May 16, 2012 admin

ਬਠਿੰਡਾ ਤੋਂ ਦਿੱਲੀ ਤੱਕ ਸ਼ਤਾਬਦੀ ਰੇਲ ਗੱਡੀ ਚਲਾਈ ਜਾਵੇ-ਸਾਹੀ

*ਮਾਲ ਵਿਭਾਗ ਨੂੰ ਨਵਾਂ ਰੂਪ ਦਿੱਤਾ ਜਾਵੇਗਾ
ਬਠਿੰਡਾ, 15 ਮਈ -ਪੰਜਾਬ, ਖਾਸਕਰ ਇਸ ਦੇ ਮਾਲਵਾ ਖੇਤਰ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਬਠਿੰਡਾ ਤੋਂ ਦਿੱਲੀ ਸ਼ਤਾਬਦੀ ਰੇਲ ਗੱਡੀ ਚਲਾਉਣ, ਪੀ. ਜੀ. ਆਈ. ਦੀ ਤਰਜ਼ ‘ਤੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਨੂੰ ਅਪਗ੍ਰੇਡ ਕਰਨ ਅਤੇ ਉਥੋਂ ਦੇ ਫਲਾਇੰਗ ਕਲੱਬ ਨੂੰ ਮੁੜ ਸੁਰਜੀਤ ਕਰਨ ਦੀ ਦੀ ਲੋੜ ‘ਤੇ ਜ਼ੋਰ ਦਿੰਦਿਆਂ ਮੁੱਖ ਸੰਸਦੀ ਸਕੱਤਰ (ਮਾਲ ਅਤੇ ਮੁੜ ਵਸੇਬਾ) ਸ. ਅਮਰਜੀਤ ਸਿੰਘ ਸਾਹੀ ਨੇ ਕਿਹਾ ਹੈ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਇਕ ਮੰਗ ਪੱਤਰ ਜਲਦ ਹੀ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸੌਂਪਿਆ ਜਾਵੇਗਾ।  ਉਨ੍ਹਾਂ ਕਿਹਾ ਕਿ ਇਸ ਸਬੰਧੀ ਭਾਜਪਾ ਵੱਲੋਂ ਮਾਲਵਾ ਖਿੱਤੇ ‘ਚ ਚਲਾਈ ਗਈ ਦਸਤਖ਼ਤ ਮੁਹਿੰਮ ਅੱਜ ਮੁਕੰਮਲ ਹੋ ਗਈ ਹੈ ਅਤੇ ਪੰਜਾਬ ਦੇ ਲੋਕਾਂ ਦੀ ਇਸ ਆਵਾਜ਼ ਨੂੰ ਮੰਗ ਪੱਤਰ ਦੇ ਰੂਪ ਵਿਚ ਪ੍ਰਧਾਨ ਮੰਤਰੀ ਨੂੰ ਸੌਂਪਿਆ ਜਾਵੇਗਾ।
ਸ੍ਰੀ ਅਮਰਜੀਤ ਸਾਹੀ ਨੇ ਅੱਜ ਇਥੇ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਤੋਂ ਇਹ ਮੰਗ ਜ਼ੋਰਦਾਰ ਤਰੀਕੇ ਨਾਲ ਕੀਤੀ ਜਾਵੇਗੀ ਕਿ ਬਠਿੰਡਾ ਤੋਂ ਦਿੱਲੀ ਤੱਕ (ਵਾਇਆ ਰਾਜਪੁਰਾ ਪਟਿਆਲਾ) ਸ਼ਤਾਬਦੀ ਰੇਲ ਗੱਡੀ ਚਲਾਈ ਜਾਵੇ ਤਾਂ ਜੋ ਪੰਜਾਬ ਖਾਸਕਰ ਮਾਲਵਾ ਖੇਤਰ ਦੇ ਵਿਕਾਸ ਨੂੰ ਹੁਲਾਰਾ ਮਿਲ ਸਕੇ ਅਤੇ ਵਪਾਰੀ ਵਰਗ ਨੂੰ ਆਪਣੇ ਕੰਮ ਧੰਦੇ ਸੰਬੰਧੀ ਦਿੱਲੀ ਅਤੇ ਮੁਲਕ ਦੇ ਹੋਰਨਾਂ ਭਾਗਾਂ ਵਿੱਚ ਆਉਣ-ਜਾਣ ਵਿੱਚ ਸੌਖ ਹੋਵੇ। ਪੰਜਾਬ ਹਿਊਮਨ ਰਾਈਟਸ ਸੈੱਲ ਵੱਲੋਂ ਪੰਜਾਬ ਦੇ ਲੋਕਾਂ ਦੀਆਂ ਮੁੱਖ ਮੰਗਾਂ ਸੰਬੰਧੀ ਸ਼ੁਰੂ ਕੀਤੀ ਗਈ ਦਸਤਖ਼ਤ ਮੁਹਿੰਮ ਤਹਿਤ ਇਥੇ ਪਹੁੰਚੇ ਸ. ਸਾਹੀ ਨੇ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਮਾਲਵਾ ਖੇਤਰ ‘ਚ ਫੈਲੀ ਕੈਂਸਰ ਦੀ ਭਿਆਨਕ ਬਿਮਾਰੀ ਨੂੰ ਠੱਲ ਪਾਉਣ ਲਈ ਰਾਜਿੰਦਰਾ ਹਸਪਤਾਲ, ਪਟਿਆਲਾ ਨੂੰ ਪੀ. ਜੀ. ਆਈ. ਚੰਡੀਗੜ੍ਹ ਦੀ ਤਰਜ਼ ‘ਤੇ ਅਪਗ੍ਰੇਡ ਕਰਕੇ ਕੈਂਸਰ ਜਾਂਚ ਕੇਂਦਰ ਵਜੋਂ ਵਿਕਸਤ ਕੀਤਾ ਜਾਵੇ। ਇਸੇ ਤਰ੍ਹਾਂ ਇਸ ਮੰਗ ਪੱਤਰ ਰਾਹੀਂ ਪਟਿਆਲਾ ਦੇ ਫਲਾਇੰਗ ਕਲੱਬ ਨੂੰ ਮੁੜ ਸੁਰਜੀਤ ਕਰਨ ਦੀ ਵੀ ਮੰਗ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਉਨ੍ਹਾਂ ਨੇ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਲਿਆ ਹੈ ਅਤੇ ਲੱਖਾਂ ਲੋਕਾਂ ਨੇ ਇਸ ਮੁਹਿੰਮ ਵਿੱਚ ਸ਼ਮੂਲੀਅਤ ਕਰਕੇ ਦਸਤਖ਼ਤ ਕੀਤੇ ਹਨ। ਉਨ੍ਹਾਂ ਮਾਲ ਵਿਭਾਗ ਨੂੰ ਨਵਾਂ ਰੂਪ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਦੇ ਉਦੇਸ਼ ਨਾਲ ਸਰਕਾਰ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਦੇ ਕੰਮਾਂ ਵਿਚ ਪੂਰੀ ਪਾਰਦਰਸ਼ਤਾ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਮਾਲ ਮਹਿਕਮੇ ਦੇ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਵਿਭਾਗ ਵਿੱਚ ਜਲਦੀ ਹੀ ਕਈ ਹਾਂ ਪੱਖੀ ਤਬਦੀਲੀਆਂ ਲਿਆਂਦੀਆਂ ਜਾਣਗੀਆਂ, ਜਿਸ ਨਾਲ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਮਾਲ ਵਿਭਾਗ ਦਾ ਸਮੁੱਚਾ ਕੰਪਿਊਟਰੀਕਰਨ ਜਲਦੀ ਹੀ ਮੁਕੰਮਲ ਕਰ ਦਿੱਤਾ ਜਾਵੇਗਾ। ਸ੍ਰੀ ਸਾਹੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਖੇਤਰ ‘ਚ ਕੀਤੇ ਜਾ ਰਹੇ ਸੁਧਾਰਾਂ ਦਾ ਲੋਕਾਂ ਵੱਲੋਂ ਉਸਾਰੂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਮਕਸਦ ਵਿਕਾਸ, ਅਮਨ-ਸ਼ਾਂਤੀ, ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਅਤੇ ਆਮ ਨਾਗਰਿਕ ਨੂੰ ਬਣਦੇ ਹੱਕ ਦੇਣਾ ਹੈ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਹਿਊਮਨ ਰਾਈਟਸ ਸੈਲ ਪੰਜਾਬ ਦੇ ਕਨਵੀਨਰ ਸ੍ਰੀ ਗੁਰਤੇਜ ਸਿੰਘ ਢਿੱਲੋਂ ਅਤੇ ਹੋਰ ਬਹੁਤ ਸਾਰੇ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।

Translate »