ ਹਨ ਪਰ ਪੁੱਤ ਨੂੰ ਇਹ ਸਿਖਾਨਾ ਭੁੱਲ ਜਾਂਦੀ ਹੈ ਕਿ ਕੁਝੱ ਉਮੀਦਾਂ ਉਸਤੋਂ ਵੀ ਹਨ ਅਤੇ ਕੁੱਝ ਉਸਦੇ ਵੀ ਫਰਜ਼ ਹਨ।
ਆਮ ਤੌਰ ਤੇ ਪੁਤੱਰ ਨੂੰ ਖਾਨਦਾਨ ਦਾ ਨਾਮਲੇਵਾ ਕਿਹਾ ਜਾਂਦਾ ਹੈ ਪਰ ਬਿਨਾਂ ਅੋਰਤ ਦੇ ਕਿਹੜਾ ਖਾਨਦਾਨ ਆਪਣਾ ਨਾਂ ਅੱਗੇ ਵਧਾ ਸਕਦਾ ਹੈ। ਹਰ ਅੋਰਤ ਧੀ ਹੋਣ ਦਾ ਕੁੱਝ ਨਾ ਕੁੱਝ ਦੁੱਖ ਭੋਗਦੀ ਹੈ ਪਰ ਫਿਰ ਵੀ ਉਹੋ ਦੁੱਖ ਓਹ ਆਪਣੀ ਧੀ ਜਾਂ ਨੂੰਹ ਨੂੰ ਵੀ ਅੱਗੇ ਦਿੰਦੀ ਹੈ। ਪਰ ਜੇ ਅੋਰਤ ਆਪਣੇ ਮਨ ਵਿੱਚ ਇਹ ਫੈਸਲਾ ਕਰ ਲਵੇ ਕਿ ਕੁੜੀ ਹੋਣ ਕਾਰਨ ਉਸਨੂੰ ਜਿਹਨਾ ਚੀਜ਼ਾਂ ਤੋਂ ਵਾਂਝਾ ਰਖਿਆ ਗਿਆ ਉਹ ਕਮੀ ਉਹ ਕਦੇ ਆਪਣੀ ਧੀ ਜਾਂ ਨੂੰਹ ਨੂੰ ਨਹੀਂ ਆਉਣ ਦੇਵੇਗੀ ਤਾਂ ਅੋਰਤ ਦੇ ਦੁੱਖਾਂ ਦਾ ਅੰਤ ਹੋ ਜਾਵੇਗਾ। ਬਸ ਜਰੂਰਤ ਹੈ ਅੋਰਤ ਨੂੰ ਅੋਰਤ ਦਾ ਸਾਥ ਦੇਣ ਦੀ, ਖੁੱਦ ਤੇ ਅਤੇ ਆਪਣੀ ਨੂੰਹ ਧੀ ਤੇ ਵਿਸ਼ਵਾਸ ਰਖਣ ਦੀ।
ਭਾਰਤ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਕੁਖ ਵਿੱਚ ਧੀ ਨਾ ਮਾਰਨ ਲਈ ਪ੍ਰਚਾਰ ਤਾਂ ਬਹੁਤ ਕੀਤਾ ਜਾਂਦਾ ਹੈ ਪਰ ਜਿਹੜੇ ਮਾਪਿਓ ਵੱਲੋਂ ਧੀ ਨੂੰ ਇਸ ਧਰਤੀ ਤੇ ਲਿਆ ਕੇ ਫਖ਼ਰ ਮਹਸੂਸ ਕੀਤਾ ਜਾਂਦਾ ਹੈ ਉਹਨਾਂ ਧੀਆਂ ਲਈ ਕੋਈ ਜ਼ਿਆਦਾ ਸਹੂਲਤਾਂ ਸਰਕਾਰ ਵੱਲੋਂ ਨਹੀਂ ਦਿੱਤੀਆਂ ਜਾਂਦੀਆਂ ਜਦੋਂ ਕਿ ਸਰਕਾਰ ਨੇ ਅਗਰ ਧੀਆਂ ਨੂੰ ਬਚਾਉਣਾ ਹੈ ਤਾਂ ਅਜਿਹੇ ਮਾਂ -ਬਾਪ ਨੂੰ ਸਨਮਾਨਿਤ ਕਰੇ ਜਿਹਨਾਂ ਦੇ ਸਿਰਫ ਧੀਆਂ ਹੀ ਹਨ ਅਤੇ ਉਹਨਾਂ ਮਾਂ ਪਿਓ ਦੀਆਂ ਧੀਆਂ ਨੂੰ ਹਰ ਤਰ•ਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਸਿਖਿਆ ਫਰੀ ਕਰੇ ਅਤੇ ਹੋਰ ਸਹੂਲਤਾਂ ਦੇਵੇ ਤਾਂ ਜੋ ਜਿਹਨਾਂ ਲੋਕਾਂ ਵੱਲੋਂ ਧੀਆਂ ਨੂੰ ਕੁਖ ਵਿੱਚ ਹੀ ਮਾਰਿਆ ਜਾਂਦਾ ਹੈ ਉਹ ਇਹਨਾਂ ਲੋਕਾਂ ਤੋਂ ਸਿਖਿਆ ਲੈਂਦੇ ਹੋਏ ਧੀਆਂ ਨੂੰ ਕੁੱਖ ਵਿੱਚ ਨਾ ਮਾਰਨ ਅਤੇ ਜੇ ਫੇਰ ਵੀ ਕੋਈ ਧੀਆਂ ਨੂੰ ਕੁੱਖ ਵਿੱਚ ਮਾਰਦਾ ਹੈ ਤਾਂ ਉਸਨੂੰ ਸਖਤ ਸਜਾ ਦਿੱਤੀ ਜਾਣੀ ਚਾਹੀਦੀ ਹੈ।