May 18, 2012 admin

ਨਾਮਜ਼ਦਗੀ ਪ੍ਰਕਿਰਿਆ 21 ਮਈ ਤੋਂ ਹੋਵੇਗੀ ਸ਼ੁਰੂ

ਬਠਿੰਡਾ, 18 ਮਈ -ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ, ਬਠਿੰਡਾ ਸ੍ਰੀ ਕਮਲ ਕਿਸ਼ੋਰ ਯਾਦਵ ਅਨੁਸਾਰ ਰਾਜ ਚੋਣ ਕਮਿਸ਼ਨ, ਪੰਜਾਬ ਦੁਆਰਾ ਜਾਰੀ ਨੋਟੀਫਿਕੇਸ਼ਨ ਅਨੁਸਾਰ ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 6 (ਜਨਰਲ), ਨਗਰ ਕੌਂਸਲ ਰਾਮਪੁਰਾ ਦੇ ਵਾਰਡ ਨੰਬਰ 16 (ਜਨਰਲ ਔਰਤਾਂ), ਨਗਰ ਕੌਂਸਲ ਰਾਮਾਂ ਦੇ ਵਾਰਡ ਨੰਬਰ 13 (ਜਨਰਲ ਔਰਤਾਂ), ਨਗਰ ਕੌਂਸਲ ਸੰਗਤ ਦੇ ਵਾਰਡ ਨੰਬਰ 3 (ਐਸ. ਸੀ. ਪੁਰਸ਼) ਅਤੇ ਵਾਰਡ ਨੰਬਰ 8 ਅਤੇ ਨਗਰ ਪੰਚਾਇਤ ਤਲਵੰਡੀ ਸਾਬੋ ਦੇ ਵਾਰਡ ਨੰਬਰ 1 ਤੋਂ 13 ਲਈ, ਜਿਸ ਵਿਚ 1 ਅਤੇ 7 (ਅ: ਜਾਤੀ ਇਸਤਰੀਆਂ), ਵਾਰਡ ਨੰਬਰ 2, 3, 8, 11 (ਜਨਰਲ), 4 ਅਤੇ 10 (ਇਸਤਰੀਆਂ ਲਈ ਰਾਖਵਾਂ) ਅਤੇ ਵਾਰਡ ਨੰਬਰ 5 (ਪੱਛੜੀ ਸ਼੍ਰੇਣੀ) ਅਤੇ ਵਾਰਡ ਨੰਬਰ 6, 9 ਅਤੇ 12 (ਅਨੁਸੂਚਿਤ ਜਾਤੀ) ਲਈ ਆਮ ਚੋਣਾਂ/ਉਪ-ਚੋਣਾਂ 7 ਜੂਨ, 2012 ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ ਮਿਤੀ 10-6-2012 ਨੂੰ ਸ਼ਾਮ 6-00 ਵਜੇ ਸ਼ੁਰੂ ਹੋਵੇਗੀ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ, ਬਠਿੰਡਾ ਸ੍ਰੀ ਮੁਹੰਮਦ ਤਇਅਬ ਨੇ ਦੱਸਿਆ ਕਿ ਕਮਿਸ਼ਨ ਦੇ ਨੋਟੀਫਿਕੇਸ਼ਨ ਅਨੁਸਾਰ ਮਿਤੀ 21-5-2012 ਤੋਂ 24-5-2012 ਤੱਕ ਉਮੀਦਵਾਰ ਆਪੋ-ਆਪਣੇ ਨਾਮਜ਼ਦਗੀ ਪੱਤਰ ਸੰਬੰਧਿਤ ਰਿਟਰਨਿੰਗ ਅਫ਼ਸਰ/ਸਹਾਇਕ ਰਿਟਰਨਿੰਗ ਅਫ਼ਸਰ ਕੋਲ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿਚ ਸਵੇਰੇ 11-00 ਵਜੇ ਤੋਂ ਸ਼ਾਮ 3-00 ਵਜੇ ਤੱਕ ਦਾਖ਼ਲ ਕਰ ਸਕਦੇ ਹਨ। ਰਿਟਰਨਿੰਗ ਅਫ਼ਸਰਾਂ ਦੁਆਰਾ ਮਿਤੀ 26-5-2012 ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਮਿਤੀ 28-5-2012 ਨੂੰ ਉਮੀਦਵਾਰਾ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ ਅਤੇ ਸ਼ਾਮ 3-00 ਵਜੇ ਤੋਂ ਬਾਅਦ ਕਮਿਸ਼ਨ ਦੁਆਰਾ ਪ੍ਰਮਾਣਿਤ ਚੋਣ ਨਿਸ਼ਾਨਾਂ ਵਿਚੋਂ ਚੋਣ ਨਿਸ਼ਾਨਾਂ ਦੀ ਅਲਾਟਮੈਂਟ ਕੀਤੀ ਜਾਵੇਗੀ। ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨੋਟੀਫਿਕੇਸ਼ਨ ਜਾਰੀ ਹੋਣ ਉਪਰੰਤ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਇਨ੍ਹਾਂ ਪ੍ਰਭਾਵੀ ਖੇਤਰਾਂ ਵਿਚ ਚੋਣ ਜ਼ਾਬਤਾ ਵੀ ਤੁਰੰਤ ਲਾਗੂ ਹੋ ਜਾਵੇਗਾ ਜੋ ਚੋਣ ਪ੍ਰਕਿਰਿਆ ਖਤਮ ਹੋਣ ਤੱਕ ਜਾਰੀ ਰਹੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕਮਿਸ਼ਨ ਦੁਆਰਾ ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 6 ਅਤੇ ਸੰਗਤ ਦੇ ਵਾਰਡ ਨੰਬਰ 3 ਅਤੇ 8 ਲਈ ਰਿਟਰਨਿੰਗ ਅਫ਼ਸਰ ਉਪ-ਮੰਡਲ ਮੈਜਿਸਟਰੇਟ ਬਠਿੰਡਾ ਅਤੇ ਨਾਇਬ ਤਹਿਸੀਲਦਾਰ ਬਠਿੰਡਾ ਸਹਾਇਕ ਰਿਟਰਨਿੰਗ ਅਫ਼ਸਰ ਹੋਣਗੇ। ਨਗਰ ਕੌਂਸਲ ਰਾਮਪੁਰਾ ਲਈ ਉਪ-ਮੰਡਲ ਮੈਜਿਸਟਰੇਟ ਰਾਮਪੁਰਾ ਫੂਲ ਰਿਟਰਨਿੰਗ ਅਫ਼ਸਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫੂਲ ਸਹਾਇਕ ਰਿਟਰਨਿੰਗ ਅਫ਼ਸਰ ਅਤੇ ਨਗਰ ਕੌਂਸਲ ਰਾਮਾਂ ਅਤੇ ਤਲਵੰਡੀ ਸਾਬੋ ਲਈ ਉਪ-ਮੰਡਲ ਮੈਜਿਸਟਰੇਟ ਤਲਵੰਡੀ ਸਾਬੋ ਰਿਟਰਨਿੰਗ ਅਫ਼ਸਰ ਅਤੇ ਕ੍ਰਮਵਾਰ ਉਪ-ਮੰਡਲ ਅਫ਼ਸਰ, ਲੋਕ ਨਿਰਮਾਣ ਵਿਭਾਗ (ਭ ਤੇ ਮ) ਅਤੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਤਲਵੰਡੀ ਸਾਬੋ ਬਤੌਰ ਸਹਾਇਕ ਰਿਟਰਨਿੰਗ ਅਫ਼ਸਰ ਹੋਣਗੇ। ਇਸ ਕੰਮ ਲਈ ਪ੍ਰਸ਼ਾਸਨ ਦੁਆਰਾ ਲੋੜੀਂਦੇ ਸਾਰੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਚੋਣਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਰਾਹੀਂ ਹੋਣਗੀਆਂ ਅਤੇ ਪੋਲਿੰਗ ਦਾ ਸਮਾਂ ਸਵੇਰੇ 8-00 ਵਜੇ ਤੋਂ ਸ਼ਾਮ 4-00 ਵਜੇ ਤੱਕ ਹੋਵੇਗਾ।

Translate »