May 18, 2012 admin

ਪੀੜਤ ਔਰਤਾਂ ਨੂੰ ਇਨਸਾਫ਼ ਦਿਵਾਉਣ ਲਈ ਪੁਲਿਸ ਵੱਲੋਂ ਖੁੱਲ੍ਹਾ ਦਰਬਾਰ 20 ਨੂੰ

ਬਠਿੰਡਾ, 18 ਮਈ -ਮੈਂਬਰ ਪਾਰਲੀਮੈਂਟ ਬਠਿੰਡਾ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਘਰੇਲੂ ਹਿੰਸਾ ਤੋਂ ਪੀੜਤ ਔਰਤਾਂ ਨੂੰ ਇਨਸਾਫ਼ ਦਿਵਾਉਣ ਲਈ ਜ਼ਿਲ੍ਹਾ ਪੁਲਿਸ ਮੁਖੀ ਡਾ. ਸੁਖਚੈਨ ਸਿੰਘ ਗਿੱਲ ਵੱਲੋਂ 20 ਮਈ, 2012 ਨੂੰ ਪੁਲਿਸ ਲਾਈਨ ਬਠਿੰਡਾ ਵਿਖੇ ਪਤੀ-ਪਤਨੀ ਦੇ ਘਰੇਲੂ ਮਸਲਿਆਂ, ਕੁੱਟਮਾਰ ਅਤੇ ਦਾਜ-ਦਹੇਜ ਮੰਗਣ ਸਬੰਧੀ ਝਗੜਿਆਂ ਵਿਚ ਇਨਸਾਫ਼ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਇਕ ਖੁੱਲ੍ਹਾ ਦਰਬਾਰ ਲਗਾਇਆ ਜਾ ਰਿਹਾ ਹੈ। ਇਸ ਖੁੱਲ੍ਹੇ ਦਰਬਾਰ ਵਿਚ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਸਮਾਜ ਦੇ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਅਤੇ ਕਾਨੂੰਨੀ ਮਾਹਿਰਾਂ ਨੂੰ ਸ਼ਾਮਿਲ ਕਰ ਕੇ ਵੱਖ-ਵੱਖ 8 ਪੈਨਲ ਬਣਾਏ ਗਏ ਹਨ, ਜੋ ਮੌਕੇ ‘ਤੇ ਹੀ ਦੋਵਾਂ ਧਿਰਾਂ ਨੂੰ ਸੁਣ ਕੇ ਲੜੀਂਦੀ ਕਾਊਂਸਲਿੰਗ ਵੀ ਕਰਨਗੇ ਅਤੇ ਝਗੜਿਆਂ ਦਾ ਨਿਪਟਾਰਾ ਵੀ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਜਿਸ ਕਿਸੇ ਮਸਲੇ ਵਿਚ ਕਾਨੂੰਨੀ ਕਾਰਵਾਈ ਦੀ ਲੋੜ ਹੋਵੇਗੀ, ਉਹ ਵੀ ਮੌਕੇ ‘ਤੇ ਹੀ ਕਾਨੂੰਨੀ ਮਾਹਿਰਾਂ ਦੀ ਰਾਇ ਲੈ ਕੇ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰ ਪੈਨਲ ਵਿਚ ਇਕ ਸੀਨੀਅਰ ਗਜ਼ਟਿਡ ਪੁਲਿਸ ਅਧਿਕਾਰੀ, ਇਕ ਸਮਾਜ ਸੇਵੀ, ਇਕ ਕਾਨੂੰਨੀ ਮਾਹਿਰ, ਸੰਬੰਧਿਤ ਇਲਾਕੇ ਦਾ ਮੁੱਖ ਅਫ਼ਸਰਅਤੇ ਇਕ ਔਰਤ ਅਧਿਆਪਕ ਸ਼ਾਮਿਲ ਹੋਵੇਗੀ। ਡਾ. ਗਿੱਲ ਨੇ ਕਿਹਾ ਕਿ ਸ਼ਿਕਾਇਤ ਕਰਤਾਵਾਂ ਨੂੰ ਵਾਰ-ਵਾਰ ਮਹਿਲਾ ਥਾਣੇ ਦੇ ਚੱਕਰ ਨਾ ਲਗਾਉਣੇ ਪੈਣ, ਜਿਸ ਕਰਕੇ ਇਨ੍ਹਾਂ ਝਗੜਿਆਂ ਨੂੰ ਨਿਪਟਾਉਣ ਲਈ ਖੁੱਲ੍ਹਾ ਦਰਬਾਰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਪੰਜਾਬ ਵਿਚ ਪਹਿਲੀ ਵਾਰ ਹੋ ਰਿਹਾ ਹੈ ਅਤੇ ਬਠਿੰਡਾ ਪੁਲਿਸ ਦੇ ਇਸ ਉਪਰਾਲੇ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਣ ਦੀ ਆਸ ਹੈ। ਮਹਿਲਾ ਥਾਣੇ ਵਿਚ ਪਹਿਲਾਂ ਦਿੱਤੀਆਂ ਸ਼ਿਕਾਇਤਾਂ ਤੋਂ ਇਲਾਵਾ ਮੌਕੇ ‘ਤੇ ਵੀ ਕੋਈ ਪੀੜਤ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

Translate »