ਮੋਗਾ, 23 ਫਰਵਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਮੋਗਾ ਉਪ ਚੋਣ ਦੇ ਸ਼ਾਂਤ, ਆਜ਼ਾਦਾਨਾ ਅਤੇ ਨਿਰਪੱਖ ਢੰਗ ਨਾਲ ਮੁਕੰਮਲ ਹੋਣ ‘ਤੇ ਮੋਗਾ ਦੇ ਲੋਕਾਂ, ਸਰਕਾਰੀ ਅਧਿਕਾਰੀਆਂ ਅਤੇ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਹੈ। ਸ. ਬਾਦਲ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਪ੍ਰਕ੍ਰਿਆ ਸੀ ਪਰ ਇਸ ਦੇ ਸ਼ਾਂਤਮਈ ਅਤੇ ਨਿਰਪੱਖ ਢੰਗ ਨਾਲ ਸਿਰੇ ਚੜ੍ਹਨ ਕਾਰਨ ਵਿਰੋਧੀਆਂ ਦੇ ਮੂੰਹ ਨੂੰ ਵੀ ਤਾਲੇ ਲੱਗ ਗਏ ਹਨ।
ਅੱਜ ਇਥੇ ਜਾਰੀ ਇੱਕ ਬਿਆਨ ਰਾਹੀਂ ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪਾਰਦਰਸ਼ੀ ਢੰਗ ਨਾਲ ਇਹ ਚੋਣ ਕਰਵਾਏ ਜਾਣ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਹੋਰ ਆਗੂਆਂ ਦੇ ਇਸ ਪ੍ਰੋਪੋਗੰਡਾ ਨੂੰ ਵੀ ਗਲਤ ਸਾਬਿਤ ਕਰ ਦਿੱਤਾ ਕਿ ਮੋਗਾ ਉਪ ਚੋਣ ਸਾਫ-ਸੁਥਰੀ ਤੇ ਨਿਰਪੱਖ ਨਹੀਂ ਹੋਵੇਗੀ। ਸ. ਬਾਦਲ ਨੇ ਅੱਗੇ ਕਿਹਾ ਕਿ ਉਨ੍ਹਾਂ ਇਸ ਚੋਣ ਨੂੰ ਪਾਰਟੀ ਵਰਕਰਾਂ ਤੇ ਆਗੂਆਂ, ਬਜ਼ੁਰਗਾਂ, ਸਾਥੀਆਂ, ਵੱਖ-ਵੱਖ ਸੰਸਥਾਵਾਂ ਤੇ ਗਰੁੱਪਾਂ ਦੇ ਮੈਂਬਰਾਂ ਅਤੇ ਪੱਤਰਕਾਰਾਂ ਨਾਲ ਵਧੇਰੇ ਮੇਲ-ਮਿਲਾਪ ਦੇ ਮੌਕੇ ਵਜੋਂ ਲਿਆ ਅਤੇ ਉਨ੍ਹਾਂ ਤੋਂ ਮਦਦ ਤੇ ਸਹਿਯੋਗ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਵੱਲੋਂ ