May 22, 2012 admin

ਮਨਜੀਤ ਸਿੰਘ ਕਲਕੱਤਾ ਵੱਲੋਂ ਅਨੰਦ ਮੈਰਿਜ਼ ਐਕਟ ਪਾਸ ਕੀਤੇ ਜਾਣ ਤੇ ਖੁੱਸ਼ੀ ਦਾ ਪ੍ਰਗਟਾਵਾ

ਅੰਮ੍ਰਿਤਸਰ, 22 ਮਈਰਾਜ ਸਭਾ ਵੱਲੋਂ ਅਨੰਦ ਮੈਰਿਜ਼ ਐਕਟ ਪਾਸ ਕੀਤੇ ਜਾਣ ਤੇ ਖੁੱਸ਼ੀ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ: ਮਨਜੀਤ ਸਿੰਘ ਕਲਕੱਤਾ ਨੇ ਕਿਹਾ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸਿੱਖਾਂ ਨੂੰ ਆਪਣੀ ਕੋਈ ਮੰਗ ਕੇਂਦਰ ਪਾਸੋਂ ਮਨਵਾਉਣ ਲਈ ਨਾ ਤਾਂ ਮੋਰਚਾ ਲਗਾਉਣਾ ਪਿਆ ਅਤੇ ਨਾ ਹੀ ਰੋਸ ਮੁਜਾਹਰਾ ਕਰਨਾ ਪਿਆ। ਸ੍ਰ: ਕਲਕੱਤਾ ਨੇ ਦੱਸਿਆ ਕਿ ਰਾਜ ਸਭਾ ਵਿੱਚ ਐਕਟ ਪਾਸ ਕਰਵਾਉਣ ਲਈ ਰਾਜ ਸਭਾ ਮੈਂਬਰ ਸ੍ਰ: ਤਰਲੋਚਨ ਸਿੰਘ ਵਿਸ਼ੇਸ਼ ਧੰਨਵਾਦ ਦੇ ਪਾਤਰ ਹਨ ਜਿੰਨਾਂ ਨੇ ਇਸ ਬਿੱਲ ਨੂੰ ਇਸ ਮੁਕਾਮ ਤੱਕ ਲਿਆਉਣ ਲਈ ਸਮੂਹ ਰਾਜ ਸਭਾ ਮੈਂਬਰਾਨ ਦੀ ਅਗਵਾਈ ਕੀਤੀ। ਉਨਾਂ ਕਿਹਾ ਕਿ ਸ੍ਰ: ਤਰਲੋਚਨ ਸਿੰਘ ਵੱਲੋਂ ਸਿੱਖ ਵਿਆਹ ਅਨੰਦ ਮੈਰਿਜ਼ ਐਕਟ ਤਹਿਤ ਰਜਿਸਟਰ ਕੀਤੇ ਜਾਣ ਦਾ ਮੁੱਦਾ ਉਠਾਉਣ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ: ਪਰਮਜੀਤ ਸਿੰਘ ਸਰਨਾ ਅਤੇ ਅਣਗਿਣਤ ਪੰਥਕ ਜਥੇਬੰਦੀਆਂ ਨੇ ਆਪਣੇ ਪੱਧਰ ਤੇ ਉਪਰਾਲੇ ਸ਼ੁਰੂ ਕੀਤੇ ਜਿਸਦੇ ਫਲਸਰੂਪ ਅਨੰਦ ਮੈਰਿਜ਼ ਐਕਟ ਰਾਜ ਸਭਾ ਵਿੱਚ ਪ੍ਰਵਾਨ ਚੜਿਆ। ਸ੍ਰ: ਕਲਕੱਤਾ ਨੇ ਕਿਹਾ ਕਿ ਅਨੰਦ ਮੈਰਿਜ਼ ਐਕਟ ਦੇ ਪਾਸ ਹੋਣ ਤੋਂ ਬਾਅਦ ਸਭ ਤੋਂ ਅਹਿਮ ਕਾਰਜ ਭਾਰਤੀ ਸੰਵਿਧਾਨ ਦੀ ਧਾਰਾ 25-ਬੀ ਵਿੱਚ ਸੋਧ ਕਰਾਉਣੀ ਹੈ, ਜਿਸ ਲਈ ਸ਼੍ਰੋਮਣੀ ਅਕਾਲੀ ਦਲ ਨੇ 1982 ਵਿੱਚ ਧਰਮ ਯੁੱਧ ਮੋਰਚਾ ਲਾਇਆ ਅਤੇ ਇਸਦੇ ਆਗੂ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਖੁੱਦ ਦਿੱਲੀ ਜਾ ਕੇ ਰੋਸ ਵਜੋਂ ਧਾਰਾ 25-ਬੀ ਸਾੜੀ। ਉਨਾਂ ਕਿਹਾ ਕਿ ਸਿੱਖ ਕੌਮ ਦੀ ਸਿਧਾਂਤਕ ਪ੍ਰਭੂਸਤਾ ਅਤੇ ਨਿਆਰੀ ਹਸਤੀ ਨੂੰ ਕਾਇਮ ਰੱਖਣ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਧਾਰਾ 25-ਬੀ ਹੈ, ਜਿਸ ਨੂੰ ਸੋਧ ਕਰਨ ਬਾਰੇ ਜਸਟਿਸ ਵੈਂਕਟ ਚਲੱਈਆ ਕਮਿਸ਼ਨ ਅਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਆਪਣੀ ਰਾਏ ਦੇ ਚੁੱਕਾ ਹੈ। ਸ੍ਰ: ਕਲਕੱਤਾ ਨੇ ਮੰਗ ਕੀਤੀ ਕਿ ਜੋ ਸਿੱਖ ਵਿਦਵਾਨ ਅਤੇ ਪੰਥ ਹਿਤੈਸ਼ੀ ਸਿੱਖ ਕੌਮ ਦੀ ਅੱਡਰੀ ਤੇ ਨਿਆਰੀ ਹਸਤੀ ਬਰਕਰਾਰ ਰੱਖਣ ਲਈ ਚਿੰਤਤ ਹਨ। ਉਹ ਸਮੁੱਚੇ ਪੰਥ ਦੀ ਰਾਏ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਪਾਸੋਂ ਪ੍ਰਵਾਨਗੀ ਲੈ ਕੇ ਇਸ ਪਾਸੇ ਯਤਨਸ਼ੀਲ ਹੋਣ।  

Translate »