November 29, 2012 admin

ਮਾਤ ਭਾਸ਼ਾ ਤੇ ਮੀਡੀਆ ਚ ਚੁਣੌਤੀਆਂ ਤੇ ਸੰਭਾਵਨਾਵਾਂ ਵਿਸ਼ੇ ਤੇ ਸੈਮੀਨਾਰ

ਜਲੰਧਰ, 29 ਨਵੰਬਰ (ਸੁਮਿਤ ਦੁੱਗਲ):– ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ.ਟੀ.ਯੂ) ਵਿਖੇ ਮਾਤ  ਭਾਸ਼ਾ ਤੇ ਮੀਡੀਆ ਚ’ ਚੁਣੌਤੀਆਂ ਤੇ ਸੰਭਾਵਨਾਵਾਂ ਵਿਸ਼ੇ ਤੇ ਸੈਮੀਨਾਰ ਕਰਵਾਇਆ  ਗਿਆ। ਜਿਸ .ਚ ਮੀਡੀਆ, ਸਿੱਖਿਆ ਤੇ ਬੁੱਧੀਜੀਵੀ ਵਰਗ ਦੇ ਨਾਲ ਜੁੜੀਆਂ ਕਈ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜੋਗਿੰਦਰ ਸਿੰਘ ਪੁਆਰ ਨੇ ਸ਼ਿਰਕਤ ਕੀਤੀ।  

ਇਨ੍ਹਾਂ ਦੇ ਇਲਾਵਾ ਸ਼ ਜਨਮੇਜਾ ਸਿੰਘ ਜੌਹਲ, ਸ੍ਰੀ ਸਤਨਾਮ ਸਿੰਘ ਮਾਣਕ ਕਾਰਜਕਾਰੀ  ਸੰਪਾਦਕ ਅਜੀਤ ਪ੍ਰਕਾਸ਼ਨ ਸਮੂਹ, ਪੱਤਰਕਾਰ ਸ਼ਿੰਗਾਰਾ ਸਿੰਘ ਭੁੱਲਰ, ਡਾ. ਕਮਲੇਸ਼ ਸਿੰਘ ਦੁੱਗਲ ਮੁੱਖੀ ਪੱਤਰਕਾਰੀ ਵਿਭਾਗ ਰਿਜ਼ਨਲ ਕੈਂਪਸ ਲੱਧੇਵਾਲੀ ਤੇ ਐਸ਼ ਐਸ਼ ਸੰਘਾ ਨੇ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਇਨ੍ਹਾਂ ਸਾਰਿਆਂ ਦਾ ਸਵਾਗਤ ਉਪ-ਕੁਲਪਤੀ ਡਾ. ਰਜਨੀਸ਼ ਅਰੋੜਾ ਵੱਲੋਂ ਕੀਤਾ ਗਿਆ।

ਇਸ ਮੌਕੇ ਆਪਣੇ ਸੰਬੋਧਨ ਚ  ਜਨਮੇਜਾ ਸਿੰਘ ਜੌਹਲ ਨੇ ਕਿਹਾ ਕਿ ਕਿਸੇ ਵੀ ਸੂਬੇ ਦੀ ਭਾਸ਼ਾ ਦਾ  ਟੈਕਨਾਲੋਜੀ ਤੇ ਖ਼ਾਸ ਕਰਕੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ  ਸਾਨੂੰ ਸਾਰਿਆਂ ਨੂੰ ਮਿਲਕੇ ਹੰਬਲਾ ਮਾਰਨ ਦੀ ਲੋੜ ਹੈ।
            ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਹਿੰਦੁਸਤਾਨ ਇੱਕ ਬਹੁ-ਕੌਮੀ ਦੇਸ਼ ਹੈ, ਇੱਥੇ ਵੱਖ-ਵੱਖ ਧਰਮਾਂ, ਜ਼ੁਬਾਨਾਂ ਦੇ ਲੋਕ   ਇਕੱਠੇ ਰਹਿੰਦੇ ਹਨ। ਅਜਿਹੇ ਵਿਚ ਆਪਣੀ ਜੁਬਾਨ ਨੂੰ ਅਹਿਮੀਅਤ ਦੇਣੀ ਲਾਜ਼ਮੀ ਬਣਦੀ   ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੰਜਾਬੀ ਜ਼ੁਬਾਨ ਘਰ ਤੇ ਚੌਗਿਰਦੇ ਵਿਚ  ਜ਼ਰੂਰ ਅਪਨਾਉਣੀ ਚਾਹੀਦੀ ਹੈ।
            ਪੱਤਰਕਾਰ ਸ਼ਿੰਗਾਰਾ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਵਰਤਮਾਨ ਸਮੇਂ ਵਿਚ ਆਸ਼ਾ ਤੇ ਨਿਰਾਸ਼ਾ ਦੇ ਦੌਰ ਚੋਂ ਲੰਘ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ  ਵੱਲੋਂ ਵੀ ਇਸ ਨੂੰ ਮਾਤ ਭਾਸ਼ਾ ਦਾ ਤਾਂ ਐਲਾਨ ਦਿੱਤਾ ਗਿਆ ਹੈ ਪਰ ਇਸ ਨੂੰ ਲਾਗੂ  ਨਾ ਕਰਨ ਵਾਲੇ ਵਿਰੁੱਧ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ ਕਰਕੇ ਪੰਜਾਬੀ  ਭਾਸ਼ਾ ਨੂੰ ਲੋਕਾਂ ਵੱਲੋਂ ਅਣਗੌਲਿਆਂ ਕੀਤਾ ਜਾ ਰਿਹਾ ਹੈ।
            ਡਾ. ਕਮਲੇਸ਼ ਸਿੰਘ ਦੁੱਗਲ ਨੇ ਭਾਸ਼ਾ ਦੇ ਵਿਕਾਸ ਤੇ ਚਰਚਾ ਕਰਦੇ ਹੋਏ ਕਿਹਾ ਕਿ  ਪੰਜਾਬੀ ਦਾ ਭਾਸ਼ਾ ਵੱਜੋਂ ਵਿਕਾਸ ਹੋ ਰਿਹਾ ਹੈ, ਪਰ ਸਰਬੱਤ ਕਾਰਜ ਪੰਜਾਬੀ ਵਿਚ ਤੇ   ਭਾਸ਼ਾ ਦੇ ਅੰਦਰੂਨੀ ਵਿਕਾਸ ਉਪਰ ਕਾਰਸ਼ੀਲ ਹੋਣ ਦੀ ਲੋੜ ਅਜੇ ਵੀ ਹੈ। ਡਾ. ਐਸ਼ ਐਸ  ਸੰਘਾ ਨੇ ਕਿਹਾ ਕਿ ਕੋਈ ਵੀ ਮੁਲਕ ਆਪਣੀ ਜ਼ੁਬਾਨ ਤੋਂ ਬਿਨਾਂ ਤਰੱਕੀ ਨਹੀਂ ਕਰ ਸਕਦਾ। ਡਾ. ਹਰਮੋਹਿੰਦਰ ਸਿੰਘ ਬੇਦੀ ਵੱਲੋਂ ਪੰਜਾਬੀ ਅਨੁਵਾਦ ਬਾਰੇ ਗੱਲ ਕੀਤੀ  ਗਈ।
            ਮੁੱਖ ਮਹਿਮਾਨ ਡਾ. ਜੋਗਿੰਦਰ ਸਿੰਘ ਪੁਆਰ ਵੱਲੋਂ ਯੂਨੀਵਰਸਿਟੀਆਂ ਐਕਟ ਦਾ  ਹਵਾਲਾ ਦਿੰਦੇ ਹੋਏ ਦੱਸਿਆ ਕਿ ਇਸ ਐਕਟ ਦੇ ਵਿਚ ਭਾਸ਼ਾ ਦਾ ਵਿਕਾਸ ਕਰਨ ਦੀ  ਜ਼ਿੰਮੇਵਾਰੀ ਦੀ ਗੱਲ ਕਹੀ ਗਈ ਹੈ, ਪਰ ਹਾਲੇ ਇਸ ਗੱਲ ਨੂੰ ਅਮਲੀ ਰੂਪ ਦੇਣ ਦੀ ਲੋੜ   ਹੈ। ਉਨ੍ਹਾਂ ਯੂਨੀਵਰਸਿਟੀਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਪਾਸੇ ਧਿਆਨ  ਦੇਣ ਲਈ ਕਿਹਾ।
            ਉਪ-ਕੁਲਪਤੀ (ਪੀ.ਟੀ.ਯੂ) ਡਾ. ਰਜਨੀਸ਼ ਅਰੋੜਾ ਨੇ ਪੰਜਾਬੀ ਭਾਸ਼ਾ ਦੇ ਪਸਾਰ ਲਈ ਹਰ ਤਰ੍ਹਾਂ ਦੀ ਸਹਾਇਤਾ ਦੀ ਗੱਲ ਕਹੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਏ ਹੋਏ  ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਵੀ ਕੀਤਾ।

Translate »