May 18, 2012 admin

ਖੇਤੀਬਾੜੀ ਮਸ਼ੀਨਰੀ ਅਤੇ ਇਸ ਦੀ ਸੁਰੱਖਿਅਤ ਵਰਤੋਂ ਬਾਰੇ ਤਿੰਨ ਰੋਜ਼ਾ ਸਿਖਲਾਈ ਕੋਰਸ 21 ਮਈ ਤੋਂ ਸ਼ੁਰੂ ਹੋਵੇਗਾ

ਲੁਧਿਆਣਾ: 18 ਮਈ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਕੈਰੋਂ ਕਿਸਾਨ ਘਰ ਵਿਖੇ 21 ਤੋਂ 23 ਮਈ ਤੀਕ ਖੇਤੀਬਾੜੀ ਮਸ਼ੀਨਰੀ ਅਤੇ ਇਸ ਦੀ ਸੁਰੱਖਿਅਤ ਵਰਤੋਂ ਬਾਰੇ ਤਿੰਨ ਰੋਜ਼ਾ ਸਿਖਲਾਈ ਕੋਰਸ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੇ ਵਿਕਾਸ ਅਧਿਕਾਰੀ ਹਿੱਸਾ ਲੈਣਗੇ। ਖੇਤੀ ਮਸ਼ੀਨਰੀ ਅਤੇ ਊਰਜਾ ਇੰਜੀਨੀਅਰਿੰਗ ਮਹਿਕਮੇ ਦੇ ਵਿਗਿਆਨੀ ਇਹ ਸਿਖਲਾਈ ਦੇਣਗੇ।
ਪਸਾਰ ਸਿੱਖਿਆ ਨਿਰਦੇਸ਼ਕ ਡਾ:ਮੁਖਤਾਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਫ਼ਸਲਾਂ ਦੀ ਉਪਜ ਵਧਾਉਣ ਲਈ ਬੈੱਡ ਪਲਾਂਟਿੰਗ ਮਸ਼ੀਨਰੀ, ਕਮਾਦ ਦੀ ਕਾਸ਼ਤ ਲਈ ਟਰੈਂਚਰ, ਬਾਇਓ ਡੀਜ਼ਲ ਟੈਕਨਾਲੋਜੀ, ਛੋਟੇ ਕਿਸਾਨਾਂ ਲਈ ਹੱਥ ਨਾਲ ਕੰਮ ਕਰਨ ਵਾਲੇ ਯੰਤਰ, ਸਬਜ਼ੀਆਂ ਦੀ ਕਾਸ਼ਤ ਲਈ ਵਰਤੇ ਜਾਣ ਵਾਲੇ ਸੰਦਾਂ ਤੋਂ ਇਲਾਵਾ ਫ਼ਲਾਂ ਦੀ ਦਰਜਾਬੰਦੀ, ਡੱਬਾਬੰਦੀ ਅਤੇ ਪ੍ਰੋਸੈਸਿੰਗ ਬਾਰੇ ਗਿਆਨ ਦਿੱਤਾ ਜਾਵੇਗਾ। ਝੋਨੇ ਦੀ ਮੈਟ ਟਾਈਪ ਨਰਸਰੀ ਤਿਆਰ ਕਰਨ ਅਤੇ ਮੱਕੀ ਨੂੰ ਮਸ਼ੀਨਰੀ ਦੀ ਸਹਾਇਤਾ ਨਾਲ ਸੰਭਾਲਣ ਬਾਰੇ ਵੀ ਦੱਸਿਆ ਜਾਵੇਗਾ। ਯੂਨੀਵਰਸਿਟੀ ਦੇ ਮਾਹਿਰ ਇੰਜੀਨੀਅਰ ਇਨ•ਾਂ ਮਸ਼ੀਨਾਂ ਦੀ ਸੁਰੱਖਿਅਤ ਵਰਤੋਂ ਬਾਰੇ ਦੱਸਣਗੇ। ਡਾ: ਗਿੱਲ ਨੇ ਦੱਸਿਆ ਕਿ ਸਿਧਾਂਤਕ ਸਿਖਲਾਈ ਤੋਂ ਇਲਾਵਾ ਵਿਹਾਰਕ ਗਿਆਨ ਵੀ ਦਿੱਤਾ ਜਾਵੇਗਾ। ਮਿਸਾਲ ਦੇ ਤੌਰ ਤੇ ਲੇਜ਼ਰ ਕਰਾਹਾ, ਮਕੈਨੀਕਲ ਟਰਾਂਸਪਲਾਂਟਰ, ਹੈਪੀ ਸੀਡਰ, ਚੌਪਰ ਤੇ ਵੇਲਰ, ਰੋਟਾਵੇਟਰ, ਰੋਟਰੀ ਵੀਡਰ, ਥਰੈਸ਼ਰ ਅਤੇ ਕੰਬਾਈਨ ਹਾਰਵੈਸਟਰ ਤੋਂ ਇਲਾਵਾ ਹੋਰ ਮਸ਼ੀਨਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।

Translate »