ਸਿੱਖਿਆ ਮੰਤਰੀ ਨੇ ਵਿਭਾਗ ਵਿਚੋ ਭ੍ਰਿਸ਼ਟਾਚਾਰ ਖਤਮ ਕਰਨ ਦਾ ਅਹਿਦ ਲਿਆ
ਚੰਡੀਗੜ੍ਹ, 18 ਮਈ: ਪੰਜਾਬ ਸਰਕਾਰ ਨੇ ਜਿਲ੍ਹਾ ਸਿੱਖਿਆ ਦਫਤਰ ਬਠਿੰਡਾ ਵਿਖੇ ਤਾਇਨਾਤ ਜੂਨੀਅਰ ਸਹਾਇਕ ਹਰਬੰਸ ਲਾਲ ਅਤੇ ਜਿਲ੍ਹਾ ਸਿੱਖਿਆ ਦਫਤਰ ਮਾਨਸਾ ਵਿਖੇ ਤਾਇਨਾਤ ਕਲਰਕ ਰਜਿੰਦਰ ਪਾਲ ਸਿੰਘ ਨੂੰ ਆਪੋ ਆਪਣੇ ਜਿਲ੍ਹਿਆਂ ਵਿਚ ਖਾਲੀ ਸਥਾਨਾਂ ਬਾਰੇ ਜਾਣਕਾਰੀ ਜਾਣ ਬੁੱਝਕੇ ਲੁਕਾਉਣ ਦੇ ਦੋਸ਼ ਤਹਿਤ ਮੁਅਤਲ ਕਰ ਦਿੱਤਾ ਹੈ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ ਸਾਰੇ ਜਿਲ੍ਹਿਆਂ ਤੋ ਨਵੇ ਪਦਉੱਨਤ ਹੋਏ ਲੈਕਚਰਾਰਾਂ ਦੀ ਤਾਇਨਾਤੀ ਲਈ ਖਾਲੀ ਸਥਾਨਾਂ ਦਾ ਵੇਰਵਾ ਮੰਗਿਆ ਸੀ। ਉਨ੍ਹਾਂ ਦੱਸਿਆ ਕਿ ਦੋਵੇ ਕਰਮਚਾਰੀ ਜੋ ਇਸ ਕੰਮ ਨਾਲ ਸਬੰਧਤ ਸਨ ਨੇ ਜਾਣਕਾਰੀ ਨਹੀ ਦਿੱਤੀ ਅਤੇ ਪਦਉੱਨਤ ਹੋਣ ਵਾਲੇ ਲੈਕਚਰਾਰਾਂ ਨੂੰ ਖਾਲੀ ਸਥਾਨਾਂ ਬਾਰੇ ਜਾਣਕਾਰੀ ਦੇਣ ਲਈ ਕਥਿਤ ਰੂਪ ਵਿਚ 20 ਤੋ 25 ਹਜਾਰ ਰੁਪਏ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਦੇ ਮੱਦੇ ਨਜ਼ਰ ਦੋਵੇ ਜਿਲ੍ਹਿਆਂ ਦੇ ਜਿਲ੍ਹਾ ਸਿੱਖਿਆ ਅਫਸਰਾਂ ਅਤੇ ਹੋਰ ਸਟਾਫ ਦੀ ਸਮੂਲੀਅਤ ਦੀ ਜਾਂਚ ਦੇ ਵੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਤਾਂ ਜੋ ਕਿਸੇ ਹੋਰ ਦੇ ਦੋਸ਼ੀ ਪਾਏ ਜਾਣ ਤੇ ਵੀ ਉਸ ਵਿਰੁੱਧ ਕਰੜੀ ਕਾਰਵਾਈ ਕੀਤੀ ਜਾ ਸਕੇ।
ਸਿੱਖਿਆ ਵਿਭਾਗ ਵਿਚੋ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਦ੍ਰਿੜ ਸੰਕਲਪ ਲੈਦਿਆਂ ਸ. ਮਲੂਕਾ ਨੇ ਕਿਹਾ ਕਿ ਉਹ ਕਿਸੇ ਵੀ ਕਿਸਮ ਦੀ ਗੜਬੜੀ ਜਾਂ ਕੁਤਾਹੀ ਵਿਚ ਸ਼ਾਮਲ ਕਿਸੇ ਕਰਮਚਾਰੀ ਨੂੰ ਨਹੀ ਬਖਸਣਗੇ।
ਇਸ ਦੌਰਾਨ ਮੁਅੱਤਲ ਕੀਤੇ ਗਏ ਦੋਵੇ ਕਰਮਚਾਰੀਆਂ ਦਾ ਮੁੱਖ ਦਫਤਰ ਸਰਕਾਰੀ ਸੈਕੰਡਰੀ ਸਕੂਲ ਭਾਈ ਰੂਪਾ ਅਤੇ ਡਾਈਟ ਬੁਢਲਾਡਾ ਬਣਾਇਆ ਗਿਆ ਹੈ।