November 30, 2012 admin

ਪੰਜਾਬ ਦੇ ਪਿੰਡਾਂ ਦੇ ਯੋਜਨਾਬੱਧ ਵਿਕਾਸ ਤੇ 10 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ-ਰੱਖੜਾ

ਅਮਲੋਹ (ਫਤਹਿਗੜ੍ਹ ਸਾਹਿਬ), 29 ਨਵੰਬਰ 2012:– ਪੰਜਾਬ ਦੇ ਸਾਰੇ ਪਿੰਡਾਂ ਦਾ ਯੋਜਨਾਬੱਧ ਢੰਗ ਨਾਲ ਸਮੁੱਚਾ ਵਿਕਾਸ ਕਰਨ ਲਈ ਇੱਕ ਵਿਆਪਕ ਯੋਜਨਾ ਬਣਾਈ ਜਾ ਰਹੀ ਹੈ ਜਿਸ ਤਹਿਤ ਪਿੰਡਾਂ ਦੇ ਸਮੂਹਿਕ ਵਿਕਾਸ ਤੇ ਆਉਂਦੇ ਸਮੇਂ 10 ਹਜ਼ਾਰ ਕਰੋੜ ਰੁਪਏ ਖਰਚੇ ਜਾਣਗੇ। ਇਸ ਯੋਜਨਾ ਤਹਿਤ ਪਿੰਡਾਂ ਦੇ ਨਾਗਰਿਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਪਿੰਡਾਂ ਦੀਆਂ ਸਾਰੀਆਂ ਗਲੀਆਂ ਨਾਲੀਆਂ ਅੱਗੇ ਤੋਂ ਆਰ.ਸੀ.ਸੀ. ਵਿਛਾ ਕੇ  ਹੀ ਪੱਕੀਆਂ ਕੀਤੀਆਂ ਜਾਣਗੀਆਂ । ਸਮੁੱਚੇ ਪਿੰਡਾਂ ਦਾ ਨਕਸ਼ਾ ਬਣਾ ਕੇ ਲੋੜ ਮੁਤਾਬਕ ਪੀਣ ਵਾਲੇ ਪਾਣੀ, ਗੰਦੇ ਪਾਣੀ ਦੀ ਨਿਕਾਸੀ  ਅਤੇ ਟੈਲੀਫੋਨ ਦੀਆਂ ਤਾਰਾਂ ਪਾਉਣ ਲਈ ਗਲੀਆਂ ਨਾਲੀਆਂ ਪੱਕੀਆਂ ਕਰਨ ਤੋਂ ਪਹਿਲਾਂ ਹੀ ਪਾਈਪ ਪਾਏ ਜਾਣਗੇ। ਇਹ ਜਾਣਕਾਰੀ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰ; ਸੁਰਜੀਤ ਸਿੰਘ ਰੱਖੜਾ ਨੇ ਅਮਲੋਹ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਮਨਰੇਗਾ ਸਕੀਮ ਅਧੀਨ ਉਸਾਰੇ ਗਏ ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ ਦਾ ਉਦਘਾਟਨ ਕਰਨ ਉਪਰੰਤ ਪਿੰਡਾਂ ਦੇ ਪੰਚਾਂ ਸਰਪੰਚਾਂ ਦੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤੀ।

                ਸ੍ਰ: ਰੱਖੜਾ ਨੇ ਆਖਿਆ ਕਿ ਪਿੰਡਾਂ ਦੇ ਸਮੁੱਚੇ ਵਿਕਾਸ ਕਾਰਜਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਅਜਿਹੀ ਸਕੀਮ ਬਣਾਈ ਗਈ ਹੈ ਜਿਸ ਤਹਿਤ ਵਿਕਾਸ ਕਾਰਜਾਂ ਨਾਲ ਜੁੜੇ ਹੇਠਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਅਧਿਕਾਰੀਆਂ ਦੀ ਸਬੰਧਤ ਵਿਕਾਸ ਕਾਰਜਾਂ ਦੀ ਗੁਣਵੱਤਾ ਅਤੇ ਦੇਖ ਰੇਖ ਲਈ ਜਿੰਮੇਵਾਰੀ ਨਿਸ਼ਚਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰੇਕ ਵਿਕਾਸ ਕਾਰਜ ਦਾ ਹਰ ਤਿੰਨ ਮਹੀਨੇ ਬਾਅਦ ਵਰਤੋਂ ਸਰਟੀਫਿਕੇਟ ਲਿਆ ਜਾਵੇਗਾ ਤਾਂ ਜੋ ਹੋ ਰਹੇ ਵਿਕਾਸ ਕਾਰਜ ਦਾ ਸਮੇਂ ਸਮੇਂ ਤੇ ਨਰੀਖਣ ਕੀਤਾ ਜਾ ਸਕੇ ਅਤੇ ਗਰਾਟਾਂ ਦੀ ਸਹੀ ਵਰਤੋਂ ਦੀ ਜਾਂਚ ਕੀਤੀ ਜਾ ਸਕੇ। ਇਸ ਤੋਂ ਇਲਾਵਾ ਸਾਰੀਆਂ ਪੰਚਾਇਤਾਂ ਨੂੰ ਆਨ ਲਾਈਨ ਸਿਸਟਮ ਰਾਹੀਂ ਸਿੱਧੀਆਂ ਵਿਕਾਸ ਕਾਰਜਾਂ ਲਈ ਗਰਾਟਾਂ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਕਰਵਾਈਆਂ ਜਾਣਗੀਆਂ ਅਤੇ ਹਰੇਕ ਪੰਚਾਇਤ ਦੇ ਰਿਕਾਰਡ ਦਾ 6 ਮਹੀਨੇ ਬਾਅਦ ਆਡਿਟ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰੇ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਵੇਰਵਾ ਆਨ ਲਾਈਨ ਕੀਤਾ ਜਾਵੇਗਾ ਅਤੇ ਪਿੰਡਾਂ ਵਿੱਚ ਹੋਏ ਵਿਕਾਸ ਕਾਰਜਾਂ, ਚੱਲ ਰਹੇ ਵਿਕਾਸ ਕਾਰਜਾਂ ਅਤੇ ਭਵਿੱਖ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦੇਣ ਵਾਲੇ ਸੂਚਨਾ ਬੋਰਡ ਲਗਾਏ ਜਾਣਗੇ ਤਾਂ ਜੋ ਪਿੰਡ ਦਾ ਹਰੇਕ ਨਾਗਰਿਕ ਪਿੰਡਾਂ ਦੇ ਵਿਕਾਸ ਸਬੰਧੀ ਜਾਣਕਾਰੀ ਹਾਸਲ ਕਰ ਸਕੇ।

                ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਪਿੰਡਾਂ ਦੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਹਰੇਕ ਪਿੰਡ ਦਾ ਸਮੁੱਚਾ ਵਿਕਾਸ  ਯਕੀਨੀ ਬਣਾਇਆ ਜਾਵੇਗਾ ਅਤੇ ਕਿਸੇ ਵੀ ਵਿਕਾਸ ਕਾਰਜ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਗੁੱਟਬਾਜੀ ਤੋਂ ਉੱਪਰ ਉੱਠ ਕੇ ਸਰਬਸੰਮਤੀ ਨਾਲ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ। ਉਨ੍ਹਾਂ ਆਖਿਆ ਕਿ ਪੰਜਾਬੀਆਂ ਦੇ ਮਿਹਨਤੀ ਹੋਣ ਕਰਕੇ ਉਨ੍ਹਾਂ ਦੀ ਸਮੁੱਚੇ ਵਿਸ਼ਵ ਵਿੱਚ ਇੱਕ ਵੱਖਰੀ ਪਹਿਚਾਣ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਸੀ ਗੁੱਟਬਾਜੀ ਤੋਂ ਉੱਪਰ ਉੱਠ ਕੇ ਇੱਕ ਜੁੱਟ ਹੋ ਕੇ ਪੰਜਾਬ ਨੂੰ ਵਿਕਾਸ ਦੀਆਂ ਸਿਖਰਾਂ ਤੇ ਪਹੁੰਚਾਉਣ ਲਈ ਤਨਦੇਹੀ ਨਾਲ ਕੰਮ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਉਲੀਕੀਆਂ ਗਈਆਂ ਵਿਕਾਸ ਅਤੇ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ। ਉਨ੍ਹਾਂ ਇਸ ਮੌਕੇ ਅਮਲੋਹ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਾਲੀ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ। ਇਸ ਸਮਾਗਮ ਨੂੰ ਹਲਕੇ ਦੇ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ੍ਰ: ਜਗਦੀਪ ਸਿੰਘ ਚੀਮਾ, ਮੈਂਬਰ ਵਰਕਿੰਗ ਕਮੇਟੀ ਸ੍ਰੋਮਣੀ ਅਕਾਲੀ ਦਲ ਸ੍ਰ: ਰਣਧੀਰ ਸਿੰਘ ਭਾਂਬਰੀ ਅਤੇ ਸ੍ਰ: ਗੁਰਪ੍ਰੀਤ ਸਿੰਘ ਰਾਜੂ ਖੰਨਾ ਪ੍ਰਧਾਨ ਐਸ.ਓ.ਆਈ. ਨੇ ਹਲਕੇ ਦੇ ਵਿਕਾਸ ਕਾਰਜਾਂ ਅਤੇ ਸਮੱਸਿਆਵਾਂ ਤੋਂ ਮੰਤਰੀ ਨੂੰ ਜਾਣੂ ਕਰਵਾਇਆ। ਇਸ ਸਮਾਗਮ ਨੂੰ ਬੀ.ਜੇ.ਪੀ.ਆਗੂ ਸ੍ਰੀ ਰਾਜਪਾਲ ਗਰਗ ਅਤੇ ਉੱਪ ਚੇਅਰਮੈਨ ਬਲਾਕ ਸੰਮਤੀ ਸ੍ਰ: ਪਰਮਜੀਤ ਸਿੰਘ ਖਨਿਆਣ ਨੇ ਵੀ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਬੀ.ਜੇ.ਪੀ. ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਾਕੇਸ਼ ਕੁਮਾਰ ਗੁਪਤਾ, ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਵਿੱਕੀ ਮਿੱਤਲ, ਸ੍ਰੀਮਤੀ ਰਾਜਿੰਦਰ ਕੌਰ ਸਲਾਣਾ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ, ਚੇਅਰਪਰਸਨ ਬਲਾਕ ਸੰਮਤੀ ਸ੍ਰੀਮਤੀ ਮਨਿੰਦਰ ਕੌਰ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸ੍ਰੀਮਤੀ ਸੁਰਜੀਤ ਕੌਰ, ਮੁਲਾਜਮ ਆਗੂ ਸ੍ਰ: ਕਰਮਜੀਤ ਸਿੰਘ ਭਗੜਾਣਾ,ਸ੍ਰ: ਗੁਰਚਰਨ ਸਿੰਘ ਚਲੈਲਾ, ਸ੍ਰ: ਜੈ ਸਿੰਘ ਡਕਾਲਾ,ਸ੍ਰ: ਹਰੀ ਸਿੰਘ ਵਿਰਕ,ਸ੍ਰ: ਅਮਰ ਸਿੰਘ ਮਾਜਰਾ, ਸ੍ਰ: ਦਵਿੰਦਰ ਸਿੰਘ ਸਲਾਣਾ, ਸ੍ਰ: ਬਲਤੇਜ ਸਿੰਘ ਮਹਿਮੂਦਪੁਰ, ਸ੍ਰ: ਸੁਰਿੰਦਰ ਸਿੰਘ, ਸ੍ਰ: ਦਰਸ਼ਨ ਸਿੰਘ ਚੀਮਾ, ਸ੍ਰ: ਕਰਮਜੀਤ ਸਿੰਘ ਰੱਖੜਾ, ਏ.ਡੀ.ਸੀ. ਵਿਕਾਸ ਸ੍ਰ: ਬਲਜੀਤ ਸਿੰਘ ਸੰਧੂ, ਖੇਤਰੀ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਸ੍ਰ: ਪੁਸ਼ਪਿੰਦਰ ਸਿੰਘ ਗਰੇਵਾਲ, ਡੀ.ਡੀ.ਪੀ.ਓ. ਸ੍ਰ: ਦਲਜੀਤ ਸਿੰਘ ਵਿਰਕ, ਸੈਕਟਰੀ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਸੰਜੀਵ ਗਰਗ, ਐਕਸੀਅਨ ਸ੍ਰੀ ਰਮਨ ਕੁਮਾਰ, ਬੀ.ਡੀ.ਪੀ.ਓ. ਸ੍ਰ: ਨਰਪਿੰਦਰ ਸਿੰਘ ਗਰੇਵਾਲ, ਸ੍ਰ: ਦਰਸ਼ਨ ਸਿੰਘ, ਸ੍ਰ: ਜੋਰਾ ਸਿੰਘ, ਸ੍ਰ: ਇਕਬਾਲ ਸਿੰਘ ਅੰਨ੍ਹੀਆਂ, ਕੈਪਟਨ ਜਸਵੰਤ ਸਿੰਘ ਬਾਜਵਾ, ਸ੍ਰ: ਕਾਹਨ ਸਿੰਘ ਝੰਬਾਲਾ, ਸ੍ਰ: ਮਲਕੀਤ ਸਿੰਘ ਮਾਨਗੜ੍ਹ, ਸ੍ਰ: ਸਿਮਰਨਜੀਤ ਸਿੰਘ ਅਤੇ ਡਾਕਟਰ ਜੰਸਵੰਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਅਤੇ ਪਿੰਡਾਂ ਦੇ ਪੰਚ ਅਤੇ ਸਰਪੰਚ ਵੀ ਸ਼ਾਮਲ ਹੋਏ।      

