ਸ਼ਿਕਾਗੋ,ਅਮਰੀਕਾ (ਚਰਨਜੀਤ ਸਿੰਘ ਗੁਮਟਾਲਾ) :ਅਮਰੀਕਾ ਦੇ ਪ੍ਰਸਿੱਧ ਉਦਯੋਗਿਕ ਸ਼ਹਿਰ ਸ਼ਿਕਾਗੋ ਦੇ ਪੈਲੇਟਾਈਨ ਸਥਿਤ ਗੁਰਦੁਆਰਾ ਸਾਹਿਬ ਵਿਖੇ ਸੰਗਤ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਬੜੀ ਸ਼ਰਧਾ ਸਹਿਤ ਮਨਾਇਆ ਗਿਆ ।ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਉਪਰੰਤ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਅਤੇ ਭਾਈ ਰਜਿੰਦਰ ਸਿੰਘ ਜਲੰਧਰ ਵਾਲੇ ਦੇ ਜਥਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਇਤਿਹਾਸਿਕ ਪਿਛੋਕੜ ‘ਤੇ ਚਾਨਣਾ ਪਾਇਆ।ਦੀਵਾਨ ਦੀ ਸਮਾਪਤੀ ਪਿੱਛੋਂ ਵਿਸਮਾਦ ਪ੍ਰਾਈਵੇਟ ਲਿਮਟਿਡ ਵਲੋਂ ਬਣਾਈ ਨਵੀਂ ਫ਼ਿਲਮ ਭਾਈ ਸੁਬੇਗ ਸਿੰਘ ਭਾਈ ਸ਼ਾਹਬਾਜ ਸਿੰਘ ਵਿਖਾਈ ਗਈ ।ਪੰਥਕ ਰਵਾਇਤਾਂ ਅਨੁਸਾਰ ਛਬੀਲ ਲਗਾਈ ਗਈ ਤੇ ਗਰੂ ਕਾ ਅਤੁਟ ਲੰਗਰ ਵਰਤਾਇਆ ਗਿਆ । ਇਸ ਸਮੇਂ ਚਲ ਰਹੇ ਕਾਰਜਾਂ ਬਾਰੇ ਇਸ ਪੱਤਰਕਾਰ ਵਲੋਂ ਪੁਛਣ ‘ਤੇ ਗੁਰਦੁਆਰਾ ਸਾਹਿਬ ਦੇ ਧਾਰਮਿਕ ਸਕੱਤਰ ਸ. ਦਲਜੀਤ ਸਿੰਘ ਦਿਓਲ ਨੇ ਦੱਸਿਆ ਕਿ ਪ੍ਰਬਧੰਕ ਕਮੇਟੀ ਦੀ ਯੋਜਨਾ, ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਸੁਨਹਿਰੀ ਗੁੰਬਦ ਲਾਉਣਾ ਅਤੇ ਸਿੱਖ ਮਿਊਜ਼ੀਅਮ ਸਥਾਪਤ ਕਰਨਾ ਹੈ।