December 1, 2012 admin

ਆਸਟ੍ਰੇਲੀਆ ‘ਚ ਪੰਜਾਬੀ ਵਿਦਿਆਰਥੀਆਂ ਦਾ ਹੁਣ ਤੱਕ ਦਾ ਸਫ਼ਰ

ਕਰਨ ਬਰਾੜ (ਐਡੀਲੇਡ)

ਆਸਟ੍ਰੇਲੀਆ ਤਕਰੀਬਨ ਸਾਰਾ ਹੀ ਬਾਹਰਲੇ ਮੁਲਕਾਂ ਤੋਂ ਆ ਕੇ ਵਸੇ ਹੋਏ ਲੋਕਾਂ ਦਾ ਦੇਸ਼ ਹੈ। ਜਿਸ ਨੂੰ ਇੰਗਲੈਂਡ ਤੋਂ ਆਏ ਕੈਦੀਆਂ ਨੇ ਆਸਟ੍ਰੇਲੀਅਨ ਮੂਲ ਦੇ ਐਬਰੋਜੀਨਲ ਲੋਕਾਂ ਨੂੰ ਖਦੇੜ ਕੇ ਵਸਾਇਆ ਸੀ। ਇਹ ਕੈਦੀ ਸਮੁੰਦਰ ਰਾਹੀਂ ਇੱਥੇ ਲਿਆਂਦੇ ਗਏ। ਉਨ੍ਹਾਂ ਸਮੁੰਦਰ ਕਿਨਾਰੇ ਹੀ ਸ਼ਹਿਰਾਂ ਨੂੰ ਵਸਾਇਆ ਅਤੇ ਹੌਲੀ ਹੌਲੀ ਇੱਥੇ ਜ਼ਿੰਦਗੀ ਸ਼ੁਰੂ ਕਰ ਕੇ ਆਪਣਾ ਜੀਵਨ ਨਿਰਬਾਹ ਸ਼ੁਰੂ ਕੀਤਾ ਸੀ। ਇਸ ਤਰਾਂ ਆਸਟ੍ਰੇਲੀਆ ਇੰਗਲੈਂਡ ਦੇ ਅਧੀਨ ਹੋ ਕੇ ਦੁਨੀਆ ਦੇ ਨਕਸ਼ੇ ਤੇ ਉੱਭਰਨਾ ਸ਼ੁਰੂ ਹੋਇਆ। ਸ਼ੁਰੂ ਵਿਚ ਸਿਰਫ਼ ਗੋਰੇ ਲੋਕ ਹੀ ਆਸਟ੍ਰੇਲੀਆ ਆ ਸਕਦੇ ਸਨ ਬਾਕੀ ਹੋਰ ਲੋਕਾਂ ਨੂੰ ਆਸਟ੍ਰੇਲੀਆ ਦਾ ਵੀਜ਼ਾ ਬਹੁਤ ਮੁਸ਼ਕਿਲ ਨਾਲ ਮਿਲਦਾ ਸੀ। ਪਰ ਜਦੋਂ ਹੌਲੀ ਹੌਲੀ ਵੀਜ਼ੇ ਦੀਆਂ ਸ਼ਰਤਾਂ ਨਰਮ ਹੋਈਆਂ ਤਾਂ ਸਾਰੇ ਮੁਲਕਾਂ ਤੋਂ ਭਾਂਤ ਭਾਂਤ ਨਸਲਾਂ ਦੇ ਗੋਰੇ, ਕਾਲੇ, ਏਸ਼ੀਅਨ ਅਤੇ ਯੂਰਪੀਅਨ ਦੇਸ਼ਾਂ ਤੋਂ ਇਲਾਵਾ ਪੰਜਾਬੀ ਵੀ ਇੱਥੇ ਆਉਣੇ ਸ਼ੁਰੂ ਹੋ ਗਏ। ਜਿੱਥੇ ਪੰਜਾਬੀਆਂ ਨੇ ਹੋਰ ਕੰਮਾਂ ਤੋਂ ਇਲਾਵਾ ‘ਹਾਕਰ’ ਵਜੋਂ ਘਰਾਂ ਵਿੱਚ ਔਰਤਾਂ ਦੇ ਕੱਪੜੇ, ਚੂੜੀਆਂ, ਮੇਕਅਪ ਆਦਿ ਦਾ ਸਮਾਨ ਵੇਚਣਾ ਸ਼ੁਰੂ ਕੀਤਾ। ਜਿਸ ਰਾਹੀ ਇਹਨਾਂ ਨੇ ਗੋਰੇ ਲੋਕਾਂ ਵਿੱਚ ਬਹੁਤ ਇੱਜ਼ਤ ਅਤੇ ਮਾਣ ਹਾਸਲ ਕੀਤਾ, ਓਥੇ ਕਈ ਪੰਜਾਬੀ ਚੋਰੀ ਛੁਪੇ ਨਜਾਇਜ਼ ਢੰਗ ਨਾਲ ਵੀ ਸਮੁੰਦਰਾਂ ਦੇ ਰਸਤੇ ਇੱਥੇ ਆਏ, ਜੋ ਬਾਅਦ ਵਿੱਚ ਆਸਟ੍ਰੇਲੀਆ ਸਰਕਾਰ ਨੇ ਰਹਿਮ ਦੇ ਆਧਾਰ ਤੇ ਪੱਕੇ ਕਰ ਦਿੱਤੇ।
 
ਨੱਬ੍ਹਿਆਂ ਦੇ ਦਹਾਕੇ ਵਿੱਚ ਆਸਟ੍ਰੇਲੀਅਨ ਸਰਕਾਰ ਨੇ ਆਪਣੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਕੁੱਝ ਨਵੀਆਂ ਯੋਜਨਾਵਾਂ ਬਣਾਈਆਂ ਸਨ। ਇਸੇ ਦੇ ਤਹਿਤ ਜਦੋਂ ਆਸਟ੍ਰੇਲੀਆ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਆਪਣੇ ਵੀਜ਼ੇ ਖੋਲ੍ਹ ਦਿੱਤੇ ਤਾਂ ਇੱਥੇ ਹੋਰ ਮੁਲਕਾਂ ਤੋਂ ਇਲਾਵਾ ਵੱਡੀ ਗਿਣਤੀ ਇੰਡੀਆ ਤੋਂ ਆਏ ਹੋਏ ਵਿਦਿਆਰਥੀਆਂ ਦੀ ਸੀ। ਜਿਸ ਵਿੱਚ ਬਿਨਾਂ ਸ਼ੱਕ ਬਾਹਰਲੇ ਮੁਲਕਾਂ ਨੂੰ ਜਾਣ ਲਈ ਮੋਹਰੀ ਪੰਜਾਬੀ ਵੀ ਸ਼ਾਮਲ ਸਨ, ਜੋ ਮਹਿੰਗੀਆਂ ਫ਼ੀਸਾਂ ਭਰ ਕੇ ਇੱਥੇ ਆਏ। ਜਦੋਂ ਪੰਜਾਬੀ ਵਿਦਿਆਰਥੀ ਆਸਟ੍ਰੇਲੀਆ ਆਉਣੇ ਸ਼ੁਰੂ ਹੋਏ ਤਾਂ ਉਸ ਵੇਲੇ ਪੰਜਾਬ ਵਿੱਚ ਅਖ਼ਬਾਰਾਂ ਦੇ ਪੰਨੇ ਆਸਟ੍ਰੇਲੀਆ ਲਈ ਵਰ ਅਤੇ ਕੰਨਿਆ ਲੱਭਣ ਵਾਲੇ ਇਸ਼ਤਿਹਾਰਾਂ ਨਾਲ ਭਰੇ ਹੁੰਦੇ ਸਨ, ਕਿ ਸਾਢੇ ਪੰਜ ਬੈਂਡ ਲੜਕੀ ਲਈ ਪੰਦਰਾਂ ਦਿਨਾਂ ਦੇ ਵਿੱਚ-ਵਿੱਚ ਆਸਟ੍ਰੇਲੀਆ ਜਾਣ ਦੇ ਚਾਹਵਾਨ ਲੜਕੇ ਦੀ ਲੋੜ ਹੈ। ਵਿਆਹ ਅਤੇ ਆਸਟ੍ਰੇਲੀਆ ਜਾਣ ਦਾ ਖ਼ਰਚਾ ਲੜਕੇ ਵਾਲੇ ਦਾ ਹੋਵੇਗਾ ਜਾਂ ਛੇ ਬੈਂਡ ਲੜਕੀ ਲਈ ਨਕਲੀ ਵਿਆਹ ਕਰਨ ਵਾਲੇ ਲੜਕੇ ਦੀ ਲੋੜ ਹੈ, ਜੋ ਜਾਣ ਅਤੇ ਓਥੇ ਰਹਿਣ ਦਾ ਖ਼ਰਚਾ ਕਰ ਸਕੇ, ਕੋਈ ਜਾਤੀ ਬੰਧਨ ਨਹੀਂ ਹੈ। ਉਸ ਵੇਲੇ ਬਹੁਤੇ ਪੰਜਾਬੀਆਂ ਨੂੰ ਇੱਥੋਂ ਦੇ ਦੋ ਤਿੰਨ ਸ਼ਹਿਰਾਂ ਤੋਂ ਇਲਾਵਾ ਆਸਟ੍ਰੇਲੀਆ ਬਾਰੇ ਬਹੁਤੀ ਜਾਣਕਾਰੀ ਵੀ ਨਹੀਂ ਸੀ। ਬੱਸ ਜਹਾਜ਼ਾਂ ਦੇ ਜਹਾਜ਼ ਪੰਜਾਬੀਆਂ ਦੇ ਭਰੇ ਆਉਂਦੇ ਅਤੇ ਇਸ ਵਿਸ਼ਾਲ ਮੁਲਕ ਵਿੱਚ ਸਮਾ ਜਾਂਦੇ। ਕਿਸੇ ਨੂੰ ਪਹਿਲਾਂ ਆਏ ਦੋਸਤਾਂ ਨੇ ਸਾਂਭ ਲਿਆ ਤੇ ਕਿਸੇ ਨੂੰ ਗੁਰਦੁਆਰਿਆਂ ਨੇ।

ਭਾਵੇਂ ਆਸਟ੍ਰੇਲੀਆ ਬਹੁਤ ਹੀ ਵਿਸ਼ਾਲ ਦੇਸ਼ ਹੈ ਪਰ ਇਸ ਦੀ ਵਸੋਂ ਬਹੁਤ ਘੱਟ ਹੈ ਭਾਵ ਗਿਣਤੀ ਦੇ ਸ਼ਹਿਰਾਂ ਵਿੱਚ ਹੀ ਸਮਾਈ ਹੋਈ ਹੈ। ਕਿਸੇ ਵੀ ਸ਼ਹਿਰ ਤੋਂ ਚਾਲੀ ਪੰਜਾਹ ਕਿੱਲੋਮੀਟਰ ਦੂਰ ਚਲੇ ਜਾਓ ਲਗਭਗ ਅੱਗੇ ਜੰਗਲ ਜਾਂ ਉਜਾੜ ਇਲਾਕਾ ਸ਼ੁਰੂ ਹੋ ਜਾਂਦਾ ਹੈ। ਜਦੋਂ ਆਸਟ੍ਰੇਲੀਆ ਵਿੱਚ ਪੰਜਾਬੀ ਵਿਦਿਆਰਥੀ ਧੜਾਧੜ ਆਉਣੇ ਸ਼ੁਰੂ ਹੋਏ ਤਾਂ ਉਨ੍ਹਾਂ ਪਹਿਲਾਂ ਇੱਥੋਂ ਦੇ ਵੱਡੇ ਸ਼ਹਿਰ ਭਰੇ ਅਤੇ ਫਿਰ ਰੁਖ ਸ਼ੁਰੂ ਕੀਤਾ ਛੋਟੇ ਸ਼ਹਿਰਾਂ ਭਾਵ ਕੰਟਰੀ ਸਾਈਡ ਵੱਲ। ਜਿੱਥੇ ਜ਼ਾਹਿਰ ਹੈ ਕਿ ਇਹਨਾਂ ਰਹਿਣ, ਖਾਣ ਅਤੇ ਫ਼ੀਸਾਂ ਭਰਨ ਲਈ ਕੰਮ ਵੀ ਲੱਭਣਾ ਸੀ। ਜੋ ਸ਼ੁਰੂ ਵਿੱਚ ਵਿਦਿਆਰਥੀ ਜ਼ਿਆਦਾ ਗਿਣਤੀ ਵਿੱਚ ਆਉਣ ਕਰਕੇ ਅਤੇ ਇੱਥੋਂ ਦੀ ਪੜ੍ਹਾਈ ਨਾ ਹੋਣ ਕਾਰਨ ਮਿਲਣਾ ਬਹੁਤ ਹੀ ਮੁਸ਼ਕਲ ਸੀ। ਦੂਸਰਾ ਆਸਟ੍ਰੇਲੀਆ ਵਿੱਚ ਵਧੀਆ ਨੌਕਰੀਆਂ ਦੀ ਗੱਲ ਤਾਂ ਛੱਡੋ, ਛੋਟੇ-ਮੋਟੇ ਕੰਮ ਵੀ ਸੰਬੰਧਿਤ ਕੋਰਸ ਕੀਤੇ ਬਿਨਾਂ ਨਹੀਂ ਮਿਲਦੇ ਹਨ।  