ਚੰਡੀਗੜ੍ਹ, 19 ਫਰਵਰੀ:
ਚੋਣ ਕਮਿਸ਼ਨ ਨੇ ਮੋਗਾ ਜ਼ਿਮਨੀ ਚੋਣ ਲਈ ਪੋਲਿੰਗ ਬੂਥਾਂ ਦੇ ਸੁਰੱਖਿਆ ਪ੍ਰਬੰਧਾਂ ਬਾਰੇ ਹਦਾਇਤਾਂ ਜਾਰੀ ਕੀਤੀਆਂ ਹਨ। ਮੁੱਖ ਚੋਣ ਅਧਿਕਾਰੀ ਪੰਜਾਬ ਨੇ ਦੱਸਿਆ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਜ਼ਿਮਨੀ ਚੋਣ ਦੇ ਸੁਰੱਖਿਆ ਪ੍ਰਬੰਧਾਂ ਬਾਰੇ ਹਾਲ ਹੀ ਵਿੱਚ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਸੀ।
ਚੋਣ ਕਮਿਸ਼ਨ ਨੇ ਆਦੇਸ਼ ਦਿੱਤੇ ਹਨ ਕਿ ਚੋÎਣ ਅਧਿਕਾਰੀਆਂ ਵੱਲੋਂ ਅਬਜ਼ਰਵਰਾਂ ਦੀ ਸਲਾਹ ‘ਤੇ ਪੋਲਿੰਗ ਸਟੇਸ਼ਨਾਂ ਦੀ ਸੰਵੇਦਨਸ਼ੀਲਤਾ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਪੋਲਿੰਗ ਸਟੇਸ਼ਨਾਂ ਦੇ ਬਾਹਰ ਕੇਂਦਰੀ ਪੈਰਾਮਿਲਟਰੀ ਫੋਰਸ ਤਾਇਨਾਤ ਕੀਤੀ ਜਾਵੇਗੀ। ਕੇਂਦਰੀ ਪੈਰਾਮਿਲਟਰੀ ਫੋਰਸ ਵੱਲੋ ਲਗਾਤਾਰ ਗਸ਼ਤ ਕੀਤੀ ਜਾਵੇਗੀ। ਬਜ਼ੁਰਗ ਅਤੇ ਅੰਗਹੀਣ ਵਿਅਕਤੀ ਆਪਣੇ ਖੁਦ ਦੇ ਵਾਹਨਾਂ ਜਾਂ ਜਨਤਕ ਟਰਾਂਸਪੋਰਟ ਰਾਹੀਂ ਪੋਲਿੰਗ ਸਟੇਸ਼ਨਾਂ ‘ਤੇ ਵੋਟ ਪਾਉਣ ਜਾਣਗੇ ਅਤੇ ਉਨ੍ਹਾਂ ਨੂੰ ਦੂਜੇ ਵੋਟਰਾਂ ਦੇ ਮੁਕਾਬਲੇ ਵੋਟ ਪਾਉਣ ਲਈ ਤਰਜੀਹ ਦੇਣ ਦੇ ਨਾਲ ਨਾਲ ਹੀ ਉਨ੍ਹਾਂ ਨੂੰ ਲਾਇਨਾਂ ਵਿੱਚ ਨਹੀਂ ਖੜ੍ਹਾਇਆ ਜਾਵੇਗਾ।
ਕਮਿਸ਼ਨ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾਏਗਾ ਕਿ ਹਲਕੇ ਤੋਂ ਬਾਹਰ ਦੇ ਵਿਅਕਤੀ ਜਿਹੜੇ ਸਬੰਧਤ ਹਲਕੇ ਦੇ ਵੋਟਰ ਜਾਂ ਉਮੀਦਵਾਰ ਨਹੀਂ ਹਨ, ਉਹ ਚੋਣ ਮੁਹਿੰਮ ਦੇ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਹਲਕਾ ਛੱਡ ਦੇਣਗੇ।
ਰਿਟਰਨਿੰਗ ਅਫ਼ਸਰ ਨੂੰ ਹਰ ਪੋਲਿੰਗ ਸਟੇਸ਼ਨ ‘ਤੇ ਵੀਡਿਓ ਕੈਮਰੇ ਜਾਂ ਡਿਜੀਟਲ ਸਟਿੱਲ ਕੈਮਰੇ ਲਗਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਸੱਚੀ ਭਾਵਨਾ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰੇਗਾ।