February 16, 2013 admin

ਮੁੱਖ ਮੰਤਰੀ ਵੱਲੋਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਉਨ੍ਹਾਂ ਦੇ 198ਵੇਂ ਪ੍ਰਕਾਸ਼ ਦਿਵਸ ‘ਤੇ ਸ਼ਰਧਾ ਦੇ ਫੁੱਲ ਭੇਟ ਸਾਲ 2016 ਵਿੱਚ ਸਤਿਗੁਰੂ ਰਾਮ ਸਿੰਘ ਜੀ ਦੀ 200ਵੀਂ ਜਨਮ ਵਰ੍ਹੇਗੰਢ ਵੱਡੇ ਪੱਧਰ ‘ਤੇ ਮਨਾਈ ਜਾਵੇਗੀ-ਬਾਦਲ

ਭੈਣੀ ਸਾਹਿਬ (ਲੁਧਿਆਣਾ), 15 ਫਰਵਰੀ

     ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 2016 ਵਿੱਚ ਨਾਮਧਾਰੀ ਲਹਿਰ ਦੇ ਸੰਸਥਾਪਕ ਅਤੇ ਜੰਗ-ਏ-ਆਜ਼ਾਦੀ ਅੰਦੋਲਨ ਦੇ ਮੋਢੀ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ 200ਵੀਂ ਜਨਮ ਵਰ੍ਹੇਗੰਢ ਵੱਡੇ ਪੱਧਰ ‘ਤੇ ਮਨਾਈ ਜਾਵੇਗੀ ਜਿਸ ਲਈ ਤਿਆਰੀਆਂ ਹੁਣ ਤੋਂ ਹੀ ਆਰੰਭ ਦਿੱਤੀਆਂ ਜਾਣਗੀਆਂ।

             ਅੱਜ ਇੱਥੇ ਸਤਿਗੁਰੂ ਰਾਮ ਸਿੰਘ ਜੀ ਦੇ 198ਵੇਂ ਪ੍ਰਕਾਸ਼ ਦਿਵਸ ਮੌਕੇ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਸ. ਬਾਦਲ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਸ ਸਬੰਧ ਵਿੱਚ ਸੂਬਾ ਸਰਕਾਰ ਵੱਲੋਂ ਛੇਤੀ ਹੀ ਉੱਘੇ ਵਿਦਵਾਨਾਂ ਅਤੇ ਉਚ ਸ਼ਖਸੀਅਤਾਂ ਦੀ ਇਕ ਮੀਟਿੰਗ ਬੁਲਾਈ ਜਾਵੇਗੀ ਜਿਸ ਵਿੱਚ ਵਿਚਾਰ-ਚਰਚਾ ਕਰਕੇ ਵੱਡੀ ਪੱਧਰ ‘ਤੇ ਸਮਾਗਮ ਉਲੀਕੇ ਜਾਣਗੇ ਤਾਂ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਅਤੇ ਸਮਾਜਿਕ ਲਹਿਰ ਵਿੱਚ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਪਾਏ ਯੋਗਦਾਨ ਦਾ ਵੱਧ ਤੋਂ ਵੱਧ ਪਾਸਾਰ ਕੀਤਾ ਜਾ ਸਕੇ। ਨਾਲ ਹੀ ਉਨ੍ਹਾਂ ਨੇ ਆਖਿਆ ਕਿ ਅਜਿਹੇ ਸਮਾਗਮ ਕੌਮੀ ਪੱਧਰ ‘ਤੇ ਵੀ ਮਨਾਏ ਜਾਣੇ ਚਾਹੀਦੇ ਹਨ ਤਾਂ ਕਿ ਬਰਤਾਨਵੀ ਹਕੂਮਤ ਪਾਸੋਂ ਲਾਮਿਸਾਲ ਕੁਰਬਾਨੀਆਂ ਦੇ ਹਾਸਲ ਕੀਤੀ ਆਜ਼ਾਦੀ ਬਾਰੇ ਸਾਡੇ ਨੌਜਵਾਨਾਂ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਜਾਣੂੰ ਕਰਵਾਇਆ ਜਾ ਸਕੇ।

            ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਦੇਸ਼ ਤੇ ਸਮਾਜ ਪ੍ਰਤੀ ਮਹਾਨ ਦੇਣ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਭਾਰਤ ਦੀ ਜੰਗ-ਏ-ਅਜ਼ਾਦੀ,  ਨਾ-ਮਿਲਵਰਤਣ ਅਤੇ ਸਵਦੇਸ਼ੀ ਲਹਿਰ ਦੇ ਮੋਢੀ ਸਨ ਜਿਨ੍ਹਾਂ ਨੇ ਲੋਕਾਂ ਵਿੱਚ ਆਤਮ-ਸਨਮਾਨ ਜਗਾਉਣ, ਭਗਤੀ ਅਤੇ ਬੀਰ-ਰਸ ਉਤਪੰਨ ਕਰਨ ਲਈ ਗੁਰਬਾਣੀ ਪਾਠ ਅਤੇ ਪ੍ਰਭੂ ਸਿਮਰਨ ਦਾ ਪ੍ਰਚਾਰ ਕੀਤਾ ਅਤੇ ਭਰੂਣ ਹੱਤਿਆ, ਬਾਲ-ਵਿਆਹ ਤੇ ਸਤੀ ਪ੍ਰਥਾ ਵਰਗੀਆਂ ਸਮਾਜਿਕ ਕੁਰੀਤੀਆਂ ਵਿਰੁੱਧ ਮੁਹਿੰਮ ਚਲਾਈ। ਮੁੱਖ ਮੰਤਰੀ ਨੇ ਕਿਹਾ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਲੜਕੀਆਂ ਨੂੰ ਵਿੱਦਿਆ ਦੇਣ ਅਤੇ ਇਸਤਰੀਆਂ ਨੂੰ ਸਮਾਜ ਵਿੱਚ ਬਰਾਬਰਤਾ ਦੇਣ ਲਈ ਵੀ ਜ਼ੋਰਦਾਰ ਆਵਾਜ਼ ਉਠਾਈ। ਉਨ੍ਹਾਂ ਨੇ ਦਾਜ-ਪ੍ਰਥਾ ਬੰਦ ਕਰਕੇ ਕੇਵਲ ਸਵਾ ਰੁਪਏ ਵਿੱਚ ਅੰਤਰ-ਜਾਤੀ ਸਮੂਹਿਕ ਵਿਆਹਾਂ ਦੀ ਵਿਲੱਖਣ ਰੀਤ ਆਰੰਭ ਕਰਵਾਈ। ਉਨ੍ਹਾਂ ਆਖਿਆ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਸਵਦੇਸ਼ੀ ਲਹਿਰ ਚਲਾ ਕੇ ਅੰਗਰੇਜ਼ੀ ਵਸਤਾਂ ਦਾ ਬਾਈਕਾਟ ਕਰਨ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਭਾਰਤੀ ਬਣਨ, ਭਾਰਤੀ ਰਹਿਣ ਅਤੇ ਭਾਰਤੀ ਵਸਤਾਂ ਦਾ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ, ਜਿਸ ਸਦਕਾ ਥੋੜ੍ਹੇ ਸਮੇਂ ਵਿੱਚ ਹੀ ਲੱਖਾਂ ਭਾਰਤੀ ਆਪ ਜੀ ਦੇ ਪੈਰੋਕਾਰ ਬਣ ਕੇ ਅੰਗਰੇਜ਼ਾਂ ਵਿਰੁੱਧ ਪ੍ਰਚਾਰ ਕਰਨ ਲੱਗੇ। ਇਸ ਮਹਾਨ ਕ੍ਰਾਂਤੀ ਨੂੰ ਦਬਾਉਣ ਅਤੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਅੰਗਰੇਜ਼ਾਂ ਨੇ ਰਾਏਕੋਟ, ਲੁਧਿਆਣਾ ਅਤੇ ਅੰਮ੍ਰਿਤਸਰ ਵਿਖੇ 9 ਨਾਮਧਾਰੀ ਸਿੱਖਾਂ ਨੂੰ ਸ਼ਰੇਆਮ ਫ਼ਾਂਸੀ ਦੇ ਕੇ ਸ਼ਹੀਦ ਕਰ ਦਿੱਤਾ। ਇੱਥੋਂ ਤੱਕ ਕਿ ਮਲੇਰਕੋਟਲਾ ਦੇ ਖੁੱਲ੍ਹੇ ਮੈਦਾਨ ਵਿੱਚ 65 ਨਾਮਧਾਰੀ ਸਿੱਖਾਂ ਨੂੰ ਤੋਪਾਂ ਸਾਹਮਣੇ ਖੜ੍ਹ੍ਹਾ ਕਰਕੇ ਉਡਾ ਦਿੱਤਾ। ਬਰਤਾਨਵੀ ਹਕੂਮਤ ਨੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਕੈਦ ਕਰਕੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ 18 ਜਨਵਰੀ 1872 ਨੂੰ ਪਹਿਲਾਂ ਅਲਾਹਾਬਾਦ ਤੇ ਬਾਅਦ ਵਿੱਚ ਦੇਸ਼ ਨਿਕਾਲਾ ਦੇ ਕੇ ਬਰਮਾ ਵਿੱਚ ਕੈਦ ਕਰ ਦਿੱਤਾ। ਉਨ੍ਹਾਂ ਕਿਹਾ ਕਿ 15 ਅਗਸਤ 1947 ਨੂੰ ਸਮੂਹ ਦੇਸ਼ ਭਗਤਾਂ ਤੇ ਨਾਮਧਾਰੀ ਸਿੰਘਾਂ ਦੀਆਂ ਕੁਰਬਾਨੀਆਂ ਸਦਕਾ ਦੇਸ਼ ਅਜ਼ਾਦ ਹੋਇਆ।

            ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸੂਬੇ ਵਿੱਚ ਅਮਨ ਸ਼ਾਂਤੀ, ਆਪਸੀ ਪਿਆਰ, ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਦ੍ਰਿੜਤਾ ਨਾਲ ਪਹਿਰਾ ਦੇ ਰਹੀ ਹੈ ਅਤੇ ਅੱਜ ਹਰ ਪੰਜਾਬੀ ਨੂੰ ਇਸ ਗੱਲ ਦਾ ਮਾਣ ਹੈ ਕਿ ਸਾਡਾ ਸੂਬਾ ਆਪਸੀ ਮੇਲ-ਜੋਲ ਅਤੇ ਏਕਤਾ ਦਾ ਪ੍ਰਤੀਕ ਬਣ ਕੇ ਉਭਰਿਆ ਹੈ।

            ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਕੇਂਦਰ ਸਰਕਾਰ ਉਪਰ ਕੂਕਾ ਲਹਿਰ-1871 ਅਤੇ ਜਲ੍ਹਿਆ ਵਾਲਾ ਬਾਗ-1919 ਨੂੰ ਕੌਮੀ ਆਜ਼ਾਦੀ ਅੰਦੋਲਨ ਦਾ ਹਿੱਸਾ ਮੰਨਣ ਲਈ ਜ਼ੋਰ ਪਾਇਆ ਅਤੇ ਕੂਕਾ ਲਹਿਰ ਜੋ ਸਤਿਗੁਰੂ ਰਾਮ ਸਿੰਘ ਜੀ ਨੇ ਆਰੰਭੀ ਸੀ, ਦੀ 150ਵੀਂ ਵਰ੍ਹੇਗੰਢ ‘ਤੇ ਸਾਲ ਭਰ ਸਮਾਗਮ ਕਰਵਾਏ ਗਏ।

            ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਕੌਮੀ ਆਜ਼ਾਦੀ ਅੰਦੋਲਨ ਵਿੱਚ ਸਾਡੇ ਪੰਜਾਬੀਆਂ ਵੱਲੋਂ ਪਾਏ ਲਾਮਿਸਾਲ ਯੋਗਦਾਨ ਨੂੰ ਦਰਸਾਉਂਦੀ ਗੌਰਵਮਈ ਜੰਗ-ਏ-ਆਜ਼ਾਦੀ ਯਾਦਗਾਰ ਕਰਤਾਰਪੁਰ ਵਿਖੇ 200 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਪ੍ਰੇਰਨਾ ਮਿਲ ਸਕੇ। ਇਸ ਯਾਦਗਾਰ ਵਿੱਚ ਨਾਮਧਾਰੀ ਸ਼ਹੀਦਾਂ ਨੂੰ ਵਿਸ਼ੇਸ਼ ਭਾਗ ਸਮਰਪਿਤ ਕੀਤਾ ਜਾਵੇਗਾ।

            ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਤਲੁਜ, ਬਿਆਸ ਤੇ ਘੱਗਰ ਦਰਿਆਵਾਂ ਦੇ ਪਾਣੀ ਨੂੰ ਸਾਫ-ਸੁਥਰਾ ਬਣਾਈ ਰੱਖਣ ਲਈ ਇਕ ਵਿਆਪਕ ਪ੍ਰੋਗਰਾਮ ਆਰੰਭਿਆ ਗਿਆ ਹੈ ਜਿਸ ਤਹਿਤ ਇਨ੍ਹਾਂ ਦਰਿਆਵਾਂ ਵਿੱਚ ਦੂਸ਼ਿਤ ਪਾਣੀ ਦੀ ਬੂੰਦ ਵੀ ਨਾ ਪੈਣ ਦੇਣ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਸਾਰੇ ਸ਼ਹਿਰਾਂ ਤੇ ਕਸਬਿਆਂ ਵਿੱਚ ਜਲ ਸਪਲਾਈ ਲਾਈਨਾਂ, ਸੀਵਰੇਜ ਅਤੇ ਸੀਵੇਜ ਟਰੀਟਮੈਂਟ ਪਲਾਂਟ ਲਾਉਣ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਇਹ ਪ੍ਰਾਜੈਕਟ ਦੋ ਸਾਲਾਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।

            ਇਸ ਮੌਕੇ ਸਤਿਗੁਰੂ ਉਦੈ ਸਿੰਘ ਨੇ ਸ. ਬਾਦਲ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

            ਇਸ ਮੌਕੇ ਪ੍ਰਮੁੱਖ ਵਿਅਕਤੀਆਂ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ, ਨਾਮਧਾਰੀ ਸੁਰਿੰਦਰ ਸਿੰਘ, ਸਾਬਕਾ ਮੰਤਰੀ ਸ. ਹੀਰਾ ਸਿੰਘ ਗਾਬੜੀਆ, ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਪ੍ਰੋ. ਗੁਰਭਜਨ ਗਿੱਲ, ਨਾਮਧਾਰੀ ਗੁਰਸੇਵਕ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਾਮਧਾਰੀ ਸੰਗਤ ਹਾਜ਼ਰ ਸੀ।

Translate »