ਹੋਰਨਾਂ ਤੋ ਇਲਾਵਾ ਇਕ ਕਾਰਣ ਇਹ ਵੀ ਸੀ ਜਿਸ ਕਰਕੇ ਵਿਦਿਆਰਥੀਆਂ ਨੂੰ ਇਥੇ ਕੰਮ ਨਹੀ ਮਿਲਦਾ ਸੀ, ਕਿਉਂਕਿ ਵਿਦਿਆਰਥੀ ਵੀਜ਼ੇ ਦੀ ਇੱਕ ਸ਼ਰਤ ਸੀ ਕਿ ਵਿਦਿਆਰਥੀ ਇੱਕ ਹਫ਼ਤੇ ਵਿੱਚ 20 ਘੰਟੇ ਤੋਂ ਵੱਧ ਕੰਮ ਨੀ ਕਰ ਸਕਦਾ ਪਰ ਫ਼ੈਕਟਰੀਆਂ ਅਤੇ ਵਧੀਆ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਕਾਮੇ ਨੂੰ ਘੱਟੋ ਘੱਟ ਚਾਲੀ ਘੰਟੇ ਕੰਮ ਕਰਨਾ ਪੈਂਦਾ ਹੈ। ਵੀਜ਼ੇ ਦੀ ਇਸ ਸ਼ਰਤ ਕਰਕੇ ਵੀ ਵਿਦਿਆਰਥੀਆਂ ਨੂੰ ਵਧੀਆ ਨੌਕਰੀਆਂ ਤੋਂ ਹੱਥ ਧੋਣਾ ਪਿਆ।  ਭਾਵੇਂ ਕਿ ਆਸਟ੍ਰੇਲੀਆ ਵਿੱਚ ਪੁਰਾਣੇ ਆਏ ਕੁਝ ਇਕ ਪੰਜਾਬੀ ਲੋਕਾਂ ਦਾ ਸਾਥ ਨਹੀਂ ਮਿਲਿਆ ਪਰ ਇਸ ਦੇ ਬਾਵਜੂਦ ਵੀ ਉਹ ਕਿਹੜਾ ਮੁਸ਼ਕਿਲ ਕੰਮ ਹੈ ਜੋ ਪੰਜਾਬੀ ਵਿਦਿਆਰਥੀਆਂ ਨੇ ਇੱਥੇ ਨਹੀਂ ਕੀਤਾ। ਮਸਲਨ ਖੇਤਾਂ ਵਿੱਚ ਲੇਬਰ, ਕਾਰਾਂ ਧੋਣਾ, ਘਰਾਂ ਦਫ਼ਤਰਾਂ ਵਿੱਚ ਸਫ਼ਾਈ ਦਾ ਕੰਮ, ਟੈਕਸੀਆਂ ਆਦਿ ਚਲਾਉਣਾ। ਸ਼ੁਰੂ ਵਿੱਚ ਇੱਥੇ ਰਹਿਣ ਲਈ ਘਰ ਲੱਭਣੇ ਵੀ ਬਹੁਤ ਮੁਸ਼ਕਿਲ ਸਨ। ਕਈ ਵਾਰ ਇੱਕ ਛੋਟੇ ਘਰ ਵਿੱਚ ਪੰਦਰਾਂ ਪੰਦਰਾਂ ਲੋਕਾਂ ਨੂੰ ਵੀ ਰਹਿਣਾ ਪੈਂਦਾ ਸੀ। ਪਰ ਸਿਰੜੀ ਪੰਜਾਬੀ ਹੋਂਸਲੇ ਅਤੇ ਮਿਹਨਤ ਨਾਲ ਹੌਲੀ ਹੌਲੀ ਆਪਣੇ ਪੈਰਾਂ ਤੇ ਖੜ੍ਹੇ ਹੋਏ ਅਤੇ ਇੰਨਾ ਮੁਸ਼ਕਲਾਂ ਅਤੇ ਮੁਸੀਬਤਾਂ ਨਾਲ ਦੋ ਚਾਰ ਹੁੰਦੇ ਹੋਏ ਵੀ ਆਪਣਾ ਇਸ ਮੁਲਕ ਵਿੱਚ ਵੱਖਰਾ ਮੁਕਾਮ ਬਣਾਇਆ। ਦਿਨ ਰਾਤ ਦੀ ਮਿਹਨਤ ਸਦਕਾ ਕਿਸੇ ਨਾ ਕਿਸੇ ਨੌਕਰੀ ਜਾਂ ਕਾਰੋਬਾਰ ਵਿੱਚ ਫ਼ਿੱਟ ਹੋ ਗਏ।
 
ਇਥੇ ਸ਼ੁਰੂ ਵਿੱਚ ਆਈਆਂ ਮੁਸੀਬਤਾਂ ਤੋਂ ਇਲਾਵਾ ਅੱਜ ਇਹਨਾਂ ਸਾਹਮਣੇ ਸਭ ਤੋਂ ਵੱਡੀ ਮੁਸ਼ਕਲ ਆਸਟ੍ਰੇਲੀਆ ਵਿੱਚ ਪੱਕੇ ਹੋਣ ਦੀ ਹੈ। ਕਿਉਂਕਿ ਆਸਟ੍ਰੇਲੀਅਨ ਸਰਕਾਰ ਇਹਨਾਂ ਬਾਰੇ ਕੋਈ ਨਾ ਕੋਈ ਨਿਯਮ ਬਦਲਦੀ ਹੀ ਰਹਿੰਦੀ ਹੈ। ਜਿਸ ਕਰ ਕੇ ਪੱਕੇ ਹੋਣ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਿਨੋ ਦਿਨ ਵਧਦਿਆਂ ਜਾ ਰਹੀਆਂ ਹਨ। ਸਿੱਟੇ ਵਜੋਂ ਅੱਜ ਜ਼ਿਆਦਾਤਰ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿਚ ਆਪਣਾ ਕੋਈ ਭਵਿੱਖ ਨੀ ਨਜ਼ਰ ਆਉਂਦਾ। ਇਸ ਕਰ ਕੇ ਉਹ ਸਿੱਧੇ ਅਸਿੱਧੇ ਢੰਗ ਨਾਲ ਪੈਸੇ ਕਮਾ ਕੇ ਵਾਪਸ ਇੰਡੀਆ ਜਾਣ ਬਾਰੇ ਸੋਚਦੇ ਰਹਿੰਦੇ ਹਨ। ਸਿੱਟੇ ਵਜੋਂ  ਉਹ ਕਈ ਵਾਰ ਮੁਸ਼ਕਲਾਂ ਵਿੱਚ ਵੀ ਫਸ ਜਾਂਦੇ ਹਨ।

ਜਿੱਥੇ ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਨੂੰ ਪੱਕੇ ਹੋਣ ਦੀ ਸਭ ਤੋਂ ਅਹਿਮ ਮੁਸ਼ਕਿਲ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਓਥੇ ਕਈਆਂ ਨੂੰ ਆਪ ਸਹੇੜੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦੇ ਹੈ। ਜਿਵੇਂ ਕਿ ਪਿੱਛੇ ਦੱਸਿਆ ਗਿਆ ਹੈ ਕਿ ਪੰਦਰਾਂ ਦਿਨਾਂ ਵਿੱਚ ਬਿਨਾਂ ਕੁਝ ਇੱਕ ਦੂਜੇ ਬਾਰੇ ਜਾਣੇ ਸਿਰਫ਼ ਆਸਟ੍ਰੇਲੀਆ ਆਉਣ ਲਈ ਬੇਜੋੜ ਅਤੇ ਜਲਦਬਾਜ਼ੀ ਵਿੱਚ ਵਿਆਹ ਹੋਏ ਸਨ। ਜਿਸ ਦੇ ਨਤੀਜੇ ਵਜੋਂ ਉਹਨਾਂ ਦੇ ਆਪਸੀ ਝਗੜੇ ਅਤੇ ਤੋੜ ਵਿਛੋੜ ਵੀ ਹੋਏ। ਨਾਲ ਹੀ ਜ਼ਿਆਦਾਤਰ ਨਕਲੀ ਵਿਆਹ ਕਰਵਾ ਕੇ ਆਈਆਂ ਕੁੜੀਆਂ ਨੇ ਨਾਲ ਲਿਆਂਦੇ ਲੜਕਿਆਂ ਨੂੰ ਬਹੁਤ ਤੰਗ ਕੀਤਾ ਲੜਕਿਆਂ ਤੋਂ ਖ਼ਰਚੇ ਲਏ, ਫ਼ੀਸਾਂ ਭਰਵਾਈਆਂ ਅਤੇ ਲੜ ਝਗੜ ਕੇ ਉਨ੍ਹਾਂ ਨੂੰ ਵਾਪਸ ਇੰਡੀਆ ਭੇਜ ਦਿੱਤਾ। ਕਈ ਵਿਦਿਆਰਥੀ ਪੰਜਾਬ ਵਿਚੋਂ ਇੱਕ ਦਮ ਖੁੱਲ੍ਹੀ ਅਤੇ ਐਸ਼ਪ੍ਰਸਤੀ ਵਾਲੀ ਜ਼ਿੰਦਗੀ ਛੱਡ ਕੇ ਆਏ ਸਨ। ਉਹ ਆਸਟ੍ਰੇਲੀਆ ਵਿੱਚ ਸਖ਼ਤ ਮਿਹਨਤ ਅਤੇ ਲੇਬਰ ਆਦਿ ਦੇ ਕੰਮ ਨਹੀਂ ਕਰ ਸਕੇ ਅਤੇ ਕਈ ਆਸਟ੍ਰੇਲੀਅਨ ਜੀਵਨ ਸ਼ੈਲੀ ਦੇ ਮੇਚ ਨਾ ਆਉਣ ਕਰ ਕੇ ਵਾਪਸ ਦੇਸ਼ ਪਰਤ ਗਏ। ਜਿਵੇਂ ਕਹਿੰਦੇ ਹਨ ਕਿ ਵਿਦੇਸ਼ਾਂ ਵਿੱਚ ਆਉਣ ਵਾਲਿਆਂ ਨੂੰ ਇੱਕ ਵਾਰ ਵੇਲਣੇ ਵਿਚੋਂ ਲੰਘਣਾ ਪੈਂਦਾ ਹੈ। ਰਸ ਰਸ ਅੱਗੇ ਨਿਕਲ ਜਾਂਦਾ ਹੈ ਤੇ ਫੋਕ ਪਿੱਛੇ ਰਹਿ ਜਾਂਦੀ ਹੈ। ਪਿੱਛੇ ਮੁੜੀ ਫੋਕ ਨੇ ਇੰਡੀਆ ਵਿੱਚ ਬੇਤੁਕਿਆਂ ਗੱਲਾਂ ਅਤੇ ਅਫ਼ਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਆਸਟ੍ਰੇਲੀਆ ਵਿੱਚ ਹਾਲਾਤ ਬਹੁਤ ਖ਼ਰਾਬ ਹਨ ਅਤੇ ਓਥੇ ਰਹਿਣ ਲਈ ਘਰ ਅਤੇ ਕੰਮ ਦਾ ਮਿਲਣਾ ਬਹੁਤ ਹੀ ਮੁਸ਼ਕਲ ਹੈ। ਗੋਰੇ ਲੋਕ ਸਾਨੂੰ ਰਾਤਾਂ ਨੂੰ ਕੁੱਟਦੇ ਅਤੇ ਨਫ਼ਰਤ ਭਰੀਆਂ ਨਿਗਾਹਾਂ ਨਾਲ ਦੇਖਦੇ ਹਨ। ਇਸ ਤਰ੍ਹਾਂ ਦੀਆਂ ਗ਼ਲਤ ਗੱਲਾਂ ਨੇ ਪੰਜਾਬ ਦੇ ਲੋਕਾਂ ਵਿੱਚ ਆਸਟ੍ਰੇਲੀਆ ਦੀ ਤਸਵੀਰ ਬਹੁਤ ਹੀ ਮਾੜੀ ਬਣਾ ਦਿੱਤੀ। ਜਿਸ ਵਿੱਚ ਉਨ੍ਹਾਂ ਦਾ ਭਰਪੂਰ ਸਾਥ ਦਿੱਤਾ ਆਪਣੇ ਹੀ ਉਨ੍ਹਾਂ ਲੋਕਾਂ ਨੇ ਜੋ ਚਾਹੁੰਦੇ ਸਨ ਕਿ ਵਿਦਿਆਰਥੀ ਤਬਕਾ ਆਸਟ੍ਰੇਲੀਆ ‘ਚ ਆਪਣੀ ਲਗਨ ਅਤੇ ਮਿਹਨਤ ਨਾਲ ਕਾਮਯਾਬ ਨਾ ਹੋ ਜਾਵੇ। ਉਨ੍ਹਾਂ ਇਕਾ ਦੁੱਕਾ ਮਾਮੂਲੀ ਘਟਨਾਵਾਂ ਨੂੰ ਨਸਲੀ ਵਿਤਕਰੇ ਦਾ ਨਾਂ ਦੇ ਕੇ ਪੂਰੀ ਦੁਨੀਆ ਵਿੱਚ ਇਸ ਦਾ ਰੌਲਾ ਪਾਇਆ।

