ਚੂਨੀ ਲਾਲ ਭਗਤ ਵੱਲੋਂ ਗੁਰੁ ਨਾਨਕ ਹਸਪਤਾਲ ਵਿਖੇ ਮੈਮੋਗਰਾਫੀ ਯੂਨਿਟ ਦਾ ਉਦਘਾਟਨ
ਅੰਮ੍ਰਿਤਸਰ, 19 ਮਈ : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕੈਂਸਰ ਦੇ ਇਲਾਜ ਲਈ ਆਧੁਨਿਕ ਤਕਨੀਕ ਨਾਲ ਲੈਸ ਕੈਂਸਰ ਹਸਪਤਾਲ ਖੋਲੇ ਜਾਣਗੇ ਤਾਂ ਜੋ ਪੰਜਾਬ ਵਾਸੀਆਂ ਨੂੰ ਕੈਂਸਰ ਦੇ ਇਲਾਜ ਲਈ ਬਾਹਰਲੇ ਰਾਜਾਂ ਜਾਂ ਵਿਦੇਸ਼ਾਂ ਵਿੱਚ ਨਾ ਜਾਣਾ ਪਵੇ। ਇਹ ਪ੍ਰਗਟਾਵਾ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਚੂਨੀ ਲਾਲ ਭਗਤ ਨੇ ਅੱਜ ਅੰਮ੍ਰਿਤਸਰ ਦੇ ਗੁਰੁ ਨਾਨਕ ਹਸਪਤਾਲ ਵਿਖੇ ਮੈਮੋਗਰਾਫੀ ਯੂਨਿਟ ਦੇ ਉਦਘਾਟਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ. ਪਰਕਾਸ਼ ਸਿੰਘ ਬਾਦਲ ਇਸ ਗੱਲ ਲਈ ਬਹੁਤ ਖਾਹਿਸ਼ਮੰਦ ਹਨ ਕਿ ਸੂਬੇ ਦੇ ਸਾਰੇ ਵੱਡੇ ਹਸਪਤਾਲਾਂ ਵਿੱਚ ਕੈਂਸਰ ਦਾ ਇਲਾਜ ਹੋਵੇ ਅਤੇ ਕੈਂਸਰ ਦੇ ਮਰੀਜਾਂ ਦੇ ਇਲਾਜ ਲਈ ਸਪੈਸ਼ਲ ਕੈਂਸਰ ਹਸਪਤਾਲ ਖੋਲੇ ਜਾਣ। ਸ੍ਰੀ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸੇ ਮਕਸਦ ਤਹਿਤ ਪੰਜਾਬ ਦੇ ਸਾਰੇ ਵੱਡੇ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਕੈਂਸਰ ਦੇ ਇਲਾਜ ਲਈ ਵਿਸ਼ੇਸ਼ ਸੈੱਲ ਸਥਾਪਤ ਕੀਤੇ ਹਨ।
ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਠਿੰਡਾ ਵਿਖੇ ਇੱਕ ਕੈਂਸਰ ਹਸਪਤਾਲ ਖੋਲਿਆ ਜਾਵੇਗਾ ਜਿਥੇ ਵਿਦੇਸ਼ੀ ਤਕਨੀਕਾਂ ਰਾਹੀਂ ਕੈਂਸਰ ਦੀ ਬਿਮਾਰੀ ਦਾ ਇਲਾਜ ਕੀਤਾ ਜਾਵੇਗਾ। ਅੰਮ੍ਰਿਤਸਰ ਵਿਖੇ ਸਥਾਪਤ ਕੀਤੇ ਮੈਮੋਗਰਾਫੀ ਯੂਨਿਟ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਇਸ ਯੂਨਿਟ ਦੇ ਸਥਾਪਤ ਹੋਣ ਨਾਲ ਸਰਹੱਦੀ ਖੇਤਰ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ ਅਤੇ ਜਿਹਨਾਂ ਮਰੀਜਾਂ ਨੂੰ ਬਰੈੱਸਟ ਕੈਂਸਰ ਹੋ ਜਾਂਦਾ ਹੈ ਇਸ ਮਸ਼ੀਨ ਰਾਹੀਂ ਉਸਦਾ ਪਹਿਲੀ ਸਟੇਜ ‘ਤੇ ਹੀ ਪਤਾ ਲੱਗ ਜਾਵੇਗਾ ਅਤੇ ਫਿਰ ਉਸਦਾ ਇਲਾਜ ਸੰਭਵ ਹੋ ਸਕੇਗਾ। ਉਹਨਾਂ ਕਿਹਾ ਕਿ ਮੈਮੋਗਰਾਫੀ ਦੀ ਫੀਸ ਪੰਜਾਬ ਸਰਕਾਰ ਵੱਲੋਂ ਮਾਤਰ 250 ਰੁਪਏ ਰੱਖੀ ਗਈ ਹੈ ਅਤੇ ਨਿਸ਼ਚਤ ਤੌਰ ‘ਤੇ ਇਸ ਯੂਨਿਟ ਦੇ ਸ਼ੁਰੂ ਹੋਣ ਨਾਲ ਸਰਹੱਦੀ ਖੇਤਰ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ।
