ਅਮਰੀਕਾ ਦੇ ਪ੍ਰਸਿੱਧ ਸ਼ਹਿਰ ਡੇਟਨ(ਓਹਾਇਹੋ) ਦੇ ਸਮਿਟ ਕ੍ਰਿਸਚਿਅਨ ਚਰਚ ਦੇ ਵਿਹੜੇ ਵਿਖੇ ਵਖ ਵਖ ਧਰਮਾਂ ਵਲੋਂ ਓਕ ਕ੍ਰੀਕ ਦੇ ਗੁਰਦੁਆਰਾ ਸਾਹਿਬ ਵਿਖੇ ੫ ਅਗਸਤ ਨੂੰ ਇਕ ਸਿਰਫਿਰੇ ਅਮਰੀਕੀ ਹੱਥੋਂ ਮਾਰੇ ਗਏ ੬ ਸ਼ਰਧਾਲੂਆਂ ਦੀ ਆਤਮਕ ਸ਼ਾਂਤੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।ਇਸ ਵਿਚ ਡੇਟਨ ਸਿੱਖ ਸੰਗਤ ਤੋਂ ਇਲਾਵਾ ਗ੍ਰੇਟਰ ਡੇਟਨ ਕ੍ਰਿਸਚਿਅਨ ਕਨੈਕਸ਼ਨ,ਡੇਟਨ ਇੰਟਰਨੈਸ਼ਨਲ ਪੀਸ ਮਿਊਜ਼ੀਅਮ, ਮੁਸਲਿਮ ਪਬਲਿਕ ਅਫ਼ੇਸਰਜ਼ ਕੌਂਸਲ,ਡੇਟਨ ਮਰਸੀ ਸੋਸਾਇਟੀ, ਦਾ ਬਹਾਈ‘ਸ ਫ਼ੇਥ, ਇੰਟਰਫ਼ੇਥ ਫ਼ੋਰਮ ਆਫ਼ ਗ੍ਰੇਟਰ ਡੇਟਨ ਅਤੇ ਦਾ ਡੇਟਨ ਸਿੱਖ ਕਮਿਊਨਿਟੀ ਦੇ ਨੁਮਾਇੰਦਿਆਂ ਨੇ ਆਪਣੇ ਆਪਣੇ ਅਕੀਦੇ ਨਾਲ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਆਪਣੇ ਆਪਣੇ ਵਿਚਾਰ ਵੀ ਪੇਸ਼ ਕੀਤੇ। ਸਿੱਖ ਸੰਗਤ ਵਲੋਂ ਸ. ਅਵਤਾਰ ਸਿੰਘ ਸਪਰਿੰਗਫੀਲਡ ਨੇ ਪੰਜਾਬੀ ਵਿਚ ਅਰਦਾਸ ਕੀਤੀ । ਡਾ. ਦਰਸ਼ਨ ਸਿੰਘ ਸਹਿਬੀ ਨੇ ਇਸ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਅਤੇ ਸਿੱਖ ਧਰਮ ਬਾਰੇ ਮੁਢਲੀ ਜਾਣਕਾਰੀ ਦਿੱਤੀ । ਡੇਟਨ ਦੀ ਸਿੱਖ ਸੰਗਤ ਵਲੋਂ ੨ ਸ਼ਬਦਾਂ ਦਾ ਗਾਇਨ ਕੀਤਾ ਗਿਆ ਤੇ ਇਸ ਦਾ ਅੰਗਰਜ਼ੀ ਵਿਚ ਲਿਪੀ– ਅੰਤਰ ਅਤੇ ਅਨੁਵਾਦ ਹਾਜ਼ਰੀਨ ਨੂੰ ਮੌਕੇ ‘ਤੇ ਦਿਤਾ ਗਿਆ।
ਬੁਲਾਰਿਆਂ ਨੇ ਇਕ ਮਤ ਹੋ ਕਿ ਜਿੱਥੇ ਇਸ ਘਟਨਾ ਦੀ ਨਿਖੇਧੀ ਕੀਤੀ, ਉੱਥੇ ਕਿਹਾ ਕਿ ਅਜੋਕੇ ਸਮਾਜ ਵਿਚ ਹਿੰਸਾ ਦੀ ਕੋਈ ਥਾਂ ਨਹੀਂ ਤੇ ਪ੍ਰਣ ਕੀਤਾ ਕਿ ਉਹ ਇਕ ਜੁਟ ਹੋ ਕਿ ਵਿਸ਼ਵ– ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰਨਗੇ।ਡਾ. ਸਹਿਬੀ ਨੇ ਆਇ ਹੋਇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਅੰਤ ਵਿਚ ੬ ਸਫ਼ੈਦ ਗੁਬਾਰੇ ਇਸ ਘਟਨਾ ਵਿਚ ਮਾਰੇ ਗਏ ਵਿਅਕਤੀਆਂ ਦਾ ਨਾਂ ਲੈ ਕਿ ਛੱਡੇ ਗਏ। ਇਕ ਕਾਲਾ ਗੁਬਾਰਾ ਕਾਤਲ ਦਾ ਨਾਂ ਲੈ ਕੇ ਛੱਡਿਆ ਗਿਆ।ਆਇ ਮਹਿਮਾਨਾਂ ਨੂੰ ਲੰਗਰ ਛਕਾਇਆ ਗਿਆ।