ਪੰਜਾਬ ਵਿੱਚ ਉਸ ਸਮੇਂ ਕੋਈ ਵੀ ਅਖ਼ਬਾਰ ਅਜਿਹਾ ਨਹੀਂ ਹੁੰਦਾ ਸੀ ਜਿਸ ਵਿੱਚ ਆਸਟ੍ਰੇਲੀਆ ‘ਚ ਹੁੰਦੇ ਲੜਾਈ ਝਗੜੇ, ਸਾੜ ਫੂਕ ਅਤੇ ਨਸਲੀ ਵਿਤਕਰੇ ਦੀਆਂ ਖ਼ਬਰਾਂ ਨਾ ਲੱਗਦੀਆਂ ਹੋਣ ਜੋ ਸਰਾਸਰ ਝੂਠ ਅਤੇ ਬੇਬੁਨਿਆਦ ਸਨ। ਵੱਡੇ ਵੱਡੇ ਲੇਖਕਾਂ ਦੀਆਂ ਬਿਨਾਂ ਸੱਚ ਜਾਣੇ ਅਖ਼ਬਾਰਾਂ ਵਿਚ ਆਸਟ੍ਰੇਲੀਆ ਬਾਰੇ ਰਿਪੋਰਟਾਂ ਲੱਗੀਆਂ ਸਨ ਕਿ ਓਥੇ ਹਰ ਤੀਜਾ ਲੜਕਾ ਚੋਰ ਅਤੇ ਹਰ ਦੂਜੀ  ਲੜਕੀ ਵੇਸਵਾ ਹੈ। ਉਸ ਸਮੇਂ ਆਸਟ੍ਰੇਲੀਆ ਨੂੰ ਪੂਰੀ ਦੁਨੀਆ ਵਿੱਚ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਿਆ ਜਾਣ ਲੱਗਾ ਸੀ। ਆਸਟ੍ਰੇਲੀਆ ਵਿੱਚ ਵੀ ਜਵਾਨ ਖ਼ੂਨ ਨੇ ਸਭ ਕੁੱਝ ਨਾ ਸਮਝਦੇ ਹੋਏ ਇੰਡੀਆ ਵਾਂਗੂੰ ਮੁਜ਼ਾਹਰੇ ਕੀਤੇ, ਬੱਸਾਂ ਅਤੇ ਰੇਲਾਂ ਰੋਕੀਆਂ, ਸ਼ੀਸ਼ੇ ਭੰਨੇ ਅਤੇ ਰੁਜ਼ਗਾਰ ਦੇ ਕੰਮਾਂ ਵਿੱਚ ਵਿਘਨ ਪਾਇਆ ਗਿਆ। ਜੋ ਇੱਥੋਂ ਦੇ ਸ਼ਾਂਤੀ ਪਸੰਦ ਲੋਕਾਂ ਨੂੰ ਚੰਗਾ ਨਹੀ ਲੱਗਿਆ। ਜਿਸ ਨਾਲ ਪੰਜਾਬੀ ਆਪਣੇ ਆਪ ਹੀ ਇੱਥੋਂ ਦੀਆਂ ਸਰਕਾਰਾਂ ਦੀ ਨਜ਼ਰੀਂ ਚੜ੍ਹ ਗਏ। ਸ਼ਾਇਦ ਉਨ੍ਹਾਂ ਗ਼ਲਤੀਆਂ ਦਾ ਨਤੀਜਾ ਹੀ ਅੱਜ ਨਿੱਤ ਨਵੇਂ ਬਦਲਦੇ ਨਿਯਮਾਂ ਅਤੇ ਪੱਕੇ ਹੋਣ ਵਿੱਚ ਆ ਰਹੀਆਂ ਮੁਸ਼ਕਲਾਂ ਦੇ ਰੂਪ ਵਿੱਚ ਅਸੀਂ ਤਾਰ ਰਹੇ ਹਾਂ। ਪਰ ਫਿਰ ਵੀ ਮਿਹਨਤ ਅਤੇ ਸਹੀ ਢੰਗ ਨਾਲ ਪੜ੍ਹੇ ਹੋਏ, ਇੱਥੋਂ ਦੇ ਨਿਯਮਾਂ ਮੁਤਾਬਿਕ ਚੱਲੇ ਵਿਦਿਆਰਥੀ ਨਾ ਸਿਰਫ਼ ਪੱਕੇ ਹੀ ਹੋ ਰਹੇ ਹਨ ਸਗੋਂ ਉਨ੍ਹਾਂ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਲੈ ਕੇ ਚੰਗੀਆਂ ਨੌਕਰੀਆਂ ਪ੍ਰਾਪਤ ਕੀਤੀਆਂ ਹਨ ਜਾਂ ਆਪੋ ਆਪਣੇ ਛੋਟੇ ਵੱਡੇ ਕਾਰੋਬਾਰ ਖੋਲ੍ਹ ਰੱਖੇ ਹਨ। ਕਈ ਵੱਡੇ ਕਾਰੋਬਾਰਾਂ, ਟੈਕਸੀਆਂ, ਟਰੱਕਾਂ, ਰੈਸਟੋਰੈਂਟਾਂ ਦੇ ਮਾਲਕ ਹਨ ਜੋ ਹੋਰ ਲੋਕਾਂ ਲਈ ਵੀ ਕਾਰੋਬਾਰ ਦਾ ਸਾਧਨ ਬਣਦੇ ਹਨ। ਕੁਝ ਇਕ ਤਾਂ ਕੌਂਸਲ, ਐਮ ਪੀ ਦੀਆਂ ਵੋਟਾਂ ਲਈ ਵੀ ਆਪਣੇ ਪਰ ਤੋਲ ਰਹੇ ਹਨ। ਵਿਦਿਆਰਥੀਆਂ ਦੁਆਰਾ ਦਿਨ ਰਾਤ ਕੀਤੀ ਅਣਥੱਕ ਮਿਹਨਤ ਸਦਕਾ ਲਗਭਗ ਸਾਰੀਆਂ ਨੂੰ ਇੱਥੋਂ ਦੀਆਂ ਵਧੀਆ ਸੁੱਖ ਸਹੂਲਤਾਂ ਪ੍ਰਾਪਤ ਹਨ। ਇਸੇ ਲਈ ਹੁਣ ਆਸਟ੍ਰੇਲੀਆ ਵਿਚ ਕੋਈ ਵੀ ਅਜਿਹਾ ਦਿਨ ਨਹੀਂ ਹੁੰਦਾ ਜਦੋਂ ਇੱਥੋਂ ਦੇ ਸ਼ਹਿਰਾਂ ਵਿੱਚ ਖੇਡ ਮੇਲਾ, ਪੰਜਾਬੀ ਕਲਾਕਾਰਾਂ ਦਾ ਪ੍ਰੋਗਰਾਮ, ਨਾਟਕ, ਕਵੀ ਦਰਬਾਰ ਜਾਂ ਗੀਤ ਸੰਗੀਤ ਦਾ ਪ੍ਰੋਗਰਾਮ ਨਾ ਹੁੰਦਾ ਹੋਵੇ।