ਕੈਬਨਿਟ ਮੰਤਰੀ ਸ੍ਰੀ ਭਗਤ ਨੇ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵਿਸ਼ੇਸ਼ ਨਸ਼ਾ ਛੁਡਾਉ ਹਸਪਤਾਲ ਵੀ ਖੋਲੇ ਜਾ ਰਹੇ ਹਨ ਤਾਂ ਜੋ ਜਿਹੜੇ ਨੌਜਵਾਨ ਨਸ਼ਿਆਂ ਦੀ ਲੱਤ ਵਿੱਚ ਲੱਗ ਚੱਕੇ ਹਨ ਉਹਨਾਂ ਦੇ ਨਸ਼ੇ ਛਡਾਏ ਜਾ ਸਕਣ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਡਾਕਟਰੀ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਬਹੁਤ ਗੰਭੀਰ ਹੈ ਅਤੇ ਇਸ ਵਿਭਾਗ ਵਿੱਚ ਜਲਦੀ ਹੀ ਖਾਲੀ ਅਸਾਮੀਆਂ ਨੂੰ ਭਰ ਕੇ ਵਿਭਾਗ ਦੀ ਕਾਰਗੁਜਾਰੀ ਨੂੰ ਹੋਰ ਬੇਹਤਰ ਕੀਤਾ ਜਾਵੇਗਾ।
ਇਸ ਤੋਂ ਬਾਅਦ ਸ੍ਰੀ ਭਗਤ ਨੇ ਗੁਰੁ ਨਾਨਕ ਹਸਪਤਾਲ ਦੇ ਓ.ਪੀ.ਡੀ. ਕੇਂਦਰ ਦੇ ਕੰਪਿਊਟਰੀਕਰਨ ਦਾ ਉਦਘਾਟਨ ਵੀ ਕੀਤਾ ਅਤੇ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਟਾਫ ਨੂੰ ਸੰਬੋਧਨ ਵੀ ਕੀਤਾ। ਆਪਣੇ ਸੰਬੋਧਨ ਵਿੱਚ ਉਹਨਾਂ ਨੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਡਾਕਟਰੀ ਦੇ ਮਹਾਨ ਪੇਸ਼ੇ ਨੂੰ ਵਪਾਰਕ ਧੰਦਾ ਨਾ ਬਣਾਉਣ ਸਗੋਂ ਸੇਵਾ ਭਾਵਨਾਂ ਨਾਲ ਮਰੀਜਾਂ ਦਾ ਇਲਾਜ ਕਰਨ ਤਾਂ ਜੋ ਲੋਕਾਂ ਦਾ ਡਾਕਟਰਾਂ ‘ਤੇ ਪਹਿਲਾਂ ਵਾਂਗ ਵਿਸ਼ਵਾਸ਼ ਬਣਿਆ ਰਹੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਇੱਛਾ ਹੈ ਕਿ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲਣ ਅਤੇ ਇਸ ਲਈ ਸਰਕਾਰ ਵੱਲੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅਜਿਹੇ ਵਿੱਚ ਡਾਕਟਰਾਂ ਦੀ ਵੀ ਇਹ ਨੈਤਿਕ ਜਿੰਮੇਵਾਰੀ ਹੈ ਕਿ ਉਹ ਸਰਕਾਰ ਦੀ ਮਨਸ਼ਾ ਅਨੁਸਾਰ ਲੋੜਵੰਦਾਂ ਤੱਕ ਸਾਰੀਆਂ ਸਹੂਲਤਾਂ ਪਹੁੰਚਾਉਣ।
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਮੈਡੀਕਲ ਖੋਜ ਨਾਲ ਜੁੜੇ ਡਾਕਟਰਾਂ ਨੂੰ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰਨਾ ਚਾਹੀਦਾ ਹੈ ਅਤੇ ਨਵੀਆਂ ਖੋਜਾਂ ਅਤੇ ਨਵੀਆਂ ਇਲਾਜ ਵਿਧੀਆਂ ਨੂੰ ਅਪਣਾ ਕੇ ਮਰੀਜਾਂ ਦਾ ਇਲਾਜ ਕਰਕੇ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ। ਇਸੇ ਮੌਕੇ ਮੁੱਖ ਸੰਸਦੀ ਸਕੱਤਰ ਸ੍ਰੀਮਤੀ ਮਹਿੰਦਰ ਕੌਰ ਜੋਸ਼ ਨੇ ਵੀ ਡਾਕਟਰੀ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰ ਵਿੱਚ ਦੱਸਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਜੈ ਕ੍ਰਿਸ਼ਨ ਡਾਇਰੈਕਟਰ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਪੰਜਾਬ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿਸੀਪਲ ਡਾ. ਐੱਸ.ਐੱਸ. ਸ਼ੇਰਗਿੱਲ, ਡਾ. ਬਲਦੇਵ ਰਾਜ ਚਾਵਲਾ ਚੇਅਰਮੈਨ ਜਲ ਸਪਲਾਈ ਅਤੇ ਸੀਵਰੇਜ ਬੋਰਡ ਪੰਜਾਬ, ਸ੍ਰੀ ਮਨਜੀਤ ਰਾਏ, ਸ੍ਰੀ ਤਰੁਨ ਚੁੱਗ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।