May 16, 2012 admin

ਪੰਜਾਬ ਸਰਕਾਰ ਕਿਸਾਨਾਂ ਲਈ ਤਿਆਰ ਕਰੇਗੀ ਪੈਨਸ਼ਨ ਸਕੀਮ

• ਬਾਦਲ ਵੱਲੋਂ ਸਾਂਝੀਆਂ ਜਾਇਦਾਦਾਂ ਦੀ ਤਕਸੀਮ ਦੇ ਮਾਮਲੇ ਸਮੇਂ ਸਿਰ ਹੱਲ ਕਰਨ ਦੇ ਨਿਰਦੇਸ਼
• ਹੁਸ਼ਿਆਰਪੁਰ ਵਿਖੇ ਲੱਕੜ ਮੰਡੀ ਸਥਾਪਤ ਕਰਨ ਲਈ ਆਖਿਆ
ਚੰਡੀਗੜ•, 16 ਮਈ:  ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਮੁੱਖ ਸਕੱਤਰ ਨੂੰ ਆਖਿਆ ਕਿ ਸੂਬੇ ਦੇ ਕਿਸਾਨਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਅਤੇ ਬੁਢਾਪੇ ਵਿੱਚ ਮਾਣ ਭਰੀ ਜ਼ਿੰਦਗੀ ਬਤੀਤ ਕਰਨ ਨੂੰ ਯਕੀਨੀ ਬਣਾਉਣ ਲਈ ਪੈਨਸ਼ਨ ਸਕੀਮ ਸ਼ੁਰੂ ਕਰਨ ਵਾਸਤੇ ਢੁਕਵੀਂ ਤਜਵੀਜ਼ ਤਿਆਰ ਕੀਤੀ ਜਾਵੇ।
ਅੱਜ ਸਵੇਰੇ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ‘ਚ ਮਿਲੇ ਉਚ ਪੱਧਰੀ ਵਫ਼ਦ ਨਾਲ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਸਕੀਮ, ਨੈਸ਼ਨਲ ਪੈਨਸ਼ਨ ਸਕੀਮ ਦੀਆਂ ਲੀਹਾਂ ‘ਤੇ ਬਣਾਈ ਜਾ ਸਕਦੀ ਹੈ ਜਿਸ ਅਨੁਸਾਰ ਕਿਸਾਨਾਂ ਵਲੋਂ ਤੈਅਸ਼ੁਦਾ ਰਕਮ ਜਮ•ਾਂ ਕਰਵਾਈ ਜਾ ਸਕੇਗੀ ਅਤੇ ਇਸ ਵਿੱਚ ਰਾਜ ਸਰਕਾਰ ਵਲੋਂ ਵੀ ਬਰਾਬਰ ਹਿੱਸੇਦਾਰੀ ਪਾਈ ਜਾਇਆ ਕਰੇ। ਕਿਸਾਨਾਂ ਨੂੰ ਮਹੀਨਾਵਾਰ ਪੈਨਸ਼ਨ ਦੇਣ ਲਈ ਆਪਸੀ ਵਿਚਾਰ-ਵਟਾਂਦਰੇ ਉਪਰੰਤ ਸੇਵਾ ਮੁਕਤੀ ਦੀ ਉਮਰ 60 ਜਾਂ 65 ਸਾਲ ਤੈਅ ਜਾ ਸਕਦੀ ਹੈ।
