ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮਜੀਠੀਆ ਅਤੇ ਮੰਨਾ ਨੇ ਦਿੱਤਾ ਕਾਂਗਰਸ ਨੂੰ ਵੱਡਾ ਝਟਕਾ।
ਪੰਜਾਬ ਵਿੱਚੋਂ ਲੋਕ-ਵਿਰੋਧੀ ਕਾਂਗਰਸ ਪਾਰਟੀ ਦੀਆਂ ਸਫ਼ਾਂ ਵਲ੍ਹੇਟਣ ਦਾ ਅਮਲ ਤੇਜ਼ੀ ਨਾਲ ਜਾਰੀ- ਮਜੀਠੀਆ
ਮਜੀਠਾ/ਬਾਬਾ ਬਕਾਲਾ, 16 ਮਈ – ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕਾਂਗਰਸ ਪਾਰਟੀ ਨੂੰ ਅੱਜ ਉਸ ਵਕਤ ਤਕੜਾ ਝਟਕਾ ਲੱਗਾ ਜਦੋਂ ਹਲਕਾ ਮਜੀਠਾ ਵਿੱਚ ਮਾਰਕੀਟ ਕਮੇਟੀ ਮਜੀਠਾ ਦੇ ਸਾਬਕਾ ਕਾਂਗਰਸੀ ਚੇਅਰਮੈਨ ਕਰਨੈਲ ਸਿੰਘ ਨਾਗ਼ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਅਤੇ ਹਲਕਾ ਬਾਬਾ ਬਕਾਲਾ ਵਿੱਚ 23 ਪਿੰਡਾਂ ਦੀਆਂ ਪੰਚਾਇਤਾਂ ਨੇ ਕਾਂਗਰਸ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ।
ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਹਲਕੇ ਦੇ ਪਿੰਡ ਨਵੇਂ ਨਾਗ਼ ਅਤੇ ਬਾਬਾ ਬਕਾਲਾ ਹਲਕੇ ਦੇ ਪਿੰਡ ਧੂਲਕਾ ਵਿਖੇ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲੇ ਇਹਨਾਂ ਆਗੂਆਂ, ਪੰਚਾਂ-ਸਰਪੰਚਾਂ ਅਤੇ ਵਰਕਰਾਂ ਨੂੰ ਸਿਰੋਪੇ ਭੇਂਟ ਕਰਕੇ ਦਲ ਵਿੱਚ ਜੀ ਆਇਆਂ ਨੂੰ ਆਖਿਆ। ਇਨ੍ਹਾਂ ਮੌਕਿਆਂ ‘ਤੇ ਆਯੋਜਿਤ ਵਿਸ਼ਾਲ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਸਾਲ 2012 ਦੇ ਆਰੰਭ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚੋਂ ਲੋਕ-ਦੁਸ਼ਮਣ ਪਾਰਟੀ ਕਾਂਗਰਸ ਦੇ ਸਫਾਏ ਦਾ ਅਮਲ ਸ਼ੁਰੂ ਹੋ ਗਿਆ ਸੀ, ਜੋ ਲਗਾਤਾਰ ਤੇਜ਼ੀ ਫੜ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਜੂਨ ਵਿੱਚ ਹੋਣ ਵਾਲੀਆਂ ਨਗਰ ਨਿਗਮ ਅਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਦੌਰਾਨ ਸ਼ਹਿਰੀ ਖੇਤਰਾਂ ਵਿੱਚ ਕਾਂਗਰਸ ਆਪਣੀ ਹੋਂਦ ਬਚਾਉਣ ਲਈ ਤਰਸੇਗੀ ਅਤੇ ਅਕਾਲੀ-ਭਾਜਪਾ ਗੱਠਜੋੜ ਇਨ੍ਹਾਂ ਚੋਣਾਂ ਵਿੱਚ ਵੀ ਲੋਕਾਂ ਦੇ ਭਰੋਸੇ ਨੂੰ ਬਰਕਰਾਰ ਰੱਖਦਿਆਂ ਜਿੱਤ ਦੇ ਪਰਚਮ ਬੁਲੰਦ ਕਰੇਗਾ। ਮਜੀਠੀਆ ਨੇ ਕਿਹਾ ਕਿ ਕਾਂਗਰਸ ਆਪਣੀਆਂ ਪੰਜਾਬ ਵਿਰੋਧੀ ਅਤੇ ਲੋਕ-ਮਾਰੂ ਨੀਤੀਆਂ ਤੋਂ ਇਲਾਵਾ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੀ ਪੁਸ਼ਤਪਨਾਹੀ ਦਾ ਖਮਿਆਜ਼ਾ ਭੁਗਤ ਰਹੀ ਹੈ। ਲੋਕਾਂ ਵੱਲੋਂ ਲਗਾਤਾਰ ਨਕਾਰੇ ਜਾਣ ਕਰਕੇ ਇਹ ਪਾਰਟੀ ਦਿਸ਼ਾਹੀਣ ਹੋ ਚੁੱਕੀ ਹੈ, ਜਿਸ ਤੋਂ ਸਾਫ਼ ਸੰਕੇਤ ਮਿਲ ਰਹੇ ਹਨ ਕਿ ਕਾਂਗਰਸ ਜਲਦੀ ਹੀ ਖਿੰਡ-ਪੁੰਡ ਜਾਵੇਗੀ। ਸਾਲ 2012 ਦੇ ਅੰਤ ਵਿੱਚ ਦੁਨੀਆ ਦੇ ਖਾਤਮੇ ਦੀ ਭਵਿੱਖਬਾਣੀ ਸਬੰਧੀ ਮਜੀਠੀਆ ਨੇ ਚੁੱਟਕੀ ਲੈਂਦਿਆਂ ਕਿਹਾ ਕਿ ਦੁਨੀਆ ਬਾਰੇ ਤਾਂ ਪਤਾ ਨਹੀਂ ਪਰ ਇਹ ਜਾਪ ਰਿਹਾ ਹੈ ਕਿ ਸਾਲ ਦੇ ਅੰਤ ਤੱਕ ਪੰਜਾਬ ਵਿੱਚੋਂ ਕਾਂਗਰਸ ਜ਼ਰੂਰ ਖਤਮ ਹੋ ਜਾਵੇਗੀ।
ਮਜੀਠੀਆ ਨੇ ਅਕਾਲੀ-ਭਾਜਪਾ ਗੱਠਜੋੜ ਵੱਲੋਂ ਵਿਕਾਸਮੁੱਖੀ, ਉਸਾਰੂ ਅਤੇ ਸਿਰ ਜੋੜਨ ਵਾਲੀ ਰਾਜਨੀਤੀ ਨੂੰ ਤਰਜੀਹ ਦੇਣ ਦਾ ਐਲਾਨ ਦੁਹਰਾਉਂਦਿਆਂ ਕਿਹਾ ਕਿ ਰੋਜ਼ਾਨਾ ਕਾਂਗਰਸ ਛੱਡ ਕੇ ਵੱਡੀ ਪੱਧਰ ‘ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਕਾਂਗਰਸੀ ਆਗੂ ਅਤੇ ਵਰਕਰ ਕਿਸੇ ਦਬਾਅ ਜਾਂ ਡਰ ਭੈਅ ਕਾਰਨ ਨਹੀਂ ਸਗੋਂ ਪੰਜਾਬ ਨੂੰ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਦੀ ਸੁਚੱਜੀ ਅਗਵਾਈ ਹੇਠ ਵਿਕਾਸ ਅਤੇ ਖੁਸ਼ਹਾਲੀ ਦੇ ਰਸਤੇ ਤੁਰਦਿਆਂ ਵੇਖ ਕੇ ਉਨ੍ਹਾਂ ਦੀ ਹਮਾਇਤ ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲੇ ਇਨ੍ਹਾਂ ਸਾਥੀਆਂ ਦੇ ਮਾਣ-ਸਤਿਕਾਰ ਦਾ ਪੂਰਾ ਖਿਆਲ ਰੱਖਿਆ ਜਾਵੇਗਾ।
ਇਨ੍ਹਾਂ ਸਮਾਗਮਾਂ ਦੌਰਾਨ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਮਾਏਦਾਰਾਂ ਅਤੇ ਐਸ਼ਪ੍ਰਸਤਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ, ਜੋ ਆਮ ਲੋਕਾਂ ਅਤੇ ਵਰਕਰਾਂ ਤੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਇਨ੍ਹਾਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਹਿੱਤੂ ਸਕੀਮਾਂ ਅਤੇ ਗਤੀਸ਼ੀਲ ਲੀਡਰਸ਼ਿਪ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਵਿੱਚ ਆਏ ਹਨ। ਇਸ ਮੌਕੇ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸ: ਮਨਜੀਤ ਸਿੰਘ ਮੰਨਾ, ਜ: ਸੰਤੋਖ ਸਿੰਘ ਸਮਰਾ, ਸ: ਬਲਬੀਰ ਸਿੰਘ ਚੰਦੀ, ਹਰਵਿੰਦਰ ਸਿੰਘ ਕੋਟਲਾ, ਜੋਧ ਸਿੰਘ ਸਮਰਾ, ਤਲਬੀਰ ਸਿੰਘ ਗਿੱਲ, ਕਰਨੈਲ ਸਿੰਘ ਨਾਗ, ਸੁਖਵਿੰਦਰ ਸਿੰਘ ਗੋਲਡੀ, ਭਗਵੰਤ ਸਿੰਘ ਸਿਆਲਕਾ, ਸੁਖਦੀਪ ਸਿੰਘ ਸਿੱਧੂ, ਜਗਰੂਪ ਸਿੰਘ ਚੰਦੀ, ਸਰਪੰਚ ਨਿਰਮਲ ਸਿੰਘ, ਕਿਰਪਾਲ ਸਿੰਘ ਰਾਮਦਿਵਾਲੀ, ਹਰਕੀਰਤ ਸਿੰਘ ਸ਼ਹੀਦ, ਸਰਬਜੀਤ ਸਿੰਘ ਨਾਗ ਸਮੇਤ ਕਈ ਸੀਨੀਅਰ ਅਕਾਲੀ ਆਗੂ ਵੀ ਮੌਜੂਦ ਸਨ।