May 16, 2012 admin

ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ‘ਤੇ ਚੱਲ ਕੇ ਹੀ ਪਿਛੜੇ ਵਰਗ ਦੇ ਲੋਕ ਤਰੱਕੀ ਕਰ ਸਕਦੇ ਹਨ: ਰਣੀਕੇ

* ਭਲਾਈ ਮੰਤਰੀ ਰਣੀਕੇ ਨੇ ਮੁਫ਼ਤ ‘ਕੰਪਿਊਟਰ ਟ੍ਰੇਨਿੰਗ ਸੈਂਟਰ’ ਦਾ ਉਦਘਾਟਨ ਕੀਤਾ
ਫਤਹਿਗੜ੍ਹ ਸਾਹਿਬ: 17 ਮਈ : ਗਰੀਬ ਪਰਿਵਾਰਾਂ ਦੇ ਬੱਚੇ ਸਮੇਂ ਦੇ ਹਾਣ ਦੀ ਸਿੱਖਿਆ ਹਾਸਲ ਕਰਕੇ ਹੀ ਅਜੋਕੇ ਵਿਗਿਆਨ ਦੇ ਯੁੱਗ ਵਿੱਚ ਤਰੱਕੀ ਕਰ ਸਕਦੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਗਰੀਬ ਵਰਗ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ. ਗੁਲਜ਼ਾਰ ਸਿੰਘ ਰਣੀਕੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਭਲਾਈ ਮੰਤਰੀ ਪੰਜਾਬ ਨੇ ਅੱਜ ਇੱਥੇ ਭਲਾਈ ਵਿਭਾਗ ਦੀ ਸਹਾਇਤਾ ਨਾਲ ਭਗਵਾਨ ਵਾਲਮੀਕਿ ਮੰਦਰ ਵਿਖੇ ਪੰਜਾਬ ਪ੍ਰਦੇਸ਼ ਵਾਲਮੀਕਿ ਸਭਾ ਵੱਲੋਂ ਖੋਲ੍ਹੇ ਗਏ ਮੁਫ਼ਤ ‘ਕੰਪਿਊਟਰ ਟ੍ਰੇਨਿੰਗ ਸੈਂਟਰ’ ਦਾ ਉਦਘਾਟਨ ਕਰਨ ਉਪਰੰਤ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਭਗਵਾਨ ਵਾਲਮੀਕਿ ਜੀ ਨੇ ਵੀ ਸਿੱਖਿਆ ‘ਤੇ ਵਧੇਰੇ ਜੋਰ ਦਿੱਤਾ ਸੀ ਅਤੇ ਅਜੋਕੇ ਯੁੱਗ ਵਿੱਚ ਵੀ ਉਹਨਾਂ ਦੀਆਂ ਸਿੱਖਿਆਵਾਂ ‘ਤੇ ਚੱਲ ਕੇ ਹੀ ਸਮਾਜ ਦੇ ਪਿੱਛੜੇ ਵਰਗ ਤਰੱਕੀ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਇਸ ਮੁਫ਼ਤ ਕੰਪਿਊਟਰ ਸਿਖਲਾਈ ਸੈਂਟਰ ਲਈ ਭਲਾਈ ਵਿਭਾਗ ਵੱਲੋਂ 5 ਲੱਖ ਰੁਪਏ ਦੀ ਗ੍ਰਾਂਟ ਮਨਜੂਰ ਕੀਤੀ ਗਈ ਹੈ ਜਿਸ ਵਿੱਚੋਂ 2.5 ਲੱਖ ਰੁਪਏ ਦੀ ਗ੍ਰਾਂਟ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੀ 2.5 ਲੱਖ ਰੁਪਏ ਦੀ ਗ੍ਰਾਂਟ ਵੀ ਜਲਦੀ ਹੀ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸੈਂਟਰ ਦੇ ਖੁੱਲ੍ਹਣ ਨਾਲ ਗਰੀਬ ਵਰਗ ਦੇ ਵਿਦਿਆਰਥੀ ਮੁਫ਼ਤ ਕੰਪਿਊਟਰ ਸਿੱਖਿਆ ਹਾਸਲ ਕਰ ਸਕਣਗੇ। ਉਨ੍ਹਾਂ ਇਸ ਮੌਕੇ ਇਸ ਕੰਪਿਊਟਰ ਟ੍ਰੇਨਿੰਗ ਸੈਂਟਰ ਦੇ ਵਿਕਾਸ ਲਈ 50 ਲੱਖ ਰੁਪਏ ਦੀ ਹੋਰ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।
       ਸ. ਰਣੀਕੇ ਨੇ ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਪੰਜਾਬ ਦੇ ਪਸ਼ੂ ਧਨ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਆਉਂਦੇ ਦੋ ਮਹੀਨਿਆਂ ਵਿੱਚ ਚਲਦੀਆਂ-ਫਿਰਦੀਆਂ ਐਂਬੂਲੈਂਸ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਜੋ 24 ਘੰਟੇ ਐਮਰਜੰਸੀ ਸਮੇਂ ਟੈਲੀਫੋਨ ‘ਤੇ ਹੀ ਐਂਬੂਲੈਂਸ ਦੀ ਸੁਵਿਧਾ ਪ੍ਰਾਪਤ ਹੋ ਸਕੇ ਅਤੇ ਸਮੇਂ ਸਿਰ ਪਸ਼ੂ ਧਨ ਨੂੰ ਮੈਡੀਕਲ ਸਹੂਲਤ ਦੇ ਕੇ ਉਸ ਦੀ ਜਾਨ ਬਚਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਆਉਂਦੇ ਪੰਜ ਸਾਲਾਂ ਵਿੱਚ 200 ਨਵੇਂ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਦਾ ਨਿਰਮਾਣ ਕੀਤਾ ਜਾਵੇ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਘਰਾਂ ਤੋਂ ਜ਼ਿਆਦਾ ਦੂਰ ਇਲਾਜ ਵਾਸਤੇ ਪਸ਼ੂ ਨਾ ਲੈ ਕੇ ਜਾਣੇ ਪੈਣ। ਉਨ੍ਹਾਂ ਆਖਿਆ ਇਨ੍ਹਾਂ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਲੋੜੀਂਦਾ ਸਟਾਫ, ਦਵਾਈਆਂ ਅਤੇ ਲੈਬੋਰਟਰੀ ਦੀਆਂ ਸਹੂਲਤਾਂ ਵੀ ਉਪਲਬਧ ਕਰਵਾਈਆਂ ਜਾਣਗੀਆਂ।
       ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ 11 ਪੌਲੀਕਲੀਨਿਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਾਪਤ ਕੀਤੀਆਂ ਗਈਆਂ ਹਨ ਅਤੇ ਆਉਂਦੇ ਸਮੇਂ ਨਾ ਕੇਵਲ ਹਰੇਕ ਜ਼ਿਲ੍ਹੇ ਵਿੱਚ ਪੌਲੀਕਲੀਨਿਕ ਸਥਾਪਤ ਕੀਤੀ ਜਾਵੇਗੀ, ਸਗੋਂ ਬਲਾਕ ਪੱਧਰ ‘ਤੇ ਵੀ ਪੌਲੀਕਲੀਨਿਕਾਂ ਸਥਾਪਤ ਕੀਤੀਆਂ ਜਾਣਗੀਆਂ ਤਾਂ ਜੋ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਪਸ਼ੂ ਧਨ ਲਈ ਉਪਲਬਧ ਹੋ ਸਕਣ। ਉਨ੍ਹਾਂ ਦੱਸਿਆ ਕਿ ਆਉਂਦੇ ਪੰਜ ਸਾਲਾਂ ਦੌਰਾਨ ਵਿਦੇਸ਼ਾਂ ਤੋਂ ਵਧੇਰੇ ਦੁੱਧ ਦੇਣ ਵਾਲੀਆਂ ਗਊਆਂ ਦਾ ਸੀਮਨ ਮੰਗਵਾ ਕੇ ਪੰਜਾਬ ਦੀਆਂ ਹੀ ਸਾਹੀਵਾਲ ਅਤੇ ਜਰਸੀ ਨਸਲ ਦੀਆਂ 30 ਤੋਂ 35 ਲੀਟਰ ਔਸਤ ਦੁੱਧ ਦੇਣ ਵਾਲੀਆਂ 2 ਲੱਖ ਗਊਆਂ ਤਿਆਰ ਕੀਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਮੁਰਾ ਅਤੇ ਨੀਲੀ ਰਾਵੀ ਨਸਲ ਦੀਆਂ 30 ਤੋਂ 32 ਲੀਟਰ ਦੁੱਧ ਦੇਣ ਵਾਲੀਆਂ ਮੱਝਾਂ ਵੀ ਪੰਜਾਬ ਵਿੱਚ ਹੀ ਤਿਆਰ ਕੀਤੀਆਂ ਜਾਣਗੀਆਂ।
       ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਫਤਹਿਗੜ੍ਹ ਸਾਹਿਬ ਸ਼੍ਰੀ ਕੁਲਜੀਤ ਸਿੰਘ ਨਾਗਰਾ ਨੇ ਗਰੀਬ ਵਰਗ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਸਰਕਾਰ ਵੱਲੋਂ ਲਾਗੂ ਕੀਤੇ ਗਏ ਵਿਦਿਆ ਦਾ ਅਧਿਕਾਰ ਕਾਨੂੰਨ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਦਾਖ਼ਲ ਕਰਵਾਇਆ ਜਾਵੇ ਕਿਉਂਕਿ ਸਿੱਖਿਆ ਹਾਸਲ ਕਰਕੇ ਹੀ ਗਰੀਬ ਵਰਗ ਦੇ ਵਿਦਿਆਰਥੀ ਆਪਣਾ ਜੀਵਨ ਮਿਆਰ ਉੱਚਾ ਚੁੱਕ ਸਕਦੇ ਹਨ। ਇਸ ਸਮਾਗਮ ਨੂੰ ਪੰਜਾਬ ਪ੍ਰਦੇਸ਼ ਵਾਲਮੀਕਿ ਸਭਾ ਦੇ ਚੇਅਰਮੈਨ ਸ਼੍ਰੀ ਗੇਜਾ ਰਾਮ ਵਾਲਮੀਕਿ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਕੰਪਿਊਟਰ ਸੈਂਟਰ ਵਿੱਚ 50 ਵਿਦਿਆਰਥੀ ਕੰਪਿਊਟਰ ਦੀ ਮੁਫ਼ਤ ਸਿੱਖਿਆ ਹਾਸਲ ਕਰ ਰਹੇ ਹਨ। ਸਮਾਗਮ ਨੂੰ ਸ. ਜਤਿੰਦਰ ਸਿੰਘ ਚੰਨੋ ਕੌਮੀ ਉਪ ਪ੍ਰਧਾਨ ਯੂਥ ਵਿੰਗ, ਸ਼੍ਰੀਮਤੀ ਹਰਜਿੰਦਰ ਕੌਰ ਖਾਨਪੁਰ ਕੌਮੀ ਦਫ਼ਤਰੀ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸ਼ਮਸ਼ੇਰ ਸਿੰਘ ਅੰਨੀਆ ਨੇ ਵੀ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਸ਼੍ਰੀ ਰਾਮਨਾਥ ਸਿੰਘ, ਸ਼੍ਰੀ ਜੋਗਿੰਦਰ ਟਾਈਗਰ, ਸ਼੍ਰੀ ਦਰਪਣ ਬੈਂਸ ਕੌਮੀ ਉਪ ਪ੍ਰਧਾਨ, ਸ਼੍ਰੀ ਹਰੀ ਸਿੰਘ ਜੋਨਲ ਇੰਚਾਰਜ, ਸ਼੍ਰੀ ਗੁਰਮੀਤ ਸਿੰਘ ਸਾਉ, ਸ਼੍ਰੀ ਨਾਥ ਕੁਮਾਰ, ਸ਼੍ਰੀ ਜਤਿੰਦਰ ਸਿੰਘ ਚੰਨੋ, ਸ਼੍ਰੀ ਅਮਰਜੀਤ ਸਿੰਘ ਗਿੱਲ, ਸ਼੍ਰੀ ਤਰਸੇਮ ਸਿੰਘ, ਸ਼੍ਰੀ ਵਿਜੇ ਕੁਮਾਰ ਕੌਮੀ, ਸ਼੍ਰੀ ਨਿਰਮਲ ਸਿੰਘ ਵਿਜ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸ਼੍ਰੀ ਜਤਿੰਦਰ ਸਿੰਘ ਭਾਟੀਆ, ਸਹਾਇਕ ਡਾਇਰੈਕਟਰ ਮੱਛੀ ਪਾਲਣ ਸ਼੍ਰੀ ਪਵਨ ਕੁਮਾਰ, ਮੱਛੀ ਪਸਾਰ ਅਫਸਰ ਸ਼੍ਰੀ ਦਵਿੰਦਰ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਸ਼੍ਰੀ ਦਿਲਬਾਗ ਸਿੰਘ ਹਾਂਸ, ਡੇਅਰੀ ਵਿਕਾਸ ਇੰਸਪੈਕਟਰ ਸ਼੍ਰੀ ਚਰਨਜੀਤ ਸਿੰਘ, ਸ਼੍ਰੀ ਲਖਵਿੰਦਰ ਸਿੰਘ ਜ਼ਿਲ੍ਹਾ ਭਲਾਈ ਅਫਸਰ, ਸ਼੍ਰੀ ਸਿੰਕਦਰ ਸਿੰਘ ਤਹਿਸੀਲ ਭਲਾਈ ਅਫਸਰ, ਸ਼੍ਰੀ ਸਾਧੂ ਸਿੰਘ ਭੱਟਮਾਜਰਾ ਆੜ੍ਹਤੀ ਐਸੋਸੀਏਸ਼ਨ ਦੇ ਅਹੁਦੇਦਾਰ ਤੋਂ ਇਲਾਵਾ ਹੋਰ ਅਧਿਕਾਰੀ ਤੇ ਇਲਾਕਾ ਨਿਵਾਸੀ ਵੀ ਮੌਜੂਦ ਸਨ।

Translate »