May 18, 2012 admin

ਰਿਫਾਇਨਰੀ ਵੱਲੋਂ ਅਪਣਾਏ ਨਸ਼ਾ ਛੁਡਾਊ ਕੇਂਦਰ ਨੂੰ ਸਹਾਇਤਾ ਰਾਸ਼ੀ ਜਾਰੀ

*ਉਚ ਅਧਿਕਾਰੀਆਂ ਵੱਲੋਂ ਚੈਕ ਡਿਪਟੀ ਕਮਿਸ਼ਨਰ ਨੂੰ ਭੇਟ
*ਈਵਨਿੰਗ ਸਕੂਲਾਂ ਲਈ ਵੀ ਗ੍ਰਾਂਟ ਪ੍ਰਵਾਨ

ਬਠਿੰਡਾ, 18 ਮਈ -ਰੈਡ ਕਰਾਸ ਵੱਲੋਂ ਸਿਵਲ ਹਸਪਤਾਲ ਬਠਿੰਡਾ ਵਿਖੇ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਦੀ ਗ੍ਰਾਂਟ ਸੋਸਵਾ (ਨਾਰਥ) ਚੰਡੀਗੜ੍ਹ ਵੱਲੋਂ ਸਾਲ 2012-13 ਲਈ ਬੰਦ ਕਰਨ ਉਪਰੰਤ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਕੇਂਦਰ ਨੂੰ ਚਾਲੂ ਰੱਖਣ ਦੇ ਉਪਰਾਲੇ ਵਜੋਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ, ਫੁੱਲੋਖਾਰੀ ਕੋਲ ਲੋੜੀਂਦੀ 5.00 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਕੀਤੀ ਬੇਨਤੀ ਤਹਿਤ ਰਿਫਾਇਨਰੀ ਵੱਲੋਂ ਇਹ ਕੇਂਦਰ ਅਡਾਪਟ ਕਰਨ ਦੀ ਸਹਿਮਤੀ ਦਿੱਤੀ ਗਈ। ਇਸ ਤਹਿਤ ਰਿਫਾਇਨਰੀ ਦੇ ਉਚ ਅਧਿਕਾਰੀਆਂ ਵੱਲੋਂ 101666/- ਦੀ ਰਾਸ਼ੀ ਦੇ ਦੋ ਚੈਕ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਭੇਟ ਕੀਤੇ ਗਏ ਤਾਂ ਜੋ ਜ਼ਿਲ੍ਹੇ ਵਿਚੋਂ ਨਸ਼ਾਖੋਰੀ ਖ਼ਤਮ ਕਰਨ ਦੇ ਉਪਰਾਲੇ ਵਜੋਂ ਕੇਂਦਰ ਦੀਆਂ ਸੇਵਾਵਾਂ ਚਾਲੂ ਸਾਲ ਦੌਰਾਨ ਜਾਰੀ ਰੱਖੀਆਂ ਜਾ ਸਕਣ। ਬਾਕੀ ਰਹਿੰਦੀ ਸਹਾਇਤਾ ਰਾਸ਼ੀ ਦੀ ਲੱਗਭਗ 4.00 ਲੱਖ ਰੁਪਏ ਦੀ ਰਕਮ ਵੀ ਜਲਦੀ ਹੀ ਜਾਰੀ ਕਰਨ ਦਾ ਰਿਫਾਇਨਰੀ ਅਧਿਕਾਰੀਆਂ ਵੱਲੋਂ ਭਰੋਸਾ ਦਿਵਾਇਆ ਗਿਆ।
ਇਸ ਤੋਂ ਇਲਾਵਾ ਰਿਫਾਇਨਰੀ ਦੀ ਸਹਾਇਤਾ ਨਾਲ ਬਾਲ ਭਲਾਈ ਕੌਂਸਲ ਪੰਜਾਬ ਵੱਲੋਂ ਜ਼ਿਲ੍ਹੇ ਵਿਚ ਚਲਾਏ ਜਾ ਰਹੇ ਤਿੰਨ ਈਵਨਿੰਗ ਸਕੂਲਾਂ ਲਈ ਗ੍ਰਾਂਟ, ਜਿਹੜੀ ਸਾਲ 2010-11 ਤੋਂ ਹੀ ਬੰਦ ਕਰ ਦਿੱਤੀ ਗਈ ਸੀ, ਬਾਰੇ ਵੀ ਡਿਪਟੀ ਕਮਿਸ਼ਨਰ ਦੇ ਉਪਰਾਲਿਆਂ ਸਦਕਾ ਅਤਿ ਗਰੀਬ ਬੱਚਿਆਂ ਦੀ ਪੜ੍ਹਾਈ ਚਾਲੂ ਰੱਖਣ ਲਈ ਫੰਡਜ਼ ਉਪਲਬਧ ਕਰਾਉਣ ਲਈ ਰਿਫਾਇਨਰੀ ਨੂੰ ਕੀਤੀ ਗਈ ਬੇਨਤੀ ਤਹਿਤ 186600/- ਰੁਪਏ ਪ੍ਰਤੀ ਸਾਲ ਰਿਫਾਇਨਰੀ ਵੱਲੋਂ ਦਿੱਤੀ ਵਿੱਤੀ ਸਹਾਇਤਾ ਨਾਲ ਚਲਾਏ ਜਾ ਰਹੇ ਹਨ। ਰਿਫਾਇਨਰੀ ਵੱਲੋਂ ਸਾਲ 2012-13 ਦੌਰਾਨ ਵੀ ਇਹ ਸਕੂਲ ਚਾਲੂ ਰੱਖਣ ਲਈ ਗ੍ਰਾਂਟ ਪ੍ਰਵਾਨ ਕਰ ਦਿੱਤੀ ਗਈ ਹੈ ਜੋ ਜਲਦੀ ਹੀ ਰੈਡ ਕਰਾਸ ਨੂੰ ਮਿਲ ਜਾਵੇਗੀ।
ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਇਸ ਮੌਕੇ ਰਿਫਾਇਨਰੀ ਦੇ ਉਚ ਅਧਿਕਾਰੀਆਂ ਸ੍ਰੀ ਰਾਜੀਵ ਪਰਮਾਰ ਅਤੇ ਸ੍ਰੀ ਰਵੀ ਯਾਦਵ ਦਾ ਰੈਡ ਕਰਾਸ ਨੂੰ ਉਕਤ ਪ੍ਰਾਜੈਕਟਾਂ ਨੂੰ ਅਡਾਪਟ ਕਰਨ ਵਜੋਂ ਦਿੱਤੀ ਵਿੱਤੀ ਸਹਾਇਤਾ ਲਈ ਧੰਨਵਾਦ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਰਿਫਾਇਨਰੀ ਵੱਲੋਂ ਅਜਿਹੇ ਉਦਮ ਅੱਗੋਂ ਵੀ ਜਾਰੀ ਰੱਖੇ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪ੍ਰਾਸ਼ਰ, ਐਸ. ਡੀ. ਐਮ. ਬਠਿੰਡਾ ਸ੍ਰੀ ਰਾਮਵੀਰ, ਰਿਫਾਇਨਰੀ ਦੇ ਲੋਕ ਸੰਪਰਕ ਅਧਿਕਾਰੀ ਸ੍ਰੀ ਵਾਹਿਗੁਰੂਪਾਲ ਸਿੰਘ ਅਤੇ ਸਕੱਤਰ ਰੈਡ ਕਰਾਸ ਸ੍ਰੀ ਜੇ. ਆਰ. ਗੋਇਲ ਵੀ ਹਾਜ਼ਰ ਸਨ।

Translate »