ਸਾਂਝੀ ਜਾਇਦਾਦ ਦੀ ਖਾਨਗੀ ਤਕਸੀਮ ਦੇ ਕੰਮ ਨੂੰ ਸਮੇਂ ਸਿਰ ਨਿਪਟਾਉਣ ਦੇ ਸਬੰਧ ਵਿੱਚ ਯੂਨੀਅਨ ਵਲੋਂ ਉਠਾਈ ਮੰਗ ਦੇ ਜਵਾਬ ਵਿੱਚ ਸ. ਬਾਦਲ ਨੇ ਉਨ•ਾਂ ਨੂੰ ਜਾਣਕਾਰੀ ਦਿੱਤੀ ਕਿ ਉਹ ਵਿੱਤ ਕਮਿਸ਼ਨਰ ਮਾਲ ਨੂੰ ਪਹਿਲਾਂ ਹੀ ਹਦਾਇਤ ਜਾਰੀ ਕਰ ਚੁੱਕੇ ਹਨ ਕਿ ਇੱਕ ਵਿਆਪਕ ਮੁਹਿੰਮ ਚਲਾ ਕੇ ਅਜਿਹੇ ਕੇਸਾਂ ਨੂੰ ਮਿਲ ਬੈਠ ਕੇ ਛੇਤੀ ਹੱਲ ਕਰਨ ਨੂੰ ਯਕੀਨੀ ਬਣਾਉਣ ਲਈ ਰਾਜ ਦੇ ਸਾਰੇ ਜ਼ਿਲਿ•ਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਜਾਰੀ ਕਰਨ। ਸ. ਬਾਦਲ ਨੇ ਇੱਕ ਸਾਲ ਦੇ ਸਮੇਂ ਦੌਰਾਨ ਖਾਨਗੀ ਤਕਸੀਮ ਦਾ ਘੱਟੋ ਘੱਟ 50 ਫ਼ੀਸਦੀ ਕੰਮ ਪੂਰਾ ਕਰਨ ਦਾ ਟੀਚਾ ਦਿੱਤਾ। ਇਸ ਦੇ ਨਾਲ ਹੀ ਉਨ•ਾਂ ਨੇ ਮਾਲ ਵਿਭਾਗ ਨੂੰ ਆਖਿਆ ਕਿ ਬੈਨਾਮੇ ਦੀ ਰਜਿਸਟਰੀ ਤੋਂ 15 ਦਿਨਾਂ ਦੇ ਵਿੱਚ ਵਿੱਚ ਇੰਤਕਾਲ ਨੂੰ ਵੀ ਯਕੀਨੀ ਬਣਾਇਆ ਜਾਵੇ।
ਮੁੱਖ ਮੰਤਰੀ ਨੇ ਡਰੇਨੇਜ਼ ਅਤੇ ਨਹਿਰਾਂ ਦੇ ਮੁੱਖ ਇੰਜੀਨੀਅਰਾਂ ਨੂੰ ਵੀ ਹਦਾਇਤ ਕੀਤੀ ਕਿ ਨਹਿਰਾਂ, ਖਾਲਿਆਂ ਅਤੇ ਸੇਮ ਨਾਲਿਆਂ ਦੀ ਸਫ਼ਾਈ ਤੈਅ ਸਮੇਂ ਵਿੱਚ ਕੀਤੀ ਜਾਵੇ। ਸ. ਬਾਦਲ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਆਦੇਸ਼ ਦਿੱਤਾ ਕਿ ਨਹਿਰਾਂ ਅਤੇ ਸੇਮ ਨਾਲਿਆਂ ਖਾਸ ਤੌਰ ‘ਤੇ ਲੁਧਿਆਣਾ ਅਤੇ ਨਵਾਂ ਸ਼ਹਿਰ ਦੇ ਖੇਤਰ ਵਿੱਚ ਸਨਅਤਾਂ ਦੇ ਅਣਸੋਧੇ ਰਸਾਇਣਕ ਪਦਾਰਥ ਅਤੇ ਗੰਦਾ ਪਾਣੀ ਪੈਣ ਦੀ ਕਾਰਵਾਈ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ। ਉਨ•ਾਂ ਨੇ ਵਾਤਾਵਰਣ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਆਖਿਆ ਕਿ ਭਾਰਤੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਕਾਇਮ ਕਰਕੇ ਪ੍ਰਦੂਸ਼ਣ ਨੇਮਾਂ ਦੀ ਘੋਰ ਉਲੰਘਣਾ ਕਰ ਰਹੇ ਸਨਅਤੀ ਯੂਨਿਟਾਂ ‘ਤੇ ਛਾਪੇਮਾਰੀ ਕੀਤੀ ਜਾਵੇ।