ਇੱਕ ਵੰਨਗੀ ਹੋਰ ਹੈ ਜਿਸ ਨੇ ਪੂਰੇ ਵਿਸ਼ਵ ਵਿਚੋਂ ਪੰਜਾਬੀ ਭਾਈਚਾਰੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਹ ਹੈ ਆਸਟ੍ਰੇਲੀਅਨ ਪੰਜਾਬੀ ਮੀਡੀਆ। ਅੱਜ ਵਿਸ਼ਵ ਦਾ ਕੋਈ ਵੀ ਪੰਜਾਬੀ ਅਖ਼ਬਾਰ ਜਾਂ ਮੈਗਜ਼ੀਨ ਅਜਿਹਾ ਨਹੀਂ ਹੁੰਦਾ ਜਿਸ ਵਿੱਚ ਹਰ ਦਿਨ ਆਸਟ੍ਰੇਲੀਆ ਦੇ ਨੌਜਵਾਨ ਪੰਜਾਬੀ ਰਿਪੋਰਟਰਾਂ ਦੀਆਂ ਖ਼ਬਰਾਂ ਜਾਂ ਆਰਟੀਕਲ ਨਾ ਛਪਦੇ ਹੋਣ। ਨੌਜਵਾਨ ਪੂਰੀ ਤਨਦੇਹੀ ਨਾਲ ਆਸਟ੍ਰੇਲੀਆ ਦੀ ਪਲ ਪਲ ਦੀ ਖ਼ਬਰ ਅਤੇ ਸਹੀ ਤਸਵੀਰ ਦੁਨੀਆ ਸਾਹਮਣੇ ਰੱਖ ਰਹੇ ਹਨ। ਆਸਟ੍ਰੇਲੀਆ ਵਿੱਚ ਹਾਲੇ ਪੰਜਾਬੀਆਂ ਦੀ ਸ਼ੁਰੂਆਤ ਦੇ ਬਾਵਜੂਦ ਹਰ ਸ਼ਹਿਰ ਵਿੱਚ ਪੰਜਾਬੀ ਅਖ਼ਬਾਰ, ਮੈਗਜ਼ੀਨ, ਰੇਡੀਉ, ਟੀ ਵੀ ਪ੍ਰੋਗਰਾਮ ਸ਼ੁਰੂ ਹੋ ਰਹੇ ਹਨ। ਜੋ ਮਨੋਰੰਜਨ ਦੇ ਨਾਲ ਨਾਲ ਹਰ ਤਰ੍ਹਾਂ ਦੀ ਜਾਣਕਾਰੀ ਵੀ ਮੁਹੱਈਆ ਕਰਵਾ ਰਹੇ ਹਨ। ਆਸਟ੍ਰੇਲੀਆ ਵਿੱਚ ਸਾਹਿੱਤ ਕਲਾ ਦੇ ਖੇਤਰ ਵਿੱਚ ਵੀ ਨੌਜਵਾਨ ਤਬਕਾ ਉੱਤਰ ਕੇ ਸਾਹਮਣੇ ਆ ਰਿਹਾ ਹੈ। ਜੋ ਹੱਡ-ਭੰਨਵੀਂ ਮਿਹਨਤ ਕਰ ਕੇ ਬਚਦੇ ਵਕਤ ਵਿਚੋਂ ਬਹੁਤ ਖ਼ੂਬਸੂਰਤ ਨਾਟਕ, ਕਹਾਣੀ, ਕਵਿਤਾ ਆਦਿ ਵੰਨਗੀਆਂ ਦੀ ਰਚਨਾ ਕਰਦੇ ਹੋਏ ਇਸ ਖੇਤਰ ਵਿੱਚ ਆਪਣਾ ਪੈਰ ਬਾਖ਼ੂਬੀ ਪਸਾਰ ਰਹੇ ਹਨ।

ਭਾਵੇਂ ਕਿ ਆਸਟ੍ਰੇਲੀਆ ਵਿੱਚ ਪੜ੍ਹਾਈ ਜਰੀਏ ਜ਼ਿਆਦਾਤਰ ਨੌਜਵਾਨ ਤਬਕਾ ਹੀ ਇਥੇ ਆਇਆ ਪਰ ਹੁਣ ਇਹਨਾਂ ਵਿਦਿਆਰਥੀਆਂ ਦੁਆਰਾ ਆਪਣੇ ਮਾਂ ਬਾਪ ਨੂੰ ਆਸਟ੍ਰੇਲੀਆ ਬੁਲਾਉਣ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ। ਪਹਿਲੀ ਗੱਲ ਤਾਂ ਵਿਦਿਆਰਥੀ ਆਪਣੇ ਮਾਂ ਬਾਪ ਨੂੰ ਸਿਰਫ਼ ਤਿੰਨ ਜਾਂ ਛੇ ਮਹੀਨਿਆਂ ਦੇ ਵਿਜ਼ਟਰ ਵੀਜ਼ੇ ਤੇ ਹੀ ਬੁਲਾ ਸਕਦੇ ਹਨ। ਜੋ ਬਹੁਤ ਹੀ ਥੋੜਾ ਸਮਾਂ ਹੈ ਤੇ ਇਹ ਵੀਜ਼ਾ ਮਿਲਦਾ ਵੀ ਬਹੁਤ ਘੱਟ ਹੈ। ਦੂਸਰਾ ਕੋਈ ਪੱਕਾ ਜਾਂ ਸਿਟੀਜ਼ਨ ਬੰਦਾ ਵੀ ਆਪਣੇ ਮਾਂ ਬਾਪ ਨੂੰ ਪੱਕੇ ਤੌਰ ਤੇ ਇਥੇ ਨਹੀਂ ਬੁਲਾ ਸਕਦਾ। ਪਰ ਫਿਰ ਵੀ ਜੇ ਕਿਸੇ ਨੇ ਆਪਣੇ ਮਾਂ ਬਾਪ ਨੂੰ ਪੱਕੇ ਤੌਰ ਤੇ ਇਥੇ ਬੁਲਾਉਣਾ ਹੈ ਤਾਂ ਉਸ ਨੂੰ ਆਸਟ੍ਰੇਲੀਅਨ ਸਰਕਾਰ ਕੋਲ 40 ਹਜ਼ਾਰ ਡਾਲਰ ਜਾਮਾਂ ਕਰਵਾਉਣੇ ਪੈਂਦੇ ਹਨ, ਜੋ ਕਿ ਬਹੁਤ ਹੀ ਜਿਆਦਾ ਹਨ। ਪਰ ਫਿਰ ਵੀ ਇਹਨਾਂ ਵੱਲੋਂ ਪੰਜਾਬ ‘ਚ ਰਹਿੰਦੇ ਆਪਣੇ ਬੇਬੇ ਬਾਪੂਆਂ ਦੇ ਵੀਜ਼ੇ ਲਗਵਾਉਣੇ ਸ਼ੁਰੂ ਕਰ ਦਿੱਤੇ ਹਨ। ਹੁਣ ਗਾਹੇ ਵਗਾਹੇ ਸੜਕਾਂ, ਪਾਰਕਾਂ ਜਾਂ ਗੁਰੂ ਘਰਾਂ ਵਿੱਚ ਬਾਬਿਆਂ ਦੀਆਂ ਸਰ੍ਹੋਂ ਫੁੱਲੀਆਂ ਪੱਗਾਂ ਅਤੇ ਬੀਬੀਆਂ ਦੀਆਂ ਨਸਵਾਰੀ ਚੁੰਨੀਆਂ ਦੇ ਝਲਕਾਰੇ ਆਮ ਹੀ ਦੇਖਣ ਨੂੰ ਮਿਲ ਜਾਣਗੇ। ਪਰ ਜਿੱਥੇ ਪੰਜਾਬੀ ਵਿਦਿਆਰਥੀ ਆਸਟ੍ਰੇਲੀਆ ਵਿੱਚ ਆਪਣੇ ਨਾਲ ਮਿਹਨਤੀ ਸੁਭਾ ਅਤੇ ਸਫਲ ਹੋਣ ਦਾ ਇਰਾਦਾ ਲੈ ਕੇ ਆਏ, ਓਥੇ ਆਪਣੇ ਨਾਲ ਪੰਜਾਬੀਆਂ ਵਾਲੀ ਲਾਪਰਵਾਹ ਬਿਰਤੀ ਅਤੇ ਹੋਰ ਭੈੜੀਆਂ ਆਦਤਾਂ ਵੀ ਨਾਲ ਲੈ ਕੇ ਆਏ। ਜਿਵੇਂ ਸਫ਼ਾਈ ਨਾ ਰੱਖਣਾ, ਸਮੇਂ ਦੇ ਪਾਬੰਦ ਨਾ ਹੋਣਾ, ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨੀ ਅਤੇ ਕਈ ਤਾਂ ਆਪਣੀਆਂ ਗੱਡੀਆਂ ਪਿੱਛੇ ਮੋਟੇ ਮੋਟੇ ਅੱਖਰਾਂ ਵਿੱਚ ”ਅੰਗਰੇਜ਼ ਖੰਘੇ ਸੀ ਤਾਂਹੀਓਂ ਟੰਗੇ ਸੀ” ਲਿਖਾਉਣ  ਵਾਲਾ ਆਪਣਾ ਅਣਖੀ ਪੁਣਾ ਵੀ ਨਾਲ ਲੈ ਕੇ ਆਏ ਹਨ।

ਕਈ ਸ਼ਹਿਰਾਂ ਵਿੱਚ ਤਾਂ ਕਤਲ ਦੀਆਂ ਘਟਨਾਵਾਂ ਵੀ ਹੋਈਆਂ ਅਤੇ ਹੋ ਵੀ ਰਹੀਆਂ ਹਨ। ਜੋ ਆਪਣੇ ਹੀ ਪੰਜਾਬੀਆਂ ਨੇ ਆਪਣਿਆਂ ਦੀਆਂ ਹੀ ਕੀਤੀਆਂ ਹਨ। ਇਸ ਦੌਰਾਨ ਪੰਜਾਬੀਆਂ ਵਿੱਚ ਨਸ਼ੇ ਆਦਿ ਦਾ ਰੁਝਾਨ ਵੀ ਵਧਿਆ ਹੈ ਜੋ ਬਿਨਾਂ ਸ਼ੱਕ ਆਪਣੇ ਹੀ ਆਪਣਿਆਂ ਨੂੰ ਸਪਲਾਈ ਕਰਦੇ ਹਨ। ਇੱਕ ਹੋਰ ਬਿਮਾਰੀ ਹੈ ਜੋ ਪੀੜ੍ਹੀਆਂ ਤੋਂ ਪੰਜਾਬੀਆਂ ਦੇ ਨਾਲ ਚੱਲੀ ਆ ਰਹੀ ਹੈ ਉਹ ਹੈ ਈਰਖਾ ਅਤੇ ਸਾੜੇ ਦੀ। ਹਰ ਸ਼ਹਿਰ ਵਿੱਚ ਮੀਡੀਆ ਦੀਆਂ, ਐਸੋਸੀਏਸ਼ਨਾਂ ਦੀਆਂ, ਧਾਰਮਿਕ ਸੰਸਥਾਵਾਂ ਦੀਆਂ ਧੜੇਬੰਦੀਆਂ ਕਾਇਮ ਨੇ ਜੋ ਹਰ ਵੇਲੇ ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਤਿਆਰ ਰਹਿੰਦੀਆਂ ਹਨ। ਇਹ ਧੜੇਬੰਦੀਆਂ ਕਿਸੇ ਕਲਾਕਾਰ ਦੇ ਪ੍ਰੋਗਰਾਮ ਮੌਕੇ ਧਾਰਮਿਕ ਸੰਸਥਾਵਾਂ ਦੇ ਦਿਵਾਨਾਂ ਜਾਂ ਮੇਲਿਆਂ ਦੇ ਮੌਕੇ ਬਹੁਤ ਹੀ ਉੱਭਰ ਕੇ ਸਾਹਮਣੇ ਆਉਂਦੀਆਂ ਹਨ। ਕਈ ਵਾਰ ਤਾਂ ਬਹੁਤ ਹਾਸੋਹੀਣੀ ਸਥਿਤੀ ਬਣ ਜਾਂਦੀ ਹੈ।
ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਦੀ ਸ਼ੁਰੂਆਤ ਮੌਕੇ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਇੱਕ ਦੂਜੇ ਦੇ ਸਹਿਯੋਗੀ ਬਣ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਦੁਨੀਆ ਸਾਹਮਣੇ ਮਿਸਾਲ ਕਾਇਮ ਕੀਤੀ ਜਾ ਸਕੇ। ਇਹ ਗੱਲਾਂ ਤਾਂ ਕੁਝ ਝਲਕ ਮਾਤਰ ਹੀ ਹਨ ਜਿੰਨਾ ਬਾਰੇ ਪੰਜਾਬੀਆਂ ਨੂੰ ਡੂੰਘੀ ਸੋਚ ਵਿਚਾਰ ਦੀ ਲੋੜ ਹੈ। ਨਾਲ ਹੀ ਇੱਥੋਂ ਦੇ ਸਿਸਟਮ ਮੁਤਾਬਿਕ ਆਪਣੇ ਆਪ ਨੂੰ ਬਦਲਿਆ ਜਾਵੇ ਅਤੇ ਇਸ ਦੇਸ਼ ਨੂੰ ਆਪਣਾ ਦੇਸ਼ ਸਮਝ ਇਸ ਦੀ ਬਿਹਤਰੀ ਲਈ ਕੋਸ਼ਿਸ਼ ਕੀਤੀ ਜਾਵੇ। ਅੱਜ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਤੋਂ ਬਾਅਦ ਆਸਟ੍ਰੇਲੀਆ ਵਿੱਚ ਪੰਜਾਬੀਆਂ ਦੀ ਸ਼ੁਰੂਆਤ ਹੈ। ਆਸਟ੍ਰੇਲੀਆ ਵਰਗੇ ਦੇਸ਼ ਵਿੱਚ ਬਹੁਤ ਸੰਭਾਵਨਾਵਾਂ ਮੌਜੂਦ ਹਨ। ਬੱਸ ਲੋੜ ਸਮਝਦਾਰੀ ਅਤੇ ਮਿਹਨਤ ਨਾਲ ਕਾਮਯਾਬ ਹੋਣ ਦੀ ਹੈ। ਆਸਟ੍ਰੇਲੀਆ ਕਿਸੇ ਵੀ ਗੱਲੋਂ ਬਾਕੀ ਵਿਕਸਿਤ ਮੁਲਕਾਂ ਤੋਂ ਘੱਟ ਨਹੀਂ ਸਗੋਂ ਵਿਸ਼ਾਲ ਖੇਤਰਫਲ, ਘੱਟ ਵਸੋਂ, ਜ਼ਿਆਦਾ ਰੁਜ਼ਗਾਰ ਦੇ ਸਾਧਨ ਅਤੇ ਵਧੀਆ ਤਨਖ਼ਾਹਾਂ ਕਰ ਕੇ ਹੋਰ ਦੇਸ਼ਾਂ ਤੋਂ ਅੱਗੇ ਹੈ। ਆਮ ਸਧਾਰਨ ਕਾਮਾ ਵੀ ਵਧੀਆ ਪੈਸੇ ਕਮਾ ਕੇ ਇੱਕ ਸੁੱਖ ਸਹੂਲਤਾਂ ਭਰੀ ਜ਼ਿੰਦਗੀ ਜਿਉਂ ਸਕਦਾ ਹੈ। ਅੱਜ ਆਸਟ੍ਰੇਲੀਅਨ ਡਾਲਰ ਦੀ ਕੀਮਤ ਲਗਭਗ ਸਾਰੇ ਦੇਸ਼ਾਂ ਤੋਂ ਜ਼ਿਆਦਾ ਹੈ।

ਇਹ ਉਹ ਗੱਲਾਂ ਹਨ ਜੋ ਹੋਰ ਮੁਲਕਾਂ ਦੇ ਮੁਕਾਬਲੇ ਆਸਟ੍ਰੇਲੀਆ ਵਿੱਚ ਪੰਜਾਬੀ ਵਿਦਿਆਰਥੀਆਂ ਦੇ ਹੱਕ ਵਿੱਚ ਜਾਂਦੀਆਂ ਹਨ। ਬੱਸ ਲੋੜ ਹੈ ਦੁਨੀਆ ਦੇ ਸਭ ਤੋਂ ਸੋਹਣੇ ਮੁਲਕਾਂ ਵਿੱਚ ਸ਼ੁਮਾਰ ਆਸਟ੍ਰੇਲੀਆ ਅੰਦਰ ਸਮਝਦਾਰੀ, ਇੱਕ ਚੰਗੀ ਸੋਚ ਅਤੇ ਮਿਹਨਤ ਨਾਲ ਆਪਣੇ ਪੈਰ ਜਮਾਉਣ ਦੀ ਹੈ। ਆਸਟ੍ਰੇਲੀਅਨ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪੰਜਾਬੀਆਂ ਦੇ ਜੱਦੀ ਪੁਸ਼ਤੀ ਕਿੱਤੇ ਖੇਤੀ ਵਿੱਚ ਇਹਨਾਂ ਤੋਂ ਸਹਿਯੋਗ ਲਿਆ ਜਾਵੇ। ਨਾਲ ਦੀ ਨਾਲ ਆਸਟ੍ਰੇਲੀਅਨ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਵਿਦਿਆਰਥੀਆਂ ਦੇ ਪੱਕੇ ਹੋਣ ਦੀਆਂ ਸ਼ਰਤਾਂ ਨੂੰ ਨਰਮ ਕੀਤਾ ਜਾਵੇ ਤਾਂ ਜੋ ਇੰਨੀ ਮਿਹਨਤ ਅਤੇ ਜੱਦੋ-ਜਹਿਦ ਬਾਅਦ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਇਥੇ ਰਹਿਣ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਉਹ ਆਸਟ੍ਰੇਲੀਆ ਦੇ ਬਾਸ਼ਿੰਦੇ ਬਣ ਕੇ ਇਸ ਦੀ ਤਰੱਕੀ ਅਤੇ ਬਿਹਤਰੀ ਲਈ ਹੋਰ ਵੀ ਯੋਗਦਾਨ ਪਾ ਸਕਣ।

ਕਰਨ ਬਰਾੜ (ਐਡੀਲੇਡ)
+61 430850045


Translate »