May 17, 2012 admin

ਦੋ ਰੋਜਾ ਨੈਸ਼ਨਲ ੴ ਗੱਤਕਾ ਕੱਪ 22 ਮਈ ਤੋਂ ਸੀਚੇਵਾਲ ਵਿਖੇ

ਚੰਡੀਗੜ੍ਹ 5 ਮਈ-ਗੱਤਕਾ ਫੈਡਰੇਸ਼ਨ ਆਫ ਇੰਡੀਆ (ਰਜ਼ਿ.) ਵੱਲੋਂ ੴ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਸੀਚੇਵਾਲ ਦੇ ਸੰਚਾਲਕ ਤੇ ਉਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸਹਿਯੋਗ ਨਾਲ ਪਿੰਡ ਸੀਚੇਵਾਲ (ਜਲੰਧਰ) ਵਿਖੇ ਮੰਗਲਵਾਰ ਤੇ ਬੁੱਧਵਾਰ 22 ਤੇ 23 ਮਈ ਨੂੰ ਵੱਡੀ ਪੱਧਰ ‘ਤੇ ਪਹਿਲਾ ਨੈਸ਼ਨਲ ੴ ਗੱਤਕਾ ਕੱਪ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਰੀਬ ਦਰਜਨ ਰਾਜਾਂ ਦੀਆਂ ਮਰਦਾਂ ਅਤੇ ਮਹਿਲਾਵਾਂ ਦੀਆਂ ਟੀਮਾਂ ਭਾਗ ਲੈਣਗੀਆਂ। ਇਹ ਜਾਣਕਾਰੀ ਦਿੰਦਿਆਂ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਸ. ਹਰਜੀਤ ਸਿੰਘ ਗਰੇਵਾਲ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਸ ਦੋ ਰੋਜਾ ਰਾਸ਼ਟਰੀ ਟੂਰਨਾਂਮੈਂਟ ਵਿੱਚ ਵੱਖ-ਵੱਖ ਇਵੈਂਟਾਂ ਸਿੰਗਲ ਸੋਟੀ ਤੇ ਫੱਰੀ-ਸੋਟੀ (ਵਿਅਕਤੀਗਤ ਤੇ ਟੀਮ) ਅਤੇ ਸ਼ਸ਼ਤਰ ਪ੍ਰਦਰਸ਼ਨੀ ਦੌਰਾਨ ਉਮਰ ਵਰਗ 14 ਸਾਲ ਤੋਂ ਘੱਟ, 17 ਸਾਲ, 19 ਸਾਲ, 22 ਸਾਲ ਅਤੇ 25 ਸਾਲ ਤੋਂ ਘੱਟ ਵਰਗ ਦੀਆਂ ਗੱਤਕਾ ਟੀਮਾਂ ਆਪਣੇ ਜ਼ੌਹਰ ਦਿਖਾਉਣਗੀਆਂ। ਚੈਂਪੀਅਨਸ਼ਿਪ ਜੇਤੂ ਗੱਤਕਾ ਟੀਮ ਨੂੰ ੴ ਚੈਰੀਟੇਬਲ ਟਰੱਸਟ ਵੱਲੋਂ ਚਮਚਮਾਉਂਦੀ ਸੋਨੇ ਦੀ ਚਲੰਤ ਟਰਾਫ਼ੀ ਦਿੱਤੀ ਜਾਵੇਗੀ।
         ਉਨਾਂ ਦੱਸਿਆ ਕਿ ਇਸ ਗੱਤਕਾ ਕੱਪ ਨੂੰ ਗੱਤਕਾ ਫੈਡਰੇਸ਼ਨ ਵੱਲੋਂ ਰਾਸ਼ਟਰੀ ਟੂਰਨਾਮੈਂਟ ਦਾ ਦਰਜਾ ਦੇ ਦਿੱਤਾ ਗਿਆ ਹੈ ਕਿਊਕਿ ਇਹ ਟੂਰਨਾਮੈਂਟ ਗਤਕਾ ਫੈਡਰੇਸ਼ਨ ਦੇ ਨਿਯਮਾਂ ਅਨੁਸਾਰ ਹਰ ਸਾਲ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਭਾਗ ਲੈਣ ਵਾਲੀਆਂ ਪੰਜਾਬ ਦੀਆਂ ਮਰਦਾਂ ਤੇ ਔਰਤਾਂ ਦੀਆਂ ਗੱਤਕਾ ਟੀਮਾਂ ਦੇ ਚੋਣ ਟਰਾਈਲ ਮੁਕੰਮਲ ਹੋਣ ਉਪਰੰਤ ਪੰਜਾਬ ਦੀ ਟੀਮ ਮੈਨੇਜਰ ਬੀਬੀ ਗੁਰਵਿੰਦਰ ਕੌਰ ਸੀਚੇਵਾਲ ਦੀ ਅਗਵਾਈ ਹੇਠ ਸੂਬਾ ਪੱਧਰੀ ਕੋਚਿੰਗ ਕੈਪ ਵੀ ਲਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਰਾਸ਼ਟਰੀ ਟੁਰਨਾਮੈਂਟ ਵਿਚ ਪਹਿਲੀ ਵਾਰ ਪੰਜਾਬ ਪੁਲਿਸ ਅਤੇ ਡੀ.ਸੀ.ਡਬਲਯੂ ਪਟਿਆਲਾ ਦੀਆਂ ਟੀਮਾਂ ਵੀ ਭਾਗ ਲੈਣਗੀਆਂ। ਉਨਾਂ ਦੱਸਿਆ ਕਿ ਭਵਿੱਖ ਵਿੱਚ ਗੱਤਕਾ ਫੈਡਰੇਸ਼ਨ ਵੱਲੋੱ ਵੱਖ-ਵੱਖ ਰਾਜਾਂ ਦੀਆਂ ਗੱਤਕਾ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਬਾਕੀ ਰਾਜਾਂ ਵਿੱਚ ਵੀ ਅਜਿਹੇ ਗੱਤਕਾ ਕੱਪ ਆਯੋਜਿਤ ਕੀਤੇ ਜਾਣਗੇ। ਸ: ਗਰੇਵਾਲ ਨੇ ਕਿਹਾ ਕਿ ਦੇਸ਼ ਦੀ ਮਾਣਮੱਤੀ ਖੇਡ ਗੱਤਕਾ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਹੋਰਨਾਂ ਖੇਡਾਂ ਵਾਂਗ ਪ੍ਰਸਿੱਧੀ ਦਿਵਾਈ ਜਾਵੇਗੀ ਤਾਂ ਜੋ ਗੱਤਕਾ ਖਿਡਾਰੀ ਵੀ ਦੂਜੇ ਖਿਡਾਰੀਆਂ ਵਾਂਗ ਆਪਣਾ ਬਣਦਾ ਹੱਕ ਅਤੇ ਮਾਣ-ਸਨਮਾਨ ਹਾਸਲ ਕਰ ਸਕਣ।
ਉਨਾਂ ਆਖਿਆ ਕਿ ਗੱਤਕਾ ਕਲਾ ਆਪਣੇ ਆਪ ਵਿੱਚ ਸੁਰੱਖਿਆ ਦੀ ਪੂਰਨ ਕਲਾ ਹੈ ਇਸ ਲਈ ਇਸ ਕਲਾ ਦੀ ਵਿਸ਼ੇਸ ਸਿਖਲਾਈ ਦਾ ਪ੍ਰਬੰਧ ਪੁਲਿਸ ਫੋਰਸ ਅਤੇ ਫੌਜ ਵਿੱਚ ਵੀ ਕਰਨਾ ਚਾਹੀਦਾ ਹੈ ਤਾਂ ਜੋ ਭਾਰਤੀ ਸਵੈ-ਰੱਖਿਆ ਦਾ ਇੱਕ ਹੋਰ ਹੁਨਰ ਜਵਾਨਾਂ ਦੇ ਰੋਜਮਰਾ ਜੀਵਨ ਵਿੱਚ ਸ਼ਾਮਲ ਹੋ ਸਕੇ। ਸ: ਗਰੇਵਾਲ ਨੇ ਕਿਹਾ ਅੱਜ ਗੱਤਕਾ ਖੇਡ ਵਿਦਿਅਕ ਸੰਸਥਾਵਾਂ ਵਿੱਚ ਆਮ ਖੇਡਾਂ ਵਿੱਚ ਸ਼ਾਮਲ ਹੋ ਚੁੱਕੀ ਹੈ ਇਸ ਲਈ ਪੰਜਾਬ ਦੇ ਬੱਚੇ ਵੱਧ ਤੋਂ ਵੱਧ ਇਸ ਖੇਡ ਨੂੰ ਅਪਨਾਉਣ ਤਾਂ ਜੋ ਨੌਜਵਾਨਾਂ ਦੀ ਉਸਾਰੂ ਸ਼ਕਤੀ ਨੂੰ ਸਹੀ ਦਿਸ਼ਾ ਵੱਲ ਲਾਇਆ ਜਾ ਸਕੇ।

Translate »