May 19, 2012 admin

90 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੇ ਦਿੱਤੀ ਜੇ.ਈ.ਟੀ. ਦੀ ਪ੍ਰੀਖਿਆ

ਨਤੀਜੇ ਦਾ ਐਲਾਨ ਜੂਨ ਦੇ ਪਹਿਲੇ ਹਫ਼ਤੇ
ਚੰਡੀਗੜ੍ਹ, 19 ਮਈ: ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਵੱਲੋਂ ਅੱਜ ਜੇ.ਈ.ਟੀ. ਦੀ ਸਫਲਤਾਪੂਰਵਕ ਪ੍ਰੀਖਿਆ ਲਈ ਗਈ। ਰਾਜ ਦੇ ਵੱਖ ਵੱਖ ਸਰਕਾਰੀ ਤੇ ਪ੍ਰਾਈਵੇਟ ਪੋਲੀਟੈਕਨਿਕ ਕਾਲਜਾਂ ਵਿੱਚ ਉਪਲੱਭਧ 60 ਹਜ਼ਾਰ ਸੀਟਾਂ ਲਈ 90 ਹਜ਼ਾਰ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀਖਿਆ ਲਈ ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਵਿਖੇ 434 ਸੈਂਟਰ ਬਣਾਏ ਗਏ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਵੱਲੋਂ ਇਸ ਸਾਲ ਜੇ.ਈ.ਟੀ. ਦੀ ਪ੍ਰੀਖਿਆ ਫੀਸ ਘਟਾਉਣ ਨਾਲ ਪੰਜਾਬ ਦੇ ਨਾਲ ਨਾਲ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦੇਣ ਵਿੱਚ ਬਹੁਤ ਦਿਲਚਸਪੀ ਦਿਖਾਈ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜੇ.ਈ.ਟੀ. 2012 ਦਾ ਨਤੀਜਾ ਜੂਨ ਦੇ ਪਹਿਲੇ ਹਫਤੇ ਐਲਾਨਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਰਾਜ ਦੇ 130 ਮਾਨਤਾ ਪ੍ਰਾਪਤ ਪੋਲੀਟੈਕਨਿਕ ਕਾਲਜਾਂ ਵਿੱਚ 29 ਡਿਪਲੋਮਾ ਕੋਰਸਾਂ ਦੀਆਂ 60 ਹਜ਼ਾਰ ਸੀਟਾਂ ਉਪਲੱਭਧ ਹਨ। ਵਿਦਿਆਰਥੀ ਇਹ ਡਿਪਲੋਮਾ ਕੋਰਸ ਮੁਕੰਮਲ ਕਰਨ ਤੋਂ ਬਾਅਦ ਬੀ.ਟੈਕ ਦੇ ਦੂਜੇ ਸਾਲ ਵਿੱਚ ਸਿੱਧਾ ਦਾਖਲਾ ਲੈ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਰਾਜ ਦੇ ਕਾਲਜਾਂ ਵਿੱਚ ਉਪਲੱਭਧ ਇਨ੍ਹਾਂ 60 ਹਜ਼ਾਰ ਸੀਟਾਂ ਵਿੱਚੋਂ 2500 ਸੀਟਾਂ ਆਰਥਿਕ ਰੂਪ ਵਿੱਚ ਕਮਜ਼ੋਰ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਰਾਖਵੀਆਂ ਹਨ ਜਿਨ੍ਹਾਂ ਦੀ ਸਾਲਾਨਾ ਆਮਦਨ 4.5 ਲੱਖ ਰੁਪਏ ਤੋਂ ਘੱਟ ਹੈ। ਇਨ੍ਹਾਂ ਵਿਦਿਆਰਥੀਆਂ ਤੋਂ ਸਿਰਫ ਸਾਲਾਨਾ ਟਿਊਸ਼ਨ ਫੀਸ ਹੀ ਲਈ ਜਾਵੇਗੀ। ਇਸ ਦੇ ਨਾਲ ਹੀ ਸਾਰੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਜਿਨ੍ਹਾਂ ਦੇ ਪਰਿਵਾਰਾਂ ਦੀ ਸਾਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਤੋਂ ਤਿੰਨ ਸਾਲ ਦੇ ਕੋਰਸ ਲਈ ਸਿਰਫ 1100 ਰੁਪਏ ਟਿਊਸ਼ਨ ਫੀਸ ਹੀ ਲਈ ਜਾਵੇਗੀ।

Translate »