ਮੁੱਖ ਸਕੱਤਰ ਤੇ ਪ੍ਰਮੁੱਖ ਸਕੱਤਰ ਨੂੰ ਸਮੀਖਿਆ ਕਰਨ ਦੇ ਆਦੇਸ਼, 3 ਮੈਂਬਰੀ ਕਮੇਟੀ ਕਾਇਮ
ਮਜੀਠੀਆ ਨੂੰ ਇਤਰਾਜ਼ਹੀਣ ਇੰਤਕਾਲ ਦਰਜ ਕਰਨ ਲਈ 15 ਦਿਨਾ ਰਾਜ ਪੱਧਰੀ ਮੁਹਿੰਮ
ਚਲਾਉਣ ਲਈ ਆਖਿਆ
ਚੰਡੀਗੜ੍ਹ, 4 ਅਕਤਬੂਰ (ਭਾਰਤ ਸੰਦੇਸ਼ ਬਿਊਰੋ)- ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਮੁੱਖ ਸਕੱਤਰ ਤੇ ਆਪਣੇ ਪ੍ਰਮੁੱਖ ਸਕੱਤਰ ਨੂੰ ਆਖਿਆ ਕਿ ਸੂਬਾ ਭਰ ‘ਚ ਝੋਨੇ ਦੀ ਖਰੀਦ ਦੀ ਪ੍ਰਗਤੀ ਦਾ ਰੋਜ਼ਾਨਾ ਨਿਰੀਖਣ ਕਰਨ ਤਾਂ ਜੋ ਇਸ ਅਹਿਮ ਕਾਰਜ ਨੂੰ ਬਗੈਰ ਕਿਸੇ ਔਕੜ, ਤੇਜ਼ ਅਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਅੱਜ ਸਵੇਰੇ ਇੱਥੇ ਪੰਜਾਬ ਭਵਨ ਵਿਖੇ ਡਵੀਜ਼ਨਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ: ਬਾਦਲ ਨੇ ਮੁੱਖ ਸਕੱਤਰ, ਆਪਣੇ ਪ੍ਰਮੁੱਖ ਸਕੱਤਰ ਤੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਸਕੱਤਰ ‘ਤੇ ਅਧਾਰਿਤ ਤਿੰਨ ਮੈਂਬਰੀ ਕਮੇਟੀ ਕਾਇਮ ਕੀਤੀ ਜੋ ਨਿਰਵਿਘਨ ਖਰੀਦ ਦੇ ਨਾਲ ਨਾਲ ਮੰਡੀਆਂ ਤੋਂ ਝੋਨੇ ਦੀ ਛੇਤੀ ਚੁਕਾਈ ਬਾਰੇ ਡਿਪਟੀ ਕਮਿਸ਼ਨਰਾਂ ਪਾਸੋਂ ਜਾਣਕਾਰੀ ਲੈ ਕੇ ਸਥਿਤੀ ‘ਤੇ ਰੋਜ਼ਾਨਾ ਨਜ਼ਰ ਰੱਖਗੀ। ਉਨ੍ਹਾਂ ਨੇ ਮੁੱਖ ਸਕੱਤਰ ਨੂੰ ਆਖਿਆ ਕਿ ਉਹ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਸ: ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਲਗਾਤਾਰ ਰਾਬਤਾ ਬਣਾ ਕੇ ਉਨ੍ਹਾਂ ਨੂੰ ਖਰੀਦ ਪ੍ਰਕਿਰਿਆ ਦੀ ਤਾਜ਼ਾ ਪ੍ਰਗਤੀ ਬਾਰੇ ਜਾਣੂ ਕਰਵਾਉਣ। ਸ: ਬਾਦਲ ਨੇ ਮੁੱਖ ਸਕੱਤਰ ਨੂੰ ਇਹ ਵੀ ਆਖਿਆ ਕਿ ਡਿਪਟੀ ਕਮਿਸ਼ਨਰਾਂ ਨੂੰ ਸਿਰਫ ਖਰੀਦ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਾਸਤੇ ਲਾਇਆ ਜਾਵੇ ਉਨ੍ਹਾਂ ਨੂੰ ਉਸ ਸਮੇਂ ਤੱਕ ਬਾਕੀ ਪ੍ਰਸ਼ਾਸਨਿਕ ਕੰਮਾਂ ਦੇ ਬੋਝ ਤੋਂ ਮੁਕਤ ਕੀਤਾ ਜਾਵੇ।
ਖੁਰਾਕ ਤੇ ਸਿਵਲ ਸਪਲਾਈਜ਼ ਸਕੱਤਰ ਸ੍ਰੀ ਡੀ. ਐਸ. ਗਰੇਵਾਲ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਸਰਕਾਰੀ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੇ ਚੱਲ ਰਹੇ ਸੰਘਰਸ਼ ਨੂੰ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਦੇ ਨਿੱਜੀ ਦਖ਼ਲ ਸਦਕਾ ਅੱਜ ਸਵੇਰੇ ਸੁਖਾਵੇਂ ਢੰਗ ਨਾਲ ਹੱਲ ਕਰ ਲਿਆ ਗਿਆ ਹੈ ਜਿਨ੍ਹਾਂ ਨੇ ਅਲਾਟ ਕੀਤੀਆਂ ਮੰਡੀਆਂ ਵਿੱਚੋਂ ਕੱਲ੍ਹ ਤੋਂ ਖਰੀਦ ਕਾਰਜ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ। ਬਾਰਦਾਨੇ ਦੀ ਕਮੀ ਬਾਰੇ ਦੱਸਦਿਆਂ ਸ੍ਰੀ ਗਰੇਵਾਲ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਇਸ ਮਾਮਲੇ ਨੂੰ ਛੇਤੀ ਹੱਲ ਕਰ ਲਿਆ ਜਾਵੇਗਾ ਕਿਉਂਕਿ ਉਨ੍ਹਾਂ ਕੋਲ 135 ਲੱਖ ਮੀਟਰਕ ਟਨ ਦੇ ਅਨੁਮਾਨਿਤ ਟੀਚੇ ਦੇ ਮੁਕਾਬਲੇ 100 ਲੱਖ ਮੀਟਰਕ ਟਨ ਝੋਨੇ ਲਈ ਬਾਰਦਾਨੇ ਦਾ ਕਾਫੀ ਸਟਾਕ ਮੌਜੂਦ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਭਰੋਸਾ ਦਿੱਤਾ ਕਿ ਵਿਭਾਗ ਵੱਲੋਂ ਸਾਰੇ ਖਰੀਦ ਕੇਂਦਰਾਂ ਵਿੱਚ ਬਾਰਦਾਨੇ ਦੀ ਇਕਸਾਰ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਸ: ਕੈਰੋਂ ਸੂਬੇ ਵਿਚ ਝੋਨੇ ਦੇ ਭੰਡਾਰ ਲਈ ਰਾਈਸ ਮਿੱਲਰਾਂ ਨਾਲ ਵੱਖਰੇ ਤੌਰ ‘ਤੇ ਮੀਟਿੰਗ ਵੀ ਛੇਤੀ ਕੀਤੀ ਜਾਵੇਗੀ, ਜਿਸ ‘ਚ ਸਾਰੇ ਮਿੱਲ ਮਾਲਕਾਂ ਨਾਲ ਨਵੀਂ ਰਾਈਸ ਮਿਲਿੰਗ ਪਾਲਿਸੀ-2012-13 ਨੂੰ ਸਹੀ ਢੰਗ ਨਾਲ ਲਾਗੂ ਕਰਨ ਬਾਰੇ ਵਿਚਾਰ-ਚਰਚਾ ਕੀਤੀ ਜਾਵੇਗੀ। ਸ: ਬਾਦਲ ਨੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਸਕੱਤਰ ਨੂੰ ਹਦਾਇਤ ਕੀਤੀ ਕਿ ਫਿਰੋਜ਼ਪੁਰ ਵਿਚ ਝੋਨੇ ਦੀ ਚੁਕਾਈ, ਢੋਆ-ਢੁਆਈ ਤੇ ਮਿਲਿੰਗ ਦੇ ਮਾਮਲਿਆਂ ਨਾਲ ਨਜਿੱਠਣ ਲਈ ਖਰੀਦ ਪ੍ਰਕਿਰਿਆ ਮੁਕੰਮਲ ਹੋਣ ਤੱਕ ਵਿਸ਼ੇਸ਼ ਤੌਰ ‘ਤੇ ਇਕ ਡਿਪਟੀ ਡਾਇਰੈਕਟਰ ਤਾਇਨਾਤ ਕੀਤਾ ਜਾਵੇ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਆਖਿਆ ਕਿ ਖਰੀਦ ਪ੍ਰਬੰਧਾਂ ਦੀ ਨਿਗਰਾਨੀ ਲਈ ਵਧੀਕ ਡਾਇਰੈਕਟਰ ਦੇ ਸਿੱਧੀ ਕਮਾਂਡ ਹੇਠ 24 ਘੰਟੇ ਕੰਮ ਕਰਨ ਵਾਲਾ ਇਕ ਕੰਟਰੋਲ ਰੂਮ ਸਥਾਪਤ ਕੀਤਾ ਜਾਵੇ ਤਾਂ ਜੋ ਖਰੀਦ ਏਜੰਸੀਆਂ ਜਾਂ ਕਿਸਾਨਾਂ ਦੀ ਕਿਸੇ ਵੀ ਸ਼ਿਕਾਇਤ ਦਾ ਤੁਰੰਤ ਹੱਲ ਯਕੀਨੀ ਬਣਾਇਆ ਜਾ ਸਕੇ।
ਡਿਪਟੀ ਕਮਿਸ਼ਨਰਾਂ ਦੀ ਮੰਗ ਨਾਲ ਸਹਿਮਤੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਸੂਬੇ ਦੀਆਂ ਖਰੀਦ ਏਜੰਸੀਆਂ ਦੇ ਮੁਖੀਆਂ ਨੂੰ ਮੰਡੀਆਂ ਦੇ ਦੌਰੇ ਕਰਕੇ ਖਰੀਦ ਕਾਰਜਾਂ ਦਾ ਜਾਇਜ਼ਾ ਲੈਣ ਦੇ ਨਾਲ ਨਾਲ ਪ੍ਰਸ਼ਾਸਨ ਨੂੰ ਹੋਰ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਸਪੱਸ਼ਟ ਤੌਰ ‘ਤੇ ਆਖਿਆ ਕਿ ਉਹ ਵਧੀਕ ਡਿਪਟੀ ਕਮਿਸ਼ਨਰਾਂ (ਵਿਕਾਸ) ਨੂੰ ਨਿਰਦੇਸ਼ ਦੇਣ ਕਿ ਉਹ ਡੀ. ਡੀ. ਪੀ. ਓ. ਅਤੇ ਬੀ. ਡੀ. ਪੀ. ਓ. ਤੋਂ ਵਿਕਾਸ ਕਾਰਜਾਂ ਲਈ ਆਈਆਂ ਗਰਾਂਟਾਂ ਦੇ ਵਰਤੋਂ ਸਰਟੀਫਿਕੇਟ ਸਮੇਂ ਸਿਰ ਹਾਸਲ ਕਰਨ ਨੂੰ ਨਿਸਚਿਤ ਕਰਨ। ਨਾਲ ਹੀ ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਹ ਸਮਾਜ ਭਲਾਈ ਸਕੀਮਾਂ ਦੇ ਤਹਿਤ ਵੰਡੀਆਂ ਜਾਣ ਵਾਲੀਆਂ ਗਰਾਂਟਾਂ ਨੂੰ ਯੋਗ ਲਾਭਪਾਤਰੀ ਤੱਕ ਪਾਰਦਰਸ਼ੀ ਢੰਗ ਨਾਲ ਪਹੁੰਚਾਉਣ ਲਈ ਇਲੈਕਟ੍ਰਾਨਿਕ ਟਰਾਂਸਫਰ ਸਿਸਟਮ ਦੀ ਵਰਤੋਂ ਕਰਨ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਮਨਰੇਗਾ ਤਹਿਤ ਆਈਆਂ ਗਰਾਂਟਾਂ ਨਾਲ ਪਿੰਡਾਂ ਵਿਚ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣ ਦੇ ਨਿਰਦੇਸ਼ ਵੀ ਦਿੱਤੇ।
ਮਾਈਨਿੰਗ ਦੇ ਮੁੱਦੇ ‘ਤੇ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਕਿ ਉਹ ਇਹ ਮਾਮਲਾ ਤੁਰੰਤ ਸੁਲਝਾਉਣ ਤਾਂ ਕਿ ਹਾਲ ਹੀ ਮੰਤਰੀ ਮੰਡਲ ਵੱਲੋਂ ਪ੍ਰਵਾਨ ਕੀਤੀ ਨਵੀਂ ਮਾਈਨਿੰਗ ਨੀਤੀ ਤਹਿਤ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਛੋਟੇ ਖਣਿਜਾਂ ਜਿਨ੍ਹਾਂ ਵਿਚ ਬੱਜਰੀ ਤੇ ਰੇਤਾ ਸ਼ਾਮਿਲ ਹੈ, ਦੀ ਵਾਜਬ ਕੀਮਤਾਂ ‘ਤੇ ਸੌਖਿਆ ਤੇ ਲਗਾਤਾਰ ਸਪਲਾਈ ਯਕੀਨੀ ਬਣਾਈ ਜਾ ਸਕੇ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਉੱਪਰ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਸੂਬੇ ਤੋਂ ਕੈਂਸਰ ਰੋਗ ਤੇ ਨਸ਼ਿਆਂ ਜਿਹੀਆਂ ਅਲਾਮਤਾਂ ਨੂੰ ਜੜ੍ਹੋਂ ਪੁੱਟਣ ਲਈ ਸਰਗਰਮੀ ਨਾਲ ਕੰਮ ਕਰਨ ਅਤੇ ਇਸ ਸਮਾਜਿਕ ਕਾਰਜ ਲਈ ਆਮ ਲੋਕਾਂ ਨੂੰ ਵੀ ਨਾਲ ਜੋੜਿਆ ਜਾਵੇ।
ਮਾਲ ਵਿਭਾਗ ਵਿਚ ਮਾਲੀਏ ਦੀ ਚੋਰੀ ਨੂੰ ਰੋਕਣ ਅਤੇ ਪਾਰਦਰਸ਼ਤਾ, ਜੁਆਬਦੇਹੀ ਤੇ ਕੁਸ਼ਲਤਾ ਲਿਆਉਣ ਲਈ ਮਾਲ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਡਿਪਟੀ ਕਮਿਸ਼ਨਰਾਂ ਨੂੰ ਵਧੇਰੇ ਚੌਕਸੀ ਵਰਤਦੇ ਹੋਏ ਰੈਂਡਮ ਚੈਕਿੰਗ ਰਾਹੀਂ ਮਾਲੀਆ ਇਕੱਠਾ ਕਰਨ ਦੌਰਾਨ ਹੁੰਦੀਆਂ ਬੇਨਿਯਮੀਆਂ ਨੂੰ ਰੋਕਣ ਲਈ ਆਖਿਆ। ਸ: ਮਜੀਠੀਆ ਨੇ ਡਿਪਟੀ ਕਮਿਸ਼ਨਰਾਂ ਨੂੰ ਜ਼ਮੀਨ ਦੀ ਰਜਿਸਟਰੀ ਤੋਂ 15 ਦਿਨਾਂ ਦੇ ਵਿਚ-ਵਿਚ ਸਾਰੇ ਇਤਰਾਜ਼ਹੀਣ ਇੰਤਕਾਲ ਦਰਜ ਕਰਨ ਦੇ ਨਾਲ-ਨਾਲ ਇਸ ਦੀ ਕਾਪੀ ਸਬੰਧਤ ਪਾਰਟੀ ਨੂੰ ਰਜਿਸਟਰਡ ਪੋਸਟ ਰਾਹੀਂ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ।