February 19, 2013 admin

ਬ੍ਰਿਟਿਸ਼ ਪ੍ਰਧਾਨ ਮੰਤਰੀ ਨਾਲ ਅੰਮ੍ਰਿਤਸਰ ਤੋਂ ਇੰਗਲੈਂਡ ਲਈ ਹਵਾਈ ਉਡਾਣਾਂ ਸ਼ੁਰੂ ਕਰਾਉਣ ਲਈ ਅਪੀਲ

ਅੰਮ੍ਰਿਤਸਰ, 19 ਫਰਵਰੀ :   – ਅੰਮ੍ਰਿਤਸਰ ਵਿਕਾਸ ਮੰਚ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦਾ ਗੁਰੂ ਨਗਰੀ ਅੰਮ੍ਰਿਤਸਰ ਆਉਣ ਤੇ ਨਿੱਘਾ ਸਵਾਗਤ ਕਰਦਿਆਂ , ਸ੍ਰ: ਪ੍ਰਕਾਸ਼ ਸਿੰਘ ਬਾਦਲ , ਸ੍ਰ: ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ: ਅਵਤਾਰ ਸਿੰਘ ਮੱਕੜ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਸਿੱਖੀ ਦੇ ਕੇਂਦਰ ਅਤੇ ਸਭ ਤੋਂ ਸਰਵ ਸ਼੍ਰੇਸ਼ਟ ਅਸਥਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸ਼ਹਿਰ ਅੰਮ੍ਰਿਤਸਰ ਦੀ ਤਰੱਕੀ ਲਈ ਬ੍ਰਿਟਿਸ਼ ਏਅਰਵੇਜ / ਵਰਜਿਨ ਐਲਾਂਟਿਕ ਦੀਆਂ ਅੰਮ੍ਰਿਤਸਰ – ਲੰਡਨ , ਅੰਮ੍ਰਿਤਸਰ- ਬਰਮਿੰਘਮ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਪਰਸਨਲ ਤੌਰ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਬ੍ਰਿਟਿਸ਼ ਮੁੱਖ ਮੰਤਰੀ ਅੱਗੇ ਜੋਰਦਾਰ ਅਪੀਲ ਕਰਨ।ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਤੇ  ਮੀਤਵਾਇਸ ਪ੍ਰਧਾਨ ਸ੍ਰ: ਦਲਜੀਤ ਸਿੰਘ ਕੋਹਲੀ ਨੇ ਪ੍ਰੈਸ ਨੋਟ ਵਿੱਚ ਕਿਹਾ ਕਿ ਅਗਰ ਇਹ ਸਿੱਧੀਆਂ ਉਡਾਣਾਂ ਸ਼ੁਰੂ ਹੁੰਦੀਆਂ ਤਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਗੁਰੂ ਨਗਰੀ ਅੰਮ੍ਰਿਤਸਰ ਨੂੰ ਸਹੀ ਅਰਥਾਂ ਵਿੱਚ ਭਾਰੀ ਦੇਣ ਹੋਵੇਗੀ।

 ਇਨ੍ਹਾਂ ਉਡਾਣਾਂ ਨਾਲ ਇੰਗਲੈਂਡ ਵਿੱਚ ਰਹਿੰਦੇ 5 ਲੱਖ ਤੋਂ ਜਿਆਦਾ ਪੰਜਾਬੀਆਂ ਦੀ ਸਹੂਲਤ ਲਈ ਬ੍ਰਿਟਿਸ਼ ਏਅਰਵੇਜ/ ਵਰਜਿਨ ਐਟਲਾਂਟਿਕ ਦੀਆਂ ਅੰਮ੍ਰਿਤਸਰ ਲੰਡਨ – ਅੰਮ੍ਰਿਤਸਰ ਬਰਮਿੰਘਮ ਸਿੱਧੀਆਂ ਉਡਾਣਾਂ ਤੁਰੰਤ ਚਾਲੂ ਕਰਵਾਈਆਂ ਜਾਣ।    ਮੰਚ ਆਗੂਆਂ ਨੇ ਦੱਸਿਆ ਕਿ ਯੂ.ਕੇ. ਵਿੱਚ ਰਹਿੰਦੇ ਪੰਜਾਬੀ ਅੰਮ੍ਰਿਤਸਰ ਲੰਡਨ ਤੇ ਅੰਮ੍ਰਿਤਸਰ ਬਰਮਿੰਘਮ ਦੀਆਂ ਉਡਾਣਾਂ ਚਲਾਉਣ ਲਈ ਇੰਨੇ ਤਤਪਰ ਹਨ ਕਿ ਪਿਛਲੇ ਸਾਲ ਬਰਮਿੰਘਮ ਦੀ ਸਿਟੀ ਕੌਂਸਲ ਵੱਲੋਂ ਸਪੈਸ਼ਲ ਤੌਰ ਤੇ ਮਤਾ ਪਾਸ ਕਰਕੇ ਮੰਗ ਕੀਤੀ ਗਈ ਸੀ ਕਿ ਅੰਮ੍ਰਿਤਸਰ ਬਰਮਿੰਘਮ ਦਰਮਿਆਨ ਸਿੱਧੀ ਉਡਾਣ ਚਾਲੂ ਕੀਤੀ ਜਾਵੇ। ਇੰਨ੍ਹਾਂ ਸਿੱਧੀਆਂ ਉਡਾਣਾਂ ਦੇ ਸ਼ੁਰੂ ਹੋਣ ਨਾਲ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਕੁੱਝ ਹੀ ਘੰਟਿਆਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚ ਸਕਦੇ ਹਨ। ਜੈਟ ਏਅਰਵੇਜ਼ ਦੀ ਅੰਮ੍ਰਿਤਸਰ – ਲੰਡਨ ਤੇ ਏਅਰ ਇੰਡੀਆ ਦੀ ਅੰਮ੍ਰਿਤਸਰ – ਲੰਡਨ – ਟੋਰਾਂਟੋ ਉਡਾਣਾਂ ਬਹੁਤ ਕਾਮਯਾਬ ਚੱਲਦੀਆਂ ਰਹੀਆਂ ਹਨ ਤੇ ਪੰਜਾਬੀਆਂ ਨੇ ਇੰਨ੍ਹਾਂ ਨੂੰ ਕਾਮਯਾਬ ਕਰਨ ਲਈ ਬਹੁਤ ਭਾਰੀ ਉਤਸ਼ਾਹ ਦਿਖਾਇਆ ਸੀ। ਇਹ ਉਡਾਣਾਂ ਪੂਰੀਆਂ ਭਰੀਆਂ ਹੋਈਆਂ ਜਾਂਦੀਆਂ ਸਨ ਤੇ ਆਮ ਤੌਰ ਤੇ ਵੱਧ ਬੂਕਿੰਗ ਹੋਣ ਕਰਕੇ ਕੁੱਝ ਸਵਾਰੀਆਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਛੱਡ ਕੇ ਜਾਣਾ ਪੈਂਦਾ ਸੀ। ਅੰਮ੍ਰਿਤਸਰ ਦਾ ਹਵਾਈ ਅੱਡਾ ਇਸ ਵੇਲੇ ਅੰਤਰਰਾਸ਼ਟਰੀ ਮਿਆਰ ਵਾਲਾ ਦਿੱਲੀ ਦੇ ਮੁਕਾਬਲੇ ਦਾ ਹਵਾਈ ਅੱਡਾ ਬਣ ਚੁੱਕਾ ਹੈ।

 
       

Translate »