ਭਾਰਤੀ ਕਿਸਾਨ ਯੂਨੀਅਨ ਵਲੋਂ ਗੰਨਾ ਉਤਪਾਦਕਾਂ ਦੀ ਸਹਿਕਾਰੀ ਅਤੇ ਖੰਡ ਮਿੱਲਾਂ ਵੱਲ ਖੜ•ੀ ਬਕਾਇਆ ਰਕਮ ਦੀ ਅਦਾਇਗੀ ਕਰਨ ਸਬੰਧੀ ਉਠਾਏ ਮਾਮਲੇ ਬਾਰੇ ਸ. ਬਾਦਲ ਨੇ ਵਿੱਤ ਕਮਿਸ਼ਨਰ ਵਿਕਾਸ ਨੂੰ ਆਖਿਆ ਕਿ ਸਬੰਧਤ ਪ੍ਰਾਈਵੇਟ ਖੰਡ ਮਿੱਲਾਂ ਦੇ ਮਾਲਕਾਂ ਤੇ ਸਹਿਕਾਰੀ ਮਿੱਲਾਂ ਦੇ ਪ੍ਰਬੰਧਕਾਂ ਅਤੇ ਗੰਨਾ ਉਤਪਾਦਕਾਂ ਦਰਮਿਆਨ ਇਸ ਮਾਮਲੇ ਨੂੰ ਤੁਰੰਤ ਸੁਹਿਰਦਤਾ ਨਾਲ ਹੱਲ ਕੀਤਾ ਜਾਵੇ।
ਮੁੱਖ ਮੰਤਰੀ ਨੇ ਮੰਡੀ ਬੋਰਡ ਦੇ ਸਕੱਤਰ ਨੂੰ ਹਦਾਇਤ ਕੀਤੀ ਕਿ ਲੱਕੜ ਦੀ ਵਿਕਰੀ ਅਤੇ ਖਰੀਦ ਲਈ ਮੰਡੀਕਰਨ ਦੀਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਵਾਸਤੇ ਦੁਆਬੇ ਦੇ ਕਿਸਾਨਾਂ ਲਈ ਹੁਸ਼ਿਆਰਪੁਰ ਵਿਖੇ ਉਚ ਦਰਜੇ ਦੀ ਲੱਕੜ ਮੰਡੀ ਕਾਇਮ ਕੀਤੀ ਜਾਵੇ। ਇਸ ਦੇ ਨਾਲ ਹੀ ਉਨ•ਾਂ ਨੇ ਵਿੱਤ ਕਮਿਸ਼ਨਰ ਵਿਕਾਸ ਨੂੰ ਆਖਿਆ ਕਿ ਸੂਬੇ ਵਿੱਚ ਮੱਛੀ ਮਾਰਕੀਟ ਨੂੰ ਹੁਲਾਰਾ ਦੇਣ ਲਈ ਲੁਧਿਆਣਾ ਵਿਖੇ ਅਤਿ ਆਧੁਨਿਕ ਮੱਛੀ ਮਾਰਕੀਟ ਸਥਾਪਤ ਕਰਨ ਲਈ ਲੋੜੀਂਦੀਆਂ ਰਸਮਾਂ ਮੁਕੰਮਲ ਕੀਤੀਆਂ ਜਾਣ।
ਬੈਂਕਾਂ ਵਲੋਂ 50,000 ਰੁਪਏ ਜਾਂ ਇਸ ਤੋਂ ਵੱਧ ਰਕਮ ਦਾ ਲੈਣ ਦੇਣ ਕਰਨ ਮੌਕੇ ਪੈਨ ਨੰਬਰ ਲੈਣ ਦੀ ਸ਼ਰਤ ਨੂੰ ਖਤਮ ਕਰਨ ਦੀ ਉਠਾਈ ਮੰਗ ਬਾਰੇ ਸ. ਬਾਦਲ ਨੇ ਕਿਹਾ ਕਿ ਕਿਸਾਨ ਪੈਨ ਨਾ ਹੋਣ ਦੀ ਸੂਰਤ ਵਿੱਚ ਫਾਰਮ ਨੰਬਰ 60 ਦੀ ਵਰਤੋਂ ਕਰ ਸਕਦੇ ਹਨ ਜਦਕਿ  ਸੂਬਾ ਸਰਕਾਰ ਇਸ ਮਾਮਲੇ ਵਿੱਚ ਸਿੱਧੇ ਤੌਰ ‘ਤੇ ਦਖ਼ਲ ਨਹੀਂ ਦੇ ਸਕਦੀ ਕਿਉਂਕਿ ਇਹ ਮਾਮਲਾ ਆਮਦਨ ਕਰ ਐਕਟ ਦੇ ਘੇਰੇ ਵਿੱਚ ਆਉਂਦਾ ਹੈ ਜੋ ਭਾਰਤ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹੈ।
