May 17, 2012 admin

ਪੰਜਾਬ ਭਵਨ ਨਵੀਂ ਦਿੱਲੀ ਅਤੇ ਸਰਕਟ ਹਾਊਸ ਲੁਧਿਆਣਾ ‘ਚ ਬੁਕਿੰਗ ਬਾਰੇ ਨਵੇਂ ਦਿਸ਼ਾ-ਨਿਰਦੇਸ਼

ਚੰਡੀਗੜ੍ਹ, 17 ਮਈ: ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਸਰਕਾਰ ਨੇ ਪੰਜਾਬ ਭਵਨ, ਨਵੀਂ ਦਿੱਲੀ ਦੇ ਬਲਾਕ-ਏ ਅਤੇ ਸਰਕਟ ਹਾਊਸ ਲੁਧਿਆਣਾ ‘ਚ ਬੁਕਿੰਗ ਬਾਰੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਰਕਾਰ ਨੇ ਪੰਜਾਬ ਭਵਨ, ਨਵੀਂ ਦਿੱਲੀ ਵਿਖੇ ਬਲਾਕ-ਏ ਦੀ ਮੰਗ ਬਾਰੇ ਵਿਚਾਰ ਕਰਨ ਉਪਰੰਤ ਫ਼ੈਸਲਾ ਕੀਤਾ ਹੈ ਕਿ ਜਿਹੜੇ ਅਧਿਕਾਰੀ/ਸ਼ਖ਼ਸੀਅਤਾਂ ਬਲਾਕ-ਏ ਲਈ ਜਾਰੀ ਪੱਤਰ ਅਧੀਨ ਨਹੀਂ ਆਉਂਦੇ, ਉਨ੍ਹਾਂ ਦਾ ਰਾਖਵਾਂਕਰਨ ਇਸ ਬਲਾਕ ਵਿੱਚ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਬਲਾਕ-ਏ ਦੀਆਂ ਅਧਿਕਾਰਤ ਸ਼ਖ਼ਸੀਅਤਾਂ ਵਿੱਚੋਂ ਕਿਸੇ ਵੀ ਸ਼ਖ਼ਸੀਅਤ ਦੇ ਪਰਵਾਰਕ ਮੈਂਬਰ ਦਾ ਵੀ ਅਗਾਂਹ ਤੋਂ ਰਾਖਵਾਂਕਰਨ ਨਹੀਂ ਕੀਤਾ ਜਾਵੇਗਾ।
ਬੁਲਾਰੇ ਨੇ ਹੋਰ ਦੱਸਿਆ ਕਿ ਇਸੇ ਤਰ੍ਹਾਂ ਸਰਕਟ ਹਾਊਸ ਲੁਧਿਆਣਾ ਵਿਖੇ ਲੋਕ ਨਿਰਮਾਣ ਵਿਭਾਗ ਵੱਲੋਂ ਸਰਕਟ ਹਾਊਸ ਨੂੰ ਨਵਿਆਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜੋ ਅਗਲੇ ਇੱਕ-ਦੋ ਹਫ਼ਤੇ ਤੱਕ ਪੂਰਾ ਹੋਣ ਦੀ ਉਮੀਦ ਹੈ। ਇਸ ਲਈ ਇਸ ਅਰਸੇ ਦੌਰਾਨ ਲੁਧਿਆਣਾ ਸਰਕਟ ਹਾਊਸ ਦੀ ਬੁਕਿੰਗ ਨਹੀਂ ਕੀਤੀ ਜਾ ਸਕਦੀ।

Translate »