ਚੰਡੀਗੜ੍ਹ, 18 ਫਰਵਰੀ
ਪੰਜਾਬ ਸਰਕਾਰ ਵਲੋਂ ਇਕ ਅਹਿਮ ਫੈਸਲੇ ਰਾਹੀਂ ਸਰਕਾਰੀ ਟੈਲੀਫੋਨ ਬਿੱਲਾਂ ਦੀ ਅਦਾਇਗੀ ਆਨ ਲਾਇਨ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਹੁਣ ਸਰਕਾਰੀ ਫੋਨਾਂ ਦੇ ਬਿੱਲਾਂ ਦੀ ਅਦਾਇਗੀ ਚੈਕ ਜਾਂ ਡਰਾਫਟ ਦੀ ਥਾਂ ਆਨ ਲਾਇਨ ਹੋਵੇਗੀ.। ਉਨਾਂ ਕਿਹਾ ਕਿ ਪੰਜਾਬ ਸਿਵਲ ਸਕੱਤਰੇਤ ਵਿਖੇ ਤਾਇਨਾਤ ਸਾਰੇ ਅਧਿਕਾਰੀਆਂ ਦੇ ਘਰ ਦੇ ਟੈਲੀਫੋਨ ਬਿੱਲਾਂ ਅਦਾਇਗੀ ਦੀ ਮਿਤੀ ਤੋਂ ਇਕ ਹਫਤਾ ਪਹਿਲਾਂ (ਤਸਦੀਕ ਕੀਤਾ ਅਸਲ ਬਿੱਲ ਅਤੇ ਉਸਦੀ ਇਕ ਫੋਟੋ ਕਾਪੀ ਸਵੈ ਤਸਦੀਕਸ਼ੁਦਾ) ਭੇਜੇ ਜਾਣ , ਤਾਂ ਜੋ ਇਨ੍ਹਾਂ ਦੀ ਅਦਾਇਗੀ ਸਮੇਂ ਸਿਰ ਹੋ ਸਕੇ।
ਉਨ੍ਹਾਂ ਨਾਲ ਹੀ ਕਿਹਾ ਕਿ ਸਮੂਹ ਨਿੱਜੀ ਸਕੱਤਰ /ਨਿੱਜੀ ਸਹਾਇਕ ਬਿੱਲ ਉਪਰ ਸਬੰਧਿਤ ਅਧਿਕਾਰੀ ਦਾ ਨਾਂ, ਅਹੁਦਾ, ਪਤਾ ਲਿਖਣ ਤੇ ਆਪਣੇ ਪੂਰੇ ਹਸਤਾਖਰ ਅਤੇ ਅਹੁਦਾ ਲਿਖਕੇ , ਦਫਤਰ ਦੀ ਮੋਹਰ ਲਗਉਂਦੇ ਹੋਏ ਬਕਾਇਦਾ ਅਧਿਕਾਰੀ ਤੋਂ ਤਸਦੀਕ ਕਰਵਾਉਣ ਕਿ ਸਬੰਧਿਤ ਟੈਲੀਫੋਨ ਬਿੱਲ ਦੀਆਂ ਕੀਤੀਆਂ ਗਈਆਂ ਕਾਲਾਂ ਸਰਕਾਰੀ ਕੰਮ ਹਿੱਤ ਕੀਤੀਆਂ ਗਈਆਂ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਬਿੱਲ ਲੇਟ ਪ੍ਰਾਪਤ ਹੋਣ ਕਰਕੇ ਫੋਨ ਦਾ ਕੁਨੈਕਸ਼ਨ ਕੱਟਦਾ ਹੈ ਤਾਂ ਨਿਰੋਲ ਜਿੰਮੇਵਾਰੀ ਅਧਿਕਾਰੀ ਨਾਲ ਤਾਇਨਾਤ ਨਿੱਜੀ ਅਮਲੇ ਦੀ ਹੋਵੇਗੀ।
ਬੁਲਾਰੇ ਨੇ ਨਾਲ ਹੀ ਕਿਹਾ ਕਿ ਪ੍ਰਤੀਪੂਰਤੀ ਲਈ ਭੇਜੇ ਜਾਂਦੇ ਟੈਲੀਫੋਨ /ਮੋਬਾਇਲ ਦੇ ਅਸਲ ਬਿੱਲ ਤਸਦੀਕ ਕਰਨ ਉਪਰੰਤ ਉਨ੍ਹਾਂ ਦੀਆਂ ਦੋ ਫੋਟੋਆਂ ਕਾਪੀਆਂ ਤਸਦੀਕ ਕੀਤੀਆਂ ਹੋਣੀਆਂ ਚਾਹੀਦੀਆਂ ਹਨ। ਇਸ ਨਾਲ ਅਧਿਕਾਰੀ /ਕਰਮਚਾਰੀ ਦਾ ਨਾਮ, ਅਹੁਦਾ ਅਤੇ ਪਤਾ, ਬੈਂਕ ਅਕਾਊਂਟ ਨੰਬਰ, ਬੈਂਕ ਦਾ ਆਈ.ਐਫ.ਐਸ.ਸੀ. ਕੋਡ, ਬੈਂਕ ਦਾ ਨਾਮ ਤੇ ਪਤਾ, ਸਬੰਧਿਤ ਅਧਿਕਾਰੀ ਦਾ ਮੋਬਾਇਲ ਨੰਬਰ ਤੇ ਪੈਨ ਕਾਰਡ ਨੰਬਰ ਦੀ ਸੂਚਨਾ ਵੀ ਭੇਜੀ ਜਾਵੇਗੀ।