ਬਰਨਾਲਾ, 15 ਨਵੰਬਰ 2012:– ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਹਿਯੋਗ ਲਿਖਾਰੀ ਸਭਾ (ਰਜਿ:) ਬਰਨਾਲਾ ਵੱਲੋਂ ਅੱਜ ਸ੍ਰੀ ਰਾਮ ਸਰੂਪ ਸੰਗੀਤ ਸਦਨ ਬਰਨਾਲਾ ਵਿੱਚ ਇੱਕ ਵਿਸ਼ਾਲ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੇ ਦੋ ਸੈਸ਼ਨ ਹੋਣਗੇ। ਪਹਿਲੇ ਸੈਸ਼ਨ ਦੀ ਪ੍ਰਧਾਨਗੀ ਮੈਂਬਰ ਪਾਰਲੀਮੈਂਟ ਵਿਜੈਇੰਦਰ ਸਿੰਗਲਾ ਵੱਲੋਂ ਕੀਤੀ ਜਾਏਗੀ, ਜਿਸ ਵਿੱਚ ਪੰਜਾਬੀ ਦੇ ਨਾਮਵਰ ਸਾਹਿਤਕਾਰਾਂ ਨੂੰ ਵੱਖ-ਵੱਖ ਸਾਹਿਤਕ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਇਸ ਸਾਲ ਦਾ ਹਰਨਾਮ ਦਾਸ ਸਹਿਰਾਈ ਪੁਰਸਕਾਰ ਚਰਚਿਤ ਨੌਜਵਾਨ ਲੇਖਕ ਨਿੰਦਰ ਘੁਗਿਆਣਵੀ ਨੂੰ,ਰਾਮ ਸਰੂਪ ਅਣਖੀ ਯਾਦਗਾਰੀ ਪੁਰਸਕਾਰ ਪ੍ਰਸਿੱਧ ਕਥਾਕਾਰ ਜਸਬੀਰ ਭੁੱਲਰ ਨੂੰ, ਉੱਘੇ ਵਿਅੰਗਕਾਰ ਕੇ ਐਲ ਗਰਗ ਨੂੰ ਫਿਕਰ ਤੌਂਸਵੀ ਪੁਰਸਕਾਰ, ਨਾਟਕਕਾਰ ਅਜਮੇਰ ਸਿੰਘ ਔਲਖ ਨੂੰ ਭਾਈ ਮੰਨਾ ਸਿੰਘ (ਗੁਰਸ਼ਰਨ ਸਿੰਘ ਪੁਰਸਕਾਰ), ਮਰਹੂਮ ਪੱਤਰਕਾਰ ਦਲਬੀਰ ਸਿੰਘ ਪੁਰਸਕਾਰ ਨਵਾਂ ਜ਼ਮਾਨਾ ਦੇ ਸਾਹਿਤ ਸੰਪਾਦਕ ਬਲਬੀਰ ਪਰਵਾਨਾ ਨੂੰ, ਪ੍ਰੀਤਮ ਸਿੰਘ ਰਾਹੀ ਪੁਰਸਕਾਰ ‘ਅੱਖਰ’ ਦੇ ਸੰਪਾਦਕ ਪ੍ਰਮਿੰਦਰਜੀਤ ਨੂੰ ਅਤੇ ਡਾ ਰਵਿੰਦਰ ਰਵੀ ਪੁਰਸਕਾਰ ਡਾ ਸੁਖਦੇਵ ਸਿੰਘ ਸਿਰਸਾ ਨੂੰ ਦਿੱਤਾ ਜਾਏਗਾ। ਪੰਜਾਬੀ ਸਾਹਿਤ ਦੀਆਂ ਸਮਕਾਲੀ ਪ੍ਰਸਥਿਤੀਆਂ ਬਾਰੇ ਡਾ. ਭੀਮਇੰਦਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਖੋਜ ਪੱਤਰ ਪੜ੍ਹਿਆ ਜਾਏਗਾ। ਸ਼ਾਮ ਦੇ ਦੂਜੇ ਸੈਸ਼ਨ ਵਿੱਚ ਸੂਫੀਆਨਾ ਗਾਇਕੀ ਦਰਬਾਰ ਹੋਵੇਗਾ। ਸੂਫੀ ਗਾੲਕਿ ਸੌਕਤ ਅਲੀ ਮਤੋਈ ਆਪਣੀ ਗਾਇਕੀ ਪੇਸ਼ ਕਰਨਗੇ। ਸ਼ਾਮ ਦੇ ਇਸ ਸੈਸ਼ਨ ਦੀ ਪ੍ਰਧਾਨਗੀ ਭਦੌੜ ਦੇ ਵਿਧਾਇਕ ਮੁਹੰਮਦ ਸਦੀਕ ਵੱਲੋਂ ਕੀਤੀ ਜਾਏਗੀ।