ਨੰ: ਲਸਫ (ਪ੍ਰੈ:ਰੀ:)-657

 

ਫੋਟੋ ਕੈਪਸ਼ਨ

        ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰ: ਸੁਰਜੀਤ ਸਿੰਘ ਰੱਖੜਾ ਅਮਲੋਹ ਵਿਖੇ ਮਨਰੇਗਾ ਸਕੀਮ ਅਧੀਨ 25 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ ਦਾ ਉਦਘਾਟਨ ਕਰਦੇ ਹੋਏ। ਉਨ੍ਹਾਂ ਦੇ ਨਾਲ ਹਲਕਾ ਇੰਚਾਰਜ ਸ੍ਰ: ਜਗਦੀਪ ਸਿੰਘ ਚੀਮਾਂ, ਸ੍ਰ: ਰਣਧੀਰ ਸਿੰਘ ਭਾਂਬਰੀ ,ਸ੍ਰੀਮਤੀ ਰਾਜਿੰਦਰ ਕੌਰ ਸਲਾਣਾ ਅਤੇ ਸ੍ਰ: ਗੁਰਪ੍ਰੀਤ ਸਿੰਘ ਰਾਜੂ ਖੰਨਾ ਵੀ ਦਿਖਾਈ ਦੇ ਰਹੇ  ਹਨ।

Translate »