August 26, 2012 admin

ਨਹੀਂ ਰਹੇ ਸ਼ੋਅਲੇ ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ

                               ਰਣਜੀਤ ਸਿੰਘ ਪ੍ਰੀਤ
                 2006 ਵਿੱਚ ਭਾਰਤ ਸਰਕਾਰ ਦਾ ਐਵਾਰਡ ਪਦਮ ਭੂਸ਼ਣ ਹਾਸਲ ਕਰਨ ਵਾਲੇ, ਇਪਟਾ ਨਾਲ ਜੁੜਦਿਆਂ ਬਲਰਾਜ ਸਾਹਨੀ,ਕੈਫ਼ੀ ਆਜ਼ਮੀ ਨਾਲ ਨੇੜਤਾ ਰੱਖਣ ਵਾਲੇ, ਕਰੀਬ 225 ਫ਼ਿਲਮਾਂ ਵਿੱਚ ਅਦਾਕਾਰੀ ਦਿਖਾਉਂਣ ਵਾਲੇ,ਫ਼ਿਲਮ ਸ਼ੋਅਲੇ ਵਿੱਚ ਰਹੀਮ ਚਾਚਾ ਵਜੋਂ ਨਾਮਣਾ ਖੱਟਣ ਵਾਲੇ ਭਾਰਤੀ ਹਿੰਦੀ ਫ਼ਿਲਮਾਂ ਦੇ ਕਰੈਕਟਰ ਐਕਟਰ ਅਵਤਾਰ ਕ੍ਰਿਸ਼ਨ ਹੰਗਲ 14 ਅਗਸਤ ਨੂੰ ਬਾਥਰੂਮ ਵਿੱਚ ਪੈਰ ਸਲਿੱਪ ਕਰਨ ਨਾਲ ਡਿੱਗ ਪਏ ਅਤੇ ਪਿਠ ਦੀ ਹੱਡੀ ਕਰੈਕ ਹੋ ਗਈ। ਰਿਹਾਇਸ਼ੀ ਫਲੈਟ ਸ਼ਾਤਾ ਕਰੂਜ਼ ਵਿਖੇ ਹੀ ਉਪਚਾਰ ਕੀਤਾ ਗਿਆ ।। ਪਰ ਹਾਲਤ ਵਿਗੜਨ ਸਦਕਾ 16 ਅਗਸਤ ਨੂੰ ਆਸ਼ਾ ਪਾਰਖ ਹਸਪਤਾਲ ਸ਼ਾਤਾ ਕਰੂਜ਼ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਹੋਣਤੇ ਆਈ ਸੀ ਯੂ ਵਿੱਚ ਜੀਵਨ ਰੱਖਿਅਕ ਯੰਤਰਾਂ ਸਹਾਰੇ ਰੱਖਿਆ  ਗਿਆ,25 ਅਗਸਤ ਨੂੰ ਕੇ ਹੰਗਲ ਦੇ ਇਕਲੌਤੇ ਬੇਟੇ ਵਿਜੇ ਹੰਗਲ ਨੇ ਬਿਆਂਨ ਦਿੱਤਾ ਕਿ ਉਹਨਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਹੈ,ਗੁਰਦੇ ਵੀ ਕੰਮ ਨਹੀਂ ਕਰ ਰਹੇ। ਡਾਕਟਰ ਵੀ ਬੇਵੱਸ ਜਾਪਦੇ ਹਨ। ਆਖਰ 98 ਵਰਿਆਂ ਦਾ ਰਹੀਮ ਚਾਚਾ 26  ਅਗਸਤ ਨੂੰ ਸਵੇਰੇ 9 ਕੁ ਵਜੇ ਸਦਾ ਸਦਾ ਲਈ ਏਥੋਂ ਰੁਖ਼ਸਤ ਹੋ ਕੇ ਗੱਬਰ ਦੇ ਨਾਲ ਹੀ ਫਿਰ ਜਾ ਰਲਿਆ। ਅਵਤਾਰ ਕ੍ਰਿਸ਼ਨ ਹੰਗਲ ਆਪਣੇ ਬੇਟੇ ਵਿਜੇ ਹੰਗਲ ਨਾਲ ਹੀ ਰਹਿੰਦਾ ਸੀ। ਵਿਜੇ ਦੀ ਪਤਨੀ ਦਾ ਵੀ 1994 ਵਿੱਚ ਦਿਹਾਂਤ ਹੋ ਗਿਆ ਸੀ,ਘਰ ਵਿੱਚ ਕੋਈ ਬੱਚਾ ਵੀ ਨਹੀਂ ਹੈ। ਵਿਜੇ ਦੀ ਮਾਤਾ ਪਹਿਲਾਂ ਹੀ ਪਰਿਵਾਰ ਦਾ ਸਦਾ ਸਦਾ ਲਈ ਸਾਥ ਛੱਡ ਗਈ ਸੀ। ਦੋਨੋ ਪਿਓਪੁੱਤ ਬੜੀ ਮੁਸ਼ਕਲ ਹਾਲਤ ਵਿੱਚੋਂ ਲੰਘ ਰਹੇ ਸਨ।
           ਇਸ ਨਾਮਵਰ ਅਦਾਕਾਰ ਦਾ ਜਨਮ ਕਸ਼ਮੀਰੀ ਪੰਡਿਤ ਪਰਿਵਾਰ ਵਿੱਚ ਪਹਿਲੀ ਫਰਵਰੀ 1917 ਨੂੰ ਸਿਆਲਕੋਟ (ਪੰਜਾਬ) ਵਿੱਚ ਪੰਡਿਤ ਹਰੀ ਕ੍ਰਿਸ਼ਨ ਹੰਗਲ ਦੇ ਘਰ ਹੋਇਆ। ਕੇ ਹੰਗਲ ਨੂੰ ਜਿੱਥੇ ਛੋਟੀ ਉਮਰ ਵਿੱਚ ਹੀ ਪਿਸ਼ਾਵਰ ਵਿਖੇ ਥਿਏਟਰ ਨਾਲ ਜੁੜਨਾ ਪਿਆ,ਉੱਥੇ ਉਹ ਅਜ਼ਾਦੀ ਸੰਗਰਾਮੀਏ ਵਜੋਂ ਵੀ ਕੰਮ ਕਰਦਾ ਰਿਹਾ। ਪਰ ਪਰਿਵਾਰ ਦੀ ਆਰਥਿਕ ਬਿਹਤਰੀ ਲਈ ਦਰਜੀ ਵਜੋਂ ਵੀ ਕਿੱਤਾ ਕਰਨਾ ਪਿਆ। ਪਿਤਾ ਦੇ ਸੇਵਾਮੁਕਤ ਹੋਣ ਉਪਰੰਤ ਪਿਸ਼ਾਵਰ ਅਤੇ ਫਿਰ ਕਰਾਚੀ ਵਿਖੇ ਵਸਿਆ ।। ਬਟਵਾਰੇ ਸਮੇ 3 ਸਾਲ ਪਾਕਿਸਤਾਨੀ ਜੇਲਵਿੱਚ ਕੱਟਣ ਮਗਰੋਂ 1949 ਨੂੰ ਉਹ ਮੁੰਬਈ ਟਿਕਿਆ। ਜਿੱਥੇ ਬਹੁਤੇ ਕਲਾਕਾਰਾਂ ਦੇ ਮਨ ਵਿੱਚ ਬਚਪਨ ਸਮੇ ਹੀ ਫ਼ਿਲਮ ਜਗਤ ਦੀ ਚਕਾਚੌਂਦ ਕਰਨ ਵਾਲੀ ਜ਼ਿੰਦਗੀ ਵਸਿਆ ਕਰਦੀ ਹੈ,ਉਥੇ ਹੰਗਲ ਇਸ ਤੋਂ ਉਲਟ 50 ਸਾਲ ਦੀ ਉਮਰ ਵਿੱਚ ਇਸ ਕਾਰਜ ਨਾਲ ਬਾਵਸਤਾ ਹੋਏ। ਭਾਵੇਂ ਹੁਣ ਉਹ ਟੀਵੀ ਸੀਰੀਅਲ ਮਧੂਬਾਲਾ ਨਾਲ ਵੀ ਵੀਲਚੇਅਰ ਉੱਤੇ ਬੈਠ ਕੇ ਜੁੜੇ ਹੋਏ ਸਨ। ਪਰ ਉਂਜ ਉਹ 1966 ਤੋਂ 2005 ਤੱਕ ਜ਼ਿਆਦਾ ਸਰਗਰਮ ਰਹੇ। ਉਹਨਾਂ ਦੇ ਵਿਸ਼ੇਸ਼ ਰੋਲ ਰਾਮ ਸ਼ਾਸ਼ਤਰੀ (ਆਇਨਾ),ਇੰਦਰ ਸੈਨ (ਸ਼ੌਕੀਨ), ਬਿਨੀਪਾਲ ਪਾਂਡੇ (ਨਮਕ ਹਲਾਲ), ਰਹੀਮ ਚਾਚਾ (ਸ਼ੋਅਲੇ) ਆਦਿ ਹਨ। ਹੰਗਲ ਨੇ ਰਾਜੇਸ਼ ਖੰਨਾ ਨਾਲ ਵੀ 16 ਫ਼ਿਲਮਾਂ ਵਿੱਚ ਅਦਾਕਾਰੀ ਕੀਤੀ। ਕੇ ਹੰਗਲ ਨੇ ਬਾਸੂ ਭੱਟਾਚਾਰੀਆ ਦੀ ਫ਼ਿਲਮ ਤੀਸਰੀ ਕਸਮ ਵਿੱਚ 1966 ਨੂੰ ਪਹਿਲਾ ਕਿਰਦਾਰ ਨਿਭਾਇਆ। ਫਿਰ ਸ਼ਗਿਰਦ ਫ਼ਿਲਮ ਵਿੱਚ ਕੰਮ ਕਰਇਆ। ਅਵਤਾਰ,ਅਰਜੁਨ,ਆਂਧੀ,ਤਪੱਸਿਆ,ਕੋਰਾ ਕਾਗਜ਼,ਬਾਵਰਚੀ,ਛੁਪਾ ਰੁਸਤਮ,ਚਿੱਤਚੋਰ,ਬਾਲਿਕਾ ਬਧੂ,ਗੁੱਡੀ,ਨਰਮ ਗਰਮ,ਆਪ ਕੀ ਕਸਮ,ਅਮਰਦੀਪ,ਨੌਕਰੀ,ਪਰੇਮ ਬੰਧਨ,ਫਿਰ ਵੋਹੀ ਰਾਤ,ਰਾਮ ਅਵਤਾਰ,ਬੇਵਫ਼ਾ,ਤੇਰੇ ਮੇਰੇ ਸਪਨੇ,ਲਗਨ ਵਰਗੀਆਂ ਫ਼ਿਲਮਾਂ ਕੀਤੀਆਂ ।। ਅੱਠ ਫਰਵਰੀ 2011 ਨੂੰ ਮੁੰਬਈ ਵਿਖੇ ਵੀਲਚੇਅਰਤੇ ਬੈਠਕੇ ਫ਼ੈਸ਼ਨ ਡਿਜ਼ਾਈਨਰ ਰਿਆਜ਼ ਗਾਂਜੀ ਲਈ ਰੈਂਪ ਉੱਤੇ ਚੱਲਣ ਦਾ ਮੌਕਾ ਵੀ ਨਾ ਖੁੰਝਾਇਆ।
              ਕੇ ਹੰਗਲ ਦਾ ਬੇਟਾ ਵਿਜੇ ਜਦ ਫ਼ਿਲਮੀ ਫੋਟੋਗਰਾਫ਼ੀ ਅਤੇ ਕੈਮਰਾਮੈਨ ਦੇ ਅਹੁਦੇ ਤੋਂ ਵਿਹਲਾ ਹੋ ਗਿਆ ਤਾਂ ਘਰ ਵਿੱਚ ਭੰਗ ਭੁੱਜਣ ਲੱਗੀ। ਬੁਰੇ ਦਿਨਾਂ ਵਿੱਚ ਦੋਹਾਂ ਲਈ ਹਰੇਕ ਮਹੀਨੇ 15000 ਦੀ ਦੁਆਈ ਲੈਣੀ ਜ਼ਰੂਰੀ ਸੀ। ਉਹਨਾ ਦੀ ਇਸ ਹਾਲਤ ਬਾਰੇ ਮੀਡੀਏ ਨੇ 20 ਜਨਵਰੀ 2011 ਨੂੰ ਚਾਗਾ ਚੱਕਿਆ ਅਤੇ ਮਹਾਂਰਾਸ਼ਟਰ ਦੇ ਮੁਖ ਮੰਤਰੀ ਪ੍ਰਿਥਵੀ ਰਾਜ ਚੌਹਾਂਨ ਨੇ 50 ਹਜ਼ਾਰ ਰੁਪਏ ਮਦਦ ਕੀਤੀ। ਇਸ ਸਮੇ ਪਿਓ 97 ਸਾਲ ਦਾ ਅਤੇ ਬੇਟਾ 77 ਸਾਲ ਦਾ ਸੀ। ਜਯ ਬਚਨ ਨੇ ਹੰਗਲ ਨਾਲ 9 ਫ਼ਿਲਮਾਂ ਕੀਤੀਆਂ ਸਨ,ਉਸ ਨੇ ਕਿਹਾ ਹਸਪਤਾਲ ਦੇ ਸਾਰੇ ਖਰਚੇ ਉਹ ਦੇਵੇਗੀ।।
      ਸਾਈਨ ਅਤੇ ਟੀਵੀ ਆਰਟਿਸਟ ਐਸੋਸੀਏਸ਼ਨ (ਸੀ ਆਈ ਐਨ ਟੀ ) ਨੇ ਧਰਮੇਸ਼ ਤਿਵਾੜੀ,ਮਿਠੁਨ ਚਕਰਵਰਤੀ ਦੀਆਂ ਕੋਸ਼ਿਸ਼ਾਂ ਨਾਲ 50 ਹਜ਼ਾਰ ਦੀ ਮਦਦ ਵੀ 21 ਜਨਵਰੀ 2011 ਨੂੰ ਮਿਲੀ।।ਸਲਮਾਨ ਖਾਨ,ਰੰਜਨ ਠਾਕੁਰ,ਰਮੇਸ਼ ਸਿੱਪੀ,ਅਮਿਤਾਬ ਬਚਨ,ਅਮਿਰ ਖਾਨ,ਆਦਿ ਵੀ ਹੌਂਸਲਾ ਅਫ਼ਜਾਈ ਲਈ ਅੱਗੇ ਆਏ। ਹੰਗਲ ਦਾ ਆਖਰੀ ਰੋਲ 2005 ਵਿੱਚ ਅਮੋਲ ਪਾਲੇਕਰ ਦੀ ਫ਼ਿਲਮ ਪਹੇਲੀ ਵਿਚਲਾ ਹੀ ਰਿਹਾ। ਵਿਜੇ ਅਨੁਸਾਰ ਉਹਨਾ ਨੂੰ ਹੁਣ ਤੱਕ ਫ਼ਿਲਮਾਂ ਲਈ ਸੱਦਾ ਆਉਂਦਾ ਰਿਹਾ,ਪਰ ਸਿਹਤ ਦੀ ਖ਼ਰਾਬੀ ਸਦਕਾ ਉਹ ਸਾਰੇ ਸੱਦੇ ਨਕਾਰਦੇ ਰਹੇ। ਅਵਤਾਰ ਹੰਗਲ ਨੇ ਆਪਣੇ ਮਿੱਤਰਾਂ ਨਾਲ ਮਿਲਕੇ ਦੇਸ਼ ਦਾ 65 ਵਾਂ ਅਜ਼ਾਦੀ ਦਿਨ ਬਿਮਾਰੀ ਦੀ ਹਾਲਤ ਵਿੱਚ ਵੀ ਖ਼ੁਸ਼ੀਆਂ ਅਤੇ ਚਾਵਾਂ ਨਾਲ ਮਨਾਇਆ। ਪਰ ਸਿਤਮ ਦੀ ਗੱਲ ਇਹ ਰਹੀ ਕਿ ਇੱਕ ਅਜ਼ਾਦੀ ਘੁਲਾਟੀਏ ਦੀ ਵੀ ਸਮੇ ਦੀਆਂ ਸਰਕਾਰਾਂ ਨੇ ਬਾਤ ਨਹੀਂ ਪੁੱਛੀ। ਜਿਸ ਲਈ ਰੋਟੀ ਰੋਜ਼ੀ ਦਾ ਵੀ ਕੋਈ ਸਾਧਨ ਬਾਕੀ ਨਹੀਂ ਸੀ ਰਿਹਾ। ਹੁਣ ਉਹਦੇ ਨਾਅ ਉੱਤੇ ਐਵਾਰਡ ਵੰਡੇ ਜਾਇਆ ਕਰਨਗੇ

ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਮੁਬਾਇਲ; 98157-07232

Translate »