ਕਿਸਾਨਾਂ ਨੂੰ ਸਾਲ 2010 ਵਿੱਚ ਸੋਕਾ ਰਾਹਤ ਵਜੋਂ ਦਿੱਤੇ ਜਾਣ ਵਾਲੀ 150 ਕਰੋੜ ਰੁਪਏ ਦੀ ਬਕਾਇਆ ਰਕਮ ਦੀ ਅਦਾਇਗੀ ਕਰਨ ਸਬੰਧੀ ਸ. ਬਾਦਲ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ 13ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ‘ਤੇ ਭਾਰਤ ਸਰਕਾਰ ਪਾਸੋਂ ਫੰਡ ਹਾਸਲ ਹੋ ਜਾਣ ਤੋਂ ਤੁਰੰਤ ਬਾਅਦ ਕਿਸਾਨਾਂ ਨੂੰ ਇਸ ਦੀ ਅਦਾਇਗੀ ਕਰ ਦਿੱਤੀ ਜਾਵੇਗੀ।
ਖੇਤੀ ਟਿਊਬਵੈਲ ਦੇ ਬਿਲਾਂ ਦੀ ਸੂਰਤ ਵਿੱਚ ਕਿਸਾਨਾਂ ਤੋਂ ਲਏ ਉਤਪਾਦਕਤਾ ਬੋਨਸ ਦੀ ਅਦਾਇਗੀ ਦੇ ਇੱਕ ਹੋਰ ਮਾਮਲੇ ਬਾਰੇ ਸ. ਬਾਦਲ ਨੇ ਕਿਹਾ ਕਿ ਸਬੰਧਤ ਲਾਭਪਾਤਰੀਆਂ ਨੂੰ 94.31 ਕਰੋੜ ਰੁਪਏ ਪਹਿਲਾਂ ਹੀ ਵੰਡੇ ਜਾ ਚੁੱਕੇ ਹਨ ਅਤੇ ਬਾਕੀ 2.58 ਕਰੋੜ ਰੁਪਏ ਵੀ ਛੇਤੀ ਹੀ ਜਾਰੀ ਕਰ ਦਿੱਤੇ ਜਾਣਗੇ।
ਫਲਾਂ ਅਤੇ ਸਬਜੀਆਂ ਦੀ ਪ੍ਰੋਸੈਸਿੰਗ ਦੇ ਮੁੱਦੇ ‘ਤੇ ਸ. ਬਾਦਲ ਨੇ ਵਿੱਤ ਕਮਿਸ਼ਨਰ ਵਿਕਾਸ ਨੂੰ ਆਖਿਆ ਕਿ ਅਬੋਹਰ ਅਤੇ ਹੁਸ਼ਿਆਰਪੁਰ ਵਿੱਚ ਕਿਨੂੰ ਜੂਸਿੰਗ ਪਲਾਂਟਾਂ ਨੂੰ ਕਿਸੇ ਪ੍ਰਾਈਵੇਟ ਪਾਰਟੀ ਨੂੰ ਲੀਜ਼ ‘ਤੇ ਦੇ ਕੇ ਇਸ ਦੀ ਢੁਕਵੀਂ ਵਰਤੋਂ ਕੀਤੀ ਜਾਵੇ ਤਾਂ ਜੋ ਕਿਨੂੰ ਉਤਪਾਦਕਾਂ ਲਈ ਕਿਨੂੰਆਂ ਦੀ ਵਾਜ਼ਬ ਕੀਮਤ ਮਿਲਣੀ ਯਕੀਨੀ ਬਣਾਈ ਜਾ ਸਕੇ। ਉਨ•ਾਂ ਨੇ ਪੰਜਾਬ ਐਗਰੋ ਨੂੰ ਵੀ ਹਦਾਇਤ ਕੀਤੀ ਕਿ ਲੁਧਿਆਣਾ ਵਿੱਚ ਜਾਂ ਇਸ ਦੇ ਆਲੇ ਦੁਆਲੇ ਟਮਾਟੋ ਪੇਸਟ ਪਲਾਂਟ ਕਾਇਮ ਕਰਨ ਦੀਆਂ ਸੰਭਾਵਨਾਵਾਂ ਤਰਾਸ਼ੀਆਂ ਜਾਣ ਤਾਂ ਜੋ ਕਿਸਾਨਾਂ ਨੂੰ ਉਨ•ਾਂ ਦੀ ਪੈਦਾਵਾਰ ਦਾ ਚੰਗਾ ਮੁੱਲ ਮਿਲ ਸਕੇ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਖੇ ‘ਪੈਰਿਸ਼ਏਬਲ ਕਾਰਗੋ ਟਰਮੀਨਲ’ ਵੀ ਖੁਲ• ਰਿਹਾ ਹੈ ਜਿਸ ਨਾਲ ਸਬਜ਼ੀ ਅਤੇ ਫ਼ਲ ਉਤਪਾਦਕਾਂ ਨੂੰ ਆਪਣੀ ਪੈਦਾਵਾਰ ਬਰਾਮਦ ਕਰਨ ਦੀ ਸਹੂਲਤ ਪ੍ਰਦਾਨ ਹੋਵੇਗੀ।
ਮੀਟਿੰਗ ਵਿੱਚ ਹਾਜ਼ਰ ਹੋਰਨਾ ਤੋਂ ਇਲਾਵਾ ਮੁੱਖ ਸਕੱਤਰ ਸ਼੍ਰੀ ਰਾਕੇਸ਼ ਸਿੰਘ, ਵਿੱਤ ਕਮਿਸ਼ਨਰ ਵਿਕਾਸ ਸ਼੍ਰੀ ਜੀ.ਐਸ. ਸੰਧੂ, ਵਿੱਤ ਕਮਿਸ਼ਨਰ ਮਾਲ ਸ਼੍ਰੀ ਐਨ.ਐਸ. ਕੰਗ, ਵਿੱਤ ਕਮਿਸ਼ਨਰ ਪਸ਼ੂ ਪਾਲਣ ਸ੍ਰ੍ਰੀ ਜਗਪਾਲ ਸਿੰਘ ਸੰਧੂ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਕੇ. ਸੰਧੂ, ਪ੍ਰਮੁੱਖ ਸਕੱਤਰ ਸਹਿਕਾਰਤਾ ਸ਼੍ਰੀ ਵਿਸ਼ਵਜੀਤ ਖੰਨਾ, ਪ੍ਰਮੁੱਖ ਸਕੱਤਰ ਵਾਤਾਵਰਣ, ਵਿਗਿਆਨ ਤੇ ਤਕਨਾਲੋਜੀ ਸ਼੍ਰੀ ਕਰਨ ਅਵਤਾਰ ਸਿੰਘ, ਸਕੱਤਰ ਮੰਡੀ ਬੋਰਡ ਸ਼੍ਰੀ ਮਹਿੰਦਰ ਸਿੰਘ ਕੈਂਥ, ਸਕੱਤਰ ਗ੍ਰਹਿ ਸ਼੍ਰੀ ਸਮੀਰ ਕੁਮਾਰ, ਰਜਿਸਟਰਾਰ ਸਹਿਕਾਰੀ ਸਭਾਵਾਂ ਸ਼੍ਰੀ ਕਿਰਨਦੀਪ ਸਿੰਘ ਭੁੱਲਰ, ਐਮ.ਡੀ. ਸ਼ੂਗਰਫ਼ੈਡ ਸ਼੍ਰੀ ਐਮ.ਪੀ. ਅਰੋੜਾ, ਕਮਿਸ਼ਨਰ ਪ੍ਰਵਾਸੀ ਭਾਰਤੀ ਮਾਮਲੇ ਸ਼੍ਰੀ ਰਮੇਸ਼ ਕੇ. ਗਾਂਟਾ ਅਤੇ ਡਾਇਰੈਕਟਰ ਬਾਗਬਾਨੀ ਸ਼੍ਰੀ ਐਨ.ਐਸ. ਬਰਾੜ ਸ਼ਾਮਲ ਸਨ।
ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਵਫ਼ਦ ‘ਚ ਸ਼ਾਮਲ ਮੈਂਬਰ ਜਨਰਲ ਸਕੱਤਰ ਸ਼੍ਰੀ ਓਂਕਾਰ ਸਿੰਘ ਤੇ ਸ਼੍ਰੀ ਪਰਮਿੰਦਰ ਸਿੰਘ ਚਲਾਕੀ, ਸੀਨੀਅਰ ਉਪ ਪ੍ਰਧਾਨ ਸ਼੍ਰੀ ਨੇਕ ਸਿੰਘ ਅਤੇ ਖਜ਼ਾਨਚੀ ਸ਼੍ਰੀ ਗੁਲਜ਼ਾਰ ਸਿੰਘ ਘਨੌਰ ਵੀ ਹਾਜ਼ਰ ਸਨ।

Translate »