ਲੁਧਿਆਣਾ-18-ਮਈ-2012 : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਫਾਰਮਾਕੋਲੋਜੀ ਅਤੇ ਟੋਕਸੀਕੋਲੋਜੀ ਵਿਭਾਗ ਨੇ ਵਾਟਰਜ਼ ਇੰਡੀਆ ਕੰਪਨੀ ਦੇ ਸਹਿਯੋਗ ਨਾਲ ਵਿਸ਼ੇਸ਼ ਇਕ ਦਿਨਾਂ ਸਿਖਲਾਈ ਪ੍ਰੋਗਰਾਮ ਕਰਵਾਇਆ। ਇਸ ਸਿਖਲਾਈ ਵਿੱਚ ਦ੍ਰਵ ਰੰਗ-ਲੇਖਣ ਤਕਨੀਕਾਂ ਅਤੇ ਪ੍ਰਭਾਵੀ ਵਿਧੀ ਵਿਕਾਸ ਸਬੰਧੀ ਚਰਚਾ ਕੀਤੀ ਗਈ। ਦ੍ਰਵ ਰੰਗ-ਲੇਖਣ ਤਕਨੀਕ ਕਿਸੇ ਵਸਤੂ, ਨਮੂਨੇ ਜਾਂ ਉਤਪਾਦ ਵਿੱਚ ਮਿਲਾਵਟੀ ਕਣਾਂ ਜਾਂ ਹੋਰ ਜਾਂਚਾਂ ਕਰਨ ਵਿੱਚ ਸਹਾਈ ਹੁੰਦੀ ਹੈ। ਇਸ ਤਕਨੀਕ ਨਾਲ ਜਾਂਚ ਕੀਤਿਆਂ ਸਾਨੂੰ ਰਸਾਇਣਾਂ ਰਾਹੀਂ ਬਿਮਾਰੀ ਦਾ ਪੱਧਰ ਜਾਂ ਮਿਲਾਵਟੀ ਤੱਤਾਂ ਦੀ ਜਾਂਚ ਕਰਨ ਵਿੱਚ ਸਹਿਯੋਗ ਮਿਲਦਾ ਹੈ। ਇਹ ਵਿਧੀ ਨਾਲ ਸਾਨੂੰ ਦਵਾਈ ਦੀ ਕਿਸਮ ਅਤੇ ਦਵਾਈ ਦੀ ਮਾਤਰਾ ਨਿਰਧਾਰਿਤ ਕਰਨ ਸਬੰਧੀ ਪ੍ਰਭਾਵੀ ਅਤੇ ਲੋੜੀਂਦੀ ਜਾਣਕਾਰੀ ਮਿਲ ਜਾਂਦੀ ਹੈ। ਇਸ ਨਾਲ ਇਲਾਜ ਬਿਹਤਰ ਅਤੇ ਘੱਟ ਖਰਚ ਨਾਲ ਕੀਤਾ ਜਾ ਸਕਦਾ ਹੈ। ਰੰਗ-ਲੇਖਣ ਵਿਧੀ ਵਰਤੀਆਂ ਜਾਂਦੀਆਂ ਕੀਟਨਾਸ਼ਕ ਦਵਾਈਆਂ ਦੇ ਪੱਧਰ ਨੂੰ ਜਾਂਚਣ ਵਿੱਚ ਬਹੁਤ ਸਹਾਈ ਹੁੰਦੀ ਹੈ। ਹਰ ਕੀਟਨਾਸ਼ਕ ਦਵਾਈ ਰਸਾਇਣਾਂ ਦੇ ਸੰਪਰਕ ਵਿੱਚ ਆਉਣ ਨਾਲ ਆਪਣਾ ਇਕ ਅਲੱਗ ਰੰਗ ਦੇਂਦੀ ਹੈ। ਜਿਸ ਨਾਲ ਵਿਗਿਆਨੀਆਂ ਨੂੰ ਕੀਟਨਾਸ਼ਕਾਂ ਦੀ ਪੱਧਰ ਜਾਂ ਪ੍ਰਭਾਵ ਜਾਨਣ ਵਿੱਚ ਸਹਿਯੋਗ ਮਿਲਦਾ ਹੈ। ਇਸ ਸਿਖਲਾਈ ਕੋਰਸ ਵਿੱਚ ਵੈਟਨਰੀ ਯੂਨੀਵਰਸਿਟੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ 40 ਸਾਇੰਸਦਾਨਾਂ ਅਤੇ ਵਿਗਿਆਨੀਆਂ ਨੇ ਹਿੱਸਾ ਲਿਆ। ਵੈਟਨਰੀ ਕਾਲਜ ਦੇ ਡੀਨ, ਡਾ. ਹਰਪਾਲ ਸਿੰਘ ਸੰਧੂ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਇਸ ਸਿਖਲਾਈ ਨਾਲ ਇਸ ਖੇਤਰ ਨੂੰ ਹੋਰ ਬਿਹਤਰੀ ਨਾਲ ਸਮਝਣ ਲਈ ਵਿਗਿਆਨੀਆਂ ਨੂੰ ਮੌਕਾ ਮਿਲੇਗਾ ਅਤੇ ਨਵੀਆਂ ਤਕਨੀਕਾਂ ਖੋਜ ਦੇ ਕੰਮ ਅਤੇ ਖੇਤਰ ਵਿੱਚ ਕੀਤੇ ਜਾ ਰਹੇ ਵਿਹਾਰਕ ਕੰਮਾਂ ਨੂੰ ਹੋਰ ਬਿਹਤਰ ਕਰਨਗੀਆਂ। ਸਿਖਲਾਈ ਪ੍ਰੋਗਰਾਮ ਵਿੱਚ ਬੜੇ ਮਹੱਤਵਪੂਰਨ ਵਿਸ਼ੇ ਜਿਵੇਂ ਨਵੀਆਂ ਵੰਡ ਤਕਨੀਕਾਂ, ਵਿਸ਼ੇਸ਼ ਵਰਤੋਂ ਵਾਸਤੇ ਪੜਚੋਲ ਅਤੇ ਹੱਲ ਵਿਧੀਆਂ ਉੱਪਰ ਚਰਚਾ ਕੀਤੀ ਗਈ। ਸਿਖਲਾਈ ਦੇ ਸੰਯੋਜਕ ਡਾ. ਸੱਤਿਆਵਾਨ ਰਾਮਪਾਲ ਨੇ ਕਿਹਾ ਕਿ ਖੋਜ ਵਿਧੀਆਂ ਨੂੰ ਹੋਰ ਪ੍ਰਭਾਵੀ ਕਰਨ ਲਈ ਵਿਦਿਆਰਥੀਆਂ ਕੋਲੋਂ ਮਿਲਦੇ ਸੁਝਾਅ ਅਤੇ ਮਾਹਿਰਾਂ ਦੀਆਂ ਰਾਵਾਂ ਬਹੁਤ ਮਹੱਤਵਪੂਰਨ ਰਹਿਣਗੀਆਂ।