ਚੰਡੀਗੜ੍ਹ, 17 ਮਈ: ਪੰਜਾਬ ਸਰਕਾਰ ਛੇਤੀ ਹੀ ਮਜ਼ਦੂਰ ਸ਼੍ਰੇਣੀ ਦੀਆਂ ਘੱਟੋ ਘੱਟ ਉਜਰਤਾਂ ਵਿੱਚ ਤੁਰੰਤ ਵਾਧਾ ਕਰੇਗੀ।
ਇਸ ਗੱਲ ਦਾ ਭਰੋਸਾ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਲੋਂ ਪ੍ਰਵਾਸੀ ਭਲਾਈ ਬੋਰਡ ਦੇ ਚੇਅਰਮੈਨ ਸ਼੍ਰੀ ਆਰ.ਸੀ. ਯਾਦਵ ਦੀ ਅਗਵਾਈ ਹੇਠ ਬੋਰਡ ਦੇ ਵਫ਼ਦ ਨਾਲ ਹੋਈ ਇੱਕ ਮੀਟਿੰਗ ਦੌਰਾਨ ਦਿੱਤਾ ਗਿਆ।
ਵਫ਼ਦ ਵਲੋਂ ਰੱਖੀਆਂ ਮੰਗਾਂ ਦੇ ਸਬੰਧ ਵਿੱਚ ਸ਼੍ਰੀ ਬਾਦਲ ਨੇ ਪ੍ਰਮੁੱਖ ਸਕੱਤਰ ਕਿਰਤ ਨੂੰ ਰਾਜ ਭਰ ‘ਚ ਕੰਮ ਕਰਦੇ ਮਜ਼ਦੂਰਾਂ ਦੀਆਂ ਘੱਟੋ ਘੱਟ ਉਜਰਤਾਂ ਵਿੱਚ ਵਾਜਬ ਵਾਧਾ ਕਰਨ ਲਈ ਤੁਰੰਤ ਇੱਕ ਮੀਟਿੰਗ ਸੱਦਣ ਲਈ ਆਖਿਆ। ਸ. ਬਾਦਲ ਨੇ ਕਿਰਤ ਭਲਾਈ ਬੋਰਡ ਨੂੰ ਹਦਾਇਤ ਕੀਤੀ ਕਿ ਮਜ਼ਦੂਰਾਂ ਨੂੰ ਕੇਂਦਰ ਅਤੇ ਰਾਜ ਦੀਆਂ ਵੱਖ ਵੱਖ ਭਲਾਈ ਸਕੀਮਾਂ ਹੇਠ ਲਾਭ ਪ੍ਰਾਪਤ ਕਰਨ ਲਈ ਉਨ੍ਹਾਂ ਦੀ ਰਜਿਸਟ੍ਰੇਸ਼ਨ ਕਿਰਤ ਵਿਭਾਗ ਵਿੱਚ ਕਰਵਾਏ ਜਾਣ ਸਬੰਧੀ ਬੋਰਡ ਵਲੋਂ ਉਨ੍ਹਾਂ ਨੂੰ ਪ੍ਰੇਰਨਾ ਦਿੱਤੀ ਜਾਵੇ ਤਾਂ ਜੋ ਪੇਂਡੂ ਖੇਤਰ ਦਾ ਹਰ ਉਹ ਮਜ਼ਦੂਰ ਜੋ ਲਗਾਤਾਰ 90 ਦਿਨ ਮਜ਼ਦੂਰੀ ਕੀਤੇ ਜਾਣ ਦਾ ਸਬੰਧਤ ਪੰਚਾਇਤ ਤੋਂ ਪ੍ਰਮਾਣ ਪੱਤਰ ਪੇਸ਼ ਕਰੇਗਾ ਉਸ ਦੀ ਰਜਿਸਟ੍ਰੇਸ਼ਨ ਵਿਭਾਗ ਵਿੱਚ ਹੋ ਸਕੇ।
ਸ. ਬਾਦਲ ਵਲੋਂ ਸਕੱਤਰ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਨੂੰ ਆਪਣੇ ਖੇਤਰੀ ਸਟਾਫ਼ ਨੂੰ ਤੁਰੰਤ ਹਦਾਇਤ ਕਰਨ ਲਈ ਆਖਿਆ ਗਿਆ ਤਾਂ ਜੋ ਯੋਗ ਪ੍ਰਵਾਸੀ ਮਜ਼ਦੂਰਾਂ ਦੇ ਰਾਸ਼ਨ ਕਾਰਡ ਵਿਸ਼ੇਸ਼ ਕੈਂਪ ਲਾ ਕੇ ਬਣਾਏ ਜਾ ਸਕਣ।
ਪ੍ਰਵਾਸੀ ਮਜ਼ਦੂਰਾਂ ਦੇ ਨਾਂ ਵੋਟਰ ਵਜੋਂ ਸੂਚੀ ਵਿੱਚ ਦਰਜ ਕਰਨ ਸਬੰਧੀ ਮੁੱਖ ਚੋਣ ਅਫ਼ਸਰ, ਪੰਜਾਬ ਕੁਮਾਰੀ ਕੁਸਮਜੀਤ ਸਿੱਧੂ ਨੇ ਮੀਟਿੰਗ ਵਿੱਚ ਦੱਸਿਆ ਕਿ ਕਾਨੂੰਨ ਹੇਠ ਸ਼ਰਤਾਂ ਪੂਰੀਆਂ ਕਰਨ ਵਾਲੇ ਹਰ ਯੋਗ ਵਿਅਕਤੀ ਦਾ ਨਾਂ ਸਤੰਬਰ ਤੱਕ ਸੋਧੀ ਜਾਣ ਵਾਲੀ ਵੋਟਰ ਸੂਚੀ ਵਿੱਚ ਦਰਜ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਗ੍ਰਹਿ ਨੂੰ ਇਹ ਹਦਾਇਤ ਕੀਤੀ ਕਿ ਉਹ ਰਾਜ ਦੇ ਸਮੁੱਚੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਪੁਲਿਸ ਦਫ਼ਤਰਾਂ ਵਿੱਚ ਬੋਰਡ ਦੇ ਮੈਂਬਰਾਂ ਨੂੰ ਉਨ੍ਹਾਂ ਦਾ ਬਣਦਾ ਸਤਿਕਾਰ ਦਿੱਤੇ ਜਾਣ ਨੂੰ ਯਕੀਨੀ ਬਣਾਉਣ।
ਸ਼੍ਰੀ ਯਾਦਵ ਵਲੋਂ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਇਹ ਯਕੀਨ ਦਿਵਾਇਆ ਗਿਆ ਕਿ ਸਮੁੱਚਾ ਪ੍ਰਵਾਸੀ ਮਜ਼ਦੂਰ ਭਾਈਚਾਰਾ ਸੂਬੇ ਦੇ ਵਿਕਾਸ ਲਈ ਪੂਰੀ ਤਨਦੇਹੀ ਅਤੇ ਲਗਨ ਨਾਲ ਭਵਿੱਖ ਵਿੱਚ ਵੀ ਹਿੱਸਾ ਪਾਉਂਦਾ ਰਹੇਗਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਵਿਅਕਤੀਆਂ ਵਿੱਚ ਮੁੱਖ ਚੋਣ ਅਫ਼ਸਰ ਸ਼੍ਰੀਮਤੀ ਕੁਸਮਜੀਤ ਸਿੱਧੂ, ਪ੍ਰਮੁੱਖ ਸਕੱਤਰ ਕਿਰਤ ਸ਼੍ਰੀ ਆਰ.ਸੀ. ਨਾਇਰ, ਪ੍ਰਮੁੱਖ ਸਕੱਤਰ ਗ੍ਰਹਿ ਸ਼੍ਰੀ ਡੀ.ਐਸ. ਬੈਂਸ, ਸਕੱਤਰ ਖੁਰਾਕ ਤੇ ਸਿਵਲ ਸਪਲਾਈਜ਼ ਸ਼੍ਰੀ ਡੀ.ਐਸ. ਗਰੇਵਾਲ, ਸਕੱਤਰ ਮਾਲ ਸ਼੍ਰੀ ਬੀ.ਐਸ. ਸੂਦਨ, ਸ਼੍ਰੀ ਗੁਰਕੀਰਤ ਕਿਰਪਾਲ ਸਿੰਘ, ਸ਼੍ਰੀ ਗਗਨਦੀਪ ਸਿੰਘ ਬਰਾੜ (ਦੋਵੇਂ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ) ਅਤੇ ਡਾਇਰੈਕਟਰ ਸਥਾਨਕ ਸਰਕਾਰ ਸ਼੍ਰੀ ਏ.ਕੇ. ਸਿਨਹਾ ਸ਼ਾਮਲ ਸਨ।