May 16, 2012 admin

ਕੰਢੀ ਕੈਨਾਲ ਇਸੇ ਸਾਲ ਮੁਕੰਮਲ ਕਰਾਂਗੇ: ਸੋਹਣ ਸਿੰਘ ਠੰਡਲ

• ਕੰਢੀ ਖੇਤਰ ਵਿੱਚ 100 ਕਰੋੜ ਦੀ ਲਾਗਤ ਨਾਲ ਡੂੰਘੇ ਟਿਊਬਵੈਲ ਲਾਉਣ ਦੀ ਯੋਜਨਾ ਪ੍ਰਵਾਨ
• ਸੇਮ ਪ੍ਰਭਾਵਤ ਇਲਾਕਿਆਂ ‘ਚ ਕੇਂਦਰੀ ਟੀਮ ਭੇਜਣ ਦਾ ਸਵਾਗਤ, ਵਿਸ਼ੇਸ਼ ਪੈਕੇਜ ਦੀ ਮੰਗ

ਚੰਡੀਗੜ•, 16 ਮਈ: ਪੰਜਾਬ ਦੇ ਸਿੰਚਾਈ ਵਿਭਾਗ ਦੇ ਮੁੱਖ ਪਾਰਲੀਮਾਨੀ ਸਕੱਤਰ ਸ. ਸੋਹਣ ਸਿੰਘ ਠੰਡਲ ਨੇ ਕਿਹਾ ਹੈ ਕਿ ਕੰਢੀ ਕੈਨਾਲ ਦੇ ਦੂਜੇ ਪੜਾਅ ਦਾ ਕੰਮ ਹਰ ਹੀਲੇ ਇਸੇ ਸਾਲ ਮੁਕੰਮਲ ਕੀਤਾ ਜਾਵੇਗਾ ਅਤੇ ਇਸ ਨੂੰ ਚਾਲੂ ਕਰ ਕੇ ਗੜ•ਸ਼ੰਕਰ ਸਬ-ਤਹਿਸੀਲ ਤੱਕ ਪਾਣੀ ਪੁੱਜਦਾ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਇਸ ਖੇਤਰ ਦੇ ਲੋਕਾਂ ਨੂੰ ਚਿਰਾਂ ਤੋਂ ਇਹ ਰੋਸ ਸੀ ਕਿ ਸਿੰਚਾਈ ਸਹੂਲਤਾਂ ਦੀ ਅਣਹੋਂਦ ਕਾਰਨ ਇਹ ਖ਼ਿੱਤਾ ਖੇਤੀਬਾੜੀ ਦੇ ਪੱਖੋਂ ਪਿਛੜ ਰਿਹਾ ਹੈ। ਉਨ•ਾਂ ਦੱਸਿਆ ਕਿ ਉਨ•ਾਂ ਦੀਆਂ ਹੱਕੀ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਸ ਖੇਤਰ ਦੇ ਵਿਕਾਸ ਲਈ ਵਿਸ਼ੇਸ਼ ਯੋਜਨਾ ਪ੍ਰਵਾਨ ਕੀਤੀ ਹੈ ਜਿਸ ਤਹਿਤ ਜਿਥੇ ਕੰਢੀ ਕੈਨਾਲ ਦਾ ਕੰਮ ਜੰਗੀ ਪੱਧਰ ‘ਤੇ ਇਸੇ ਸਾਲ ਮੁਕੰਮਲ ਕੀਤਾ ਜਾਵੇਗਾ, ਉਥੇ ਸਿੰਚਾਈ ਦੀਆਂ ਹੋਰਨਾਂ ਸਹੂਲਤਾਂ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਵੇਗਾ।
ਸ. ਠੰਡਲ ਨੇ ਅੱਜ ਇਥੇ ਜਾਰੀ ਬਿਆਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੰਢੀ ਖੇਤਰ ਵਿੱਚ ਬਿਹਤਰ ਸਿੰਚਾਈ ਸਹਲੂਤਾਂ ਪ੍ਰਦਾਨ ਕਰਨ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਤਹਿਤ 100 ਕਰੋੜ ਰੁਪਏ ਦੀ ਲਾਗਤ ਨਾਲ ਡੂੰਘੇ ਟਿਊਬਵੈਲ ਲਾਏ ਜਾਣਗੇ। ਇਸ ਨਾਲ 26,500 ਏਕੜ ਬੰਜਰ ਜ਼ਮੀਨ ਨੂੰ ਉਪਜਾਊ ਬਣਾਇਆ ਜਾਵੇਗਾ।
ਇਸ ਦੇ ਨਾਲ ਹੀ ਸ. ਠੰਡਲ ਨੇ ਯੋਜਨਾ  ਕਮਿਸ਼ਨ ਵੱਲੋਂ ਸੂਬੇ ਦੇ ਕਈ ਖ਼ਿੱਤਿਆਂ ਵਿਚਲੀ ਸੇਮ ਦੀ ਮਾਰੂ ਸਮੱਸਿਆ ਦੇ ਕਾਰਨਾਂ ਨੂੰ ਸਮਝਣ ਅਤੇ ਇਸ ਦੇ ਹੱਲ ਲਈ ਕੇਂਦਰੀ ਟੀਮ ਸੂਬੇ ‘ਚ ਭੇਜਣ ਦਾ ਫ਼ੈਸਲਾ ਸ਼ਲਾਘਾਯੋਗ ਕਦਮ ਹੈ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਫ਼ੌਰੀ ਤੌਰ ‘ਤੇ ਸੇਮ ਪ੍ਰਭਾਵਤ ਇਲਾਕਿਆਂ ਲਈ ਵਿਸ਼ੇਸ਼ ਪੈਕੇਜ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਹਾਲੋਂ ਬਦਹਾਲ ਹੋ ਚੁੱਕੀ ਪੰਜਾਬ ਦੀ ਕਿਰਸਾਨੀ ਨੂੰ ਮੁੜ ਪੈਰਾਂ ‘ਤੇ ਖੜਾ ਕੀਤਾ ਜਾ ਸਕੇ।
ਉਨ•ਾਂ ਕਿਹਾ ਕਿ ਪੰਜਾਬ ਦੇ ਕਿਸਾਨ ਵੱਲੋਂ ਸਰਬੱਤ ਦੇ ਭਲੇ ਲਈ ਅਤੇ ਹਿੰਦੁਸਤਾਨ ਦੀ ਗ਼ਰੀਬ ਜਨਤਾ ਦਾ ਢਿੱਡ ਭਰਨ ਲਈ ਜ਼ਮੀਨੀ ਪਾਣੀ ਦੀ ਹੱਦੋਂ ਵੱਧ ਵਰਤੋਂ ਫ਼ਸਲਾਂ ਉਗਾਉਣ ਲਈ ਕੀਤੀ ਗਈ ਜਿਸ ਕਾਰਨ ਭਾਵੇਂ ਪੰਜਾਬ, ਕੇਂਦਰ ਦੇ ਅਨਾਜ ਭੰਡਾਰ ਨੂੰ ਸਾਲਾਂ ਬੱਧੀ ਭਰਨ ਵਿੱਚ ਕਾਮਯਾਬ ਰਿਹਾ ਪਰ ਮੋੜਵੇਂ ਰੂਪ ਵਿੱਚ ਪੰਜਾਬ ‘ਚ ਜ਼ਮੀਨੀ ਪਾਣੀ ਦਾ ਸੰਤੁਲਨ ਹੱਦ ਤੋਂ ਵੱਧ ਵਿਗੜ ਗਿਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਜਿਥੇ ਇੱਕ ਪਾਸੇ ਪੰਜਾਬ ਦੇ ਕਈ ਹਲਕਿਆਂ ਵਿੱਚ ਪਾਣੀ ਦਾ ਪੱਧਰ ਕਾਫ਼ੀ ਹੇਠਾਂ ਚਲਾ ਗਿਆ, ਉਥੇ ਕਈ ਖ਼ਿੱਤਿਆਂ ਵਿੱਚ ਪਾਣੀ ਜ਼ਹਿਰੀਲੇ ਰਸਾਇਣਕ ਤੱਤਾਂ ਦੀ ਮੌਜੂਦਗੀ ਕਾਰਨ ਪੀਣ ਦੇ ਲਾਇਕ ਨਹੀਂ ਰਿਹਾ। ਇਸ ਦੇ ਨਾਲ ਹੀ ਪੰਜਾਬ ਦੇ ਕਈ ਜ਼ਿਲਿ•ਆਂ ਵਿੱਚ ਸੇਮ ਦੀ ਸਮੱਸਿਆ ਪੈਦਾ ਹੋ ਗਈ ਹੈ। ਕੇਂਦਰ ਸਰਕਾਰ ਸਦਾ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆਂ ਕਰਦੀ ਰਹੀ ਹੈ। ਉਨ•ਾਂ ਕਿਹਾ ਕਿ ਹੁਣ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਜ਼ੋਰ-ਸ਼ੋਰ ਨਾਲ ਇਹ ਮੁੱਦਾ ਉਠਾਏ ਜਾਣ ਕਾਰਨ ਕੇਂਦਰ ਸਰਕਾਰ ਨੇ ਪੰਜਾਬ ਦੀ ਇਸ ਗੰਭੀਰ ਸਮੱਸਿਆ ਨੂੰ ਸਮਝਿਆ ਹੈ ਅਤੇ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਡਾ. ਮੌਨਟੇਕ ਸਿੰਘ ਆਹਲੂਵਾਲੀਆ ਨੇ ਪੰਜਾਬ ਦੀ ਇਸ ਸਮੱਸਿਆ ਦੇ ਹੱਲ ਲਈ ਟੀਮ ਭੇਜਣ ਦਾ ਫ਼ੈਸਲਾ ਲਿਆ ਹੈ।

Translate »