ਚੰਡੀਗੜ੍ਹ, 18 ਮਈ: ਖ਼ਰੀਫ਼ ਦੇ ਮੌਸਮ ਲਈ ਨਹਿਰੀ ਪ੍ਰੋਗਰਾਮ ਦਾ ਐਲਾਨ ਕਰਦਿਆਂ ਸਿੰਚਾਈ ਵਿਭਾਗ ਪੰਜਾਬ ਦੇ ਇਕ ਬੁਲਾਰੇ ਨੇ ਅੱਜ ਇਥੇ ਦੱਸਿਆ ਕਿ 24 ਤੋਂ 31 ਮਈ, 2012 ਤੱਕ ਰੋਪੜ ਹੈਡ ਵਰਕਸ ਤੋਂ ਨਿਕਲਣ ਵਾਲੀਆਂ ਨਹਿਰਾਂ (ਸਰਹਿੰਦ ਕੈਨਾਲ ਸਿਸਟਮ) ਅਤੇ ਬ੍ਰਾਂਚਾਂ ਜਿਵੇਂ ਕਿ ਪਟਿਆਲਾ ਫ਼ੀਡਰ, ਅਬੋਹਰ ਬ੍ਰਾਂਚ, ਸਿਧਵਾਂ ਬ੍ਰਾਂਚ, ਬਠਿੰਡਾ ਬ੍ਰਾਂਚ ਅਤੇ ਬਿਸਤ ਦੋਆਬ ਕੈਨਾਲ ਕ੍ਰਮਵਾਰ ਪਹਿਲੀ, ਦੂਜੀ, ਤੀਜੀ, ਚੌਥੀ ਤੇ ਪੰਜਵੀ ਤਰਜੀਹ ਦੇ ਆਧਾਰ ‘ਤੇ ਚਲਣਗੀਆਂ।
ਬੁਲਾਰੇ ਨੇ ਨਹਿਰੀ ਵਾਰੀਬੰਦੀ ਪ੍ਰੋਗਰਾਮ ਬਾਰੇ ਦੱਸਿਆ ਕਿ ਘੱਗਰ ਲਿੰਕ ਅਤੇ ਇਸ ਵਿੱਚੋਂ ਨਿਕਲਦੀ ਘੱਗਰ ਬ੍ਰਾਂਚ ਅਤੇ ਪਟਿਆਲਾ ਮਾਈਨਰ, ਜੋ ਗਰੁੱਪ ‘ਬੀ’ ਵਿੱਚ ਹਨ, ਨੂੰ ਪਹਿਲੀ ਤਰਜੀਹ ਦੇ ਆਧਾਰ ‘ਤੇ ਪਾਣੀ ਮਿਲੇਗਾ। ਭਾਖੜਾ ਮੇਨ ਲਾਈਨ ਵਿੱਚੋਂ ਨਿਕਲਦੀਆਂ ਨਹਿਰਾਂ, ਜੋ ਗਰੁੱਪ ‘ਏ’ ਵਿੱਚ ਹਨ, ਨੰ ਦੂਜੀ ਤਰਜੀਹ ਦੇ ਆਧਾਰ ‘ਤੇ ਬਾਕੀ ਬਚਦਾ ਪਾਣੀ ਮਿਲੇਗਾ।
ਸਿੰਚਾਈ ਵਿਭਾਗ ਦੇ ਬੁਲਾਰੇ ਨੇ ਇਹ ਵੀ ਦੱਸਿਆ ਕਿ ਸਰਹਿੰਦ ਫ਼ੀਡਰ ਵਿੱਚੋਂ ਨਿਕਲਦੀ ਅਬੋਹਰ ਬ੍ਰਾਂਚ ਅਤੇ ਇਸ ਦੇ ਰਜਬਾਹਿਆਂ, ਜਿਹੜੇ ਗਰੁੱਪ ‘ਬੀ’ ਵਿਚ ਹਨ, ਨੂੰ ਪਹਿਲੀ ਤਰਜੀਹ ਦੇ ਆਧਾਰ ‘ਤੇ ਪੂਰਾ ਪਾਣੀ ਮਿਲੇਗਾ ਜਦ ਕਿ ਸਰਹਿੰਦ ਫ਼ੀਡਰ ਵਿੱਚੋਂ ਨਿਕਲਦੇ ਸਾਰੇ ਰਜਬਾਹੇ, ਜਿਹੜੇ ਗਰੁੱਪ ‘ਏ’ ਵਿੱਚ ਹਨ, ਨੂੰ ਦੂਜੀ ਤਰਜੀਹ ਦੇ ਆਧਾਰ ‘ਤੇ ਬਾਕੀ ਬਚਦਾ ਪਾਣੀ ਮਿਲੇਗਾ।
ਸਿੰਚਾਈ ਵਿਭਾਗ ਦੇ ਬੁਲਾਰੇ ਨੇ ਅੱਗੇ ਹੋਰ ਦੱਸਿਆ ਕਿ ਲਹੋਰ ਬ੍ਰਾਂਚ ਅਤੇ ਇਸ ਦੇ ਰਜਬਾਹਿਆਂ ਨੂੰ ਪਹਿਲੀ ਤਰਜੀਹ ਦੇ ਆਧਾਰ ‘ਤੇ ਪੂਰਾ ਪਾਣੀ ਮਿਲੇਗਾ ਜਦ ਕਿ ਮੇਨ ਬ੍ਰਾਂਚ ਲੋਅਰ, ਕਸੂਰ ਬ੍ਰਾਂਚ ਲੋਅਰ, ਸਭਰਾਉਂ ਬ੍ਰਾਂਚ ਅਤੇ ਇਨ੍ਹਾਂ ਦੇ ਰਜਬਾਹਿਆਂ ਨੂੰ ਕ੍ਰਮਵਾਰ ਬਾਕੀ ਬਚਦਾ ਪਾਣੀ ਮਿਲੇਗਾ।