February 19, 2013 admin

ਪਰਵਾਸੀ ਅਲੋਚਕ ਸੁਖਿੰਦਰ ਦੀਆਂ ਤਿੰਨ ਕਿਤਾਬਾਂ ਰਿਲੀਜ਼

ਬਰਨਾਲਾ:
ਮਾਲਵਾ ਸਾਹਿਤ ਸਭਾ ਰਾਜਿ: ਬਰਨਾਲਾ ਤੇ ਲਿਖਾਰੀ ਸਭਾ ਦੇ ਸਹਿਯੋਗ ਨਾਲ ਵਿਸ਼ਵਭਾਰਤੀ ਪ੍ਰਕਾਸ਼ਨ ਅਤੇ ਸੰਵਾਦ ਕੈਨੇਡਾ ਦੇ ਸਹਿਯੋਗ ਨਾਲ ਬਹੁ-ਪੱਖੀ ਲੇਖਕ ਸੁਖਿੰਦਰ ਦੀਆਂ ਪੁਸਤਕਾਂ ਕੈਨੇਡੀਅਨ ਪੰਜਾਬੀ ਸਾਹਿਤ ਭਾਗ ਪਹਿਲਾ ਤੇ ਦੂਜਾ ਅਤੇ ਉਹਨਾਂ ਦੀ ਹੁਣ ਤੱਕ ਦੀ ਸਮੁੱਚੀ ਕਵਿਤਾ ਦੀ ਪੁਸਤਕ ‘ਕਵਿਤਾ ਦੀ ਤਲਾਸ਼ ਵਿੱਚ’ ਦਾ ਦਾ ਲੋਕ ਅਰਪਣ ਆਰੀਆ ਮਹਿਲਾ ਕਾਲਜ ਬਰਨਾਲਾ ਵਿਖੇ ਕੀਤਾ ਗਿਆ। ਇਸ ਮੌਕੇ ਬੋਲਦਿਆਂ ਡਾ: ਰਤਨ ਸਿੰਘ ਢਿੱਲੋਂ ਨੇ ਕਿਹਾ ਕਿ ਸੁਖਿੰਦਰ ਦੀਆਂ ਕਵਿਤਾਵਾਂ ਲੋਕ-ਪੱਖੀ ਹਨ ਜਿਹੜੀਆਂ ਕਿ ਨਵਾਂ ਸੰਵਾਦ ਰਚਾਉਂਦੀਆਂ ਹਨ। ਪ੍ਰਸਿੱਧ ਨਾਵਲਕਾਰ ਨਛੱਤਰ ਸਿੰਘ ਗਿੱਲ ਨੇ ਕਿਹਾ ਕਿ ਅਸੀਂ ਕੈਨੇਡਾ ਵਿਚ ਰਹਿ ਕੇ ਆਪਣੀ ਮਿੱਟੀ ਅਤੇ ਮਾਂ ਬੋਲੀ ਨਾਲ ਜੁੜੇ ਹੋਏ ਹਾਂ। ਡਾ: ਸਰਨਜੀਤ ਕੌਰ ਨੇ ਕਿਹਾ ਕਿ ਸੁਖਿੰਦਰ ਨੇ ਕੈਨੇਡਾ ਵਿਚ ਰਹਿ ਕੇ ਉਥੋਂ ਦੇ ਲੇਖਕਾਂ ਦੀਆਂ ਕਿਤਾਬਾਂ ਬਾਰੇ ਆਲੋਚਨਾਤਮਿਕ ਅਧਿਐਨ ਕਰਕੇ ਸੰਸਥਾ ਵਰਗਾ ਕੰਮ ਕੀਤਾ ਹੈ। ਪ੍ਰਸਿੱਧ ਨਾਵਲਕਾਰ ਓਮ ਪ੍ਰਕਾਸ਼ ਗਾਸੋ ਨੇ ਕਿਹਾ ਕਿ ਸੁਖਿੰਦਰ ਦੀ ਕਵਿਤਾ ਭਾਵਨਾ ਵਰਗੀ ਹੈ ਤੇ ਭਾਵਨਾ ਤੋਂ ਬਿਨਾ ਕਵਿਤਾ ਦੀ ਰਚਨਾ ਕੀਤੀ ਹੀ ਨਹੀਂ ਜਾ ਸਕਦੀ। ਸ਼੍ਰੋਮਣੀ ਸਾਹਿਤਕਾਰ ਮੇਘ ਰਾਜ ਮਿੱਤਰ ਨੇ ਕਿਹਾ ਕਿ ਸੁਖਿੰਦਰ ਲੋਕਾਂ ਦਾ ਕਵੀ ਹੈ ਜਿਹੜਾ ਕਿ ਆਪਣੀਆਂ ਰਚਨਾਵਾਂ ਵਿਚ ਲੋਕਾਈ ਦੀ ਗੱਲ ਕਰਦਾ ਹੈ। ਪ੍ਰਸਿੱਧ ਲੇਖਕ ਸ਼ਾਮ ਸਿੰਘ ਨੇ ਕਿਹਾ ਕਿ ਸੁਖਿੰਦਰ ਨੇ ਪੰਜਾਬ ਅਤੇ ਕੈਨੇਡਾ ਦੇ ਸਾਹਿਤ ਦਾ ਅਧਿਐਨ ਕਰਕੇ ਨਵੇਂ ਸੰਦਰਭ ਵਿਚ ਆਪਣੀ ਕਵਿਤਾ ਦੇ ਮਾਧਿਅਮ ਰਾਹੀਂ ਗੱਲ ਕਹੀ। ਪਰਵਾਸੀ ਕਹਾਣੀਕਾਰ ਕਰਮ ਸਿੰਘ ਮਾਨ, ਪ੍ਰੋਫੈਸਰ ਡਾ: ਸੁਰਿੰਦਰ ਭੱਠਲ, ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ: ਸੰਪੂਰਨ ਸਿੰੰਘ ਟੱਲੇਵਾਲੀਆ, ਲਿਖਾਰੀ ਸਭਾ ਦੇ ਪ੍ਰਧਾਨ ਜਗੀਰ ਸਿੰਘ ਜਗਤਾਰ, ਭੋਲਾ ਸਿੰਘ ਸੰਘੇੜਾ, ਸੁਰਜੀਤ ਸਿੰਘ ਪੰਛੀ  ਨੇ ਵੀ ਵਿਚਾਰ ਪੇਸ਼ ਕੀਤੇ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੇਖੋਂ ਪੰਜਾਬ ਦੇ ਪ੍ਰਧਾਨ ਡਾ: ਤੇਜਵੰਤ ਮਾਨ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਲਈ ਸੁਖਿੰਦਰ ਕੈਨੇਡਾ ਵਿਚ ਰਹਿ ਕੇ ਜੋ ਕਾਰਜ ਕਰ ਰਿਹਾ ਹੈ ਉਹ ਸਲਾਘਾਯੋਗ ਹੈ। ਇਸ ਦੀਆਂ ਰਚਨਾਵਾਂ ਪੰਜਾਬ ਅਤੇ ਕੈਨੇਡਾ ਦੇ ਸਾਹਿਤ ਨਾਲ ਜੁੜਕੇ ਸਾਹਿਤ ਨੂੰ ਇੱਕ ਦੂਜੇ ਦੇ ਰੂ-ਬ-ਰੂ ਕਰਦੀਆਂ ਹਨ। ਨਾਵਲਕਾਰ ਦਰਸਨ ਸਿੰਘ ਗੁਰੂ, ਪੰਜਾਬੀ ਕਵੀ ਤੇ ਲੇਖਕ ਰਾਮ ਸਰੂਪ ਸ਼ਰਮਾ, ਡਾ: ਹਰਭਗਵਾਨ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਸੁਖਿੰਦਰ ਕੈਨੇਡਾ ਵਿਚ ਰਹਿ ਕੇ ਮਾਂ ਬੋਲੀ ਲਈ ਹੀ ਸਮਰਪਿਤ ਹੈ। ਇਸ ਮੌਕੇ ਦੋਨਾ ਸਭਾਵਾਂ ਵੱਲੋ ਸੁਖਿੰਦਰ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕਵੀ ਦਰਬਾਰ ਵਿਚ ਜਗਰਾਜ ਧੌਲਾ, ਹਾਕਮ ਰੂੜੇਕੇ, ਸੁਖਵਿੰਦਰ ਸਨੇਹ, ਜਸਵੀਰ ਜੱਸਾ, ਡਾ: ਅਮਨਦੀਪ ਟੱਲੇਵਾਲੀਆ, ਗਿੱਲ ਰਣਸੀਂਹਕਿਆਂ ਵਾਲਾ, ਗੁਰਪਾਲ ਸਿੰਘ ਨੂਰ, ਸਾਗਰ ਸਿੰਘ ਸਾਗਰ, ਪ੍ਰੋਫੈਸਰ ਅਨਿਲ ਸ਼ੋਰੀ, ਦਰਸਨ ਸਿੰਘ ਠੀਕਰੀਵਾਲਾ, ਰਾਜਿੰਦਰਜੀਤ ਕਾਲਾਬੂਲਾ, ਸੁਖਦੇਵ ਔਲਖ। ਬਿੰਦਰ ਠੀਕਰੀਵਾਲਾ, ਪਵਨ ਪਰਿੰਦਾ, ਡਾ: ਰਾਹੁਲ ਰੁਪਾਲ, ਸਰਵਨ ਸਿੰਘ ਕਾਲਾਬੂਲਾ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।
ਪੰਜਾਬੀ ਪ੍ਰਵਾਸੀ ਲੇਖਕ ਸੁਖਿੰਦਰ ਨੇ ਕਿਹਾ ਕਿ ਬਰਨਾਲਾ ਵਿਚ ਆਪਣੀਆਂ ਪੁਸਤਕਾਂ ਦਾ ਲੋਕ ਅਰਪਣ ਕਰਕੇ ਉਹ ਮਾਣਮੱਤਾ ਮਹਿਸੂਸ ਕਰ ਰਹੇ ਹਨ। ਉਹਨਾਂ ਨੇ ਆਪਣੀਆਂ ਚੋਣਵੀਆਂ ਰਚਨਾਵਾਂ ਪੜ•ੀਆਂ ਤੇ ਆਪਣੀ ਸਾਹਿਤ ਸਿਰਜਣਾ ਵਿਚਾਰ ਰੱਖੇ। ਸਟੇਜ ਦਾ ਫਰਜ ਪ੍ਰੋਫੈਸਰ ਤਰਸਪਾਲ ਨੇ ਬਾਖੂਬੀ ਨਿਭਾਇਆ। ਇਸ ਮੌਕੇ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੇ ਪ੍ਰਬੰਧਕ ਅਮਿੱਤ ਮਿੱਤਰ ਨੇ ਆਏ ਲੇਖਕਾਂ ਤੇ ਪਾਠਕਾਂ ਦਾ ਧੰਨਵਾਦ ਕੀਤਾ।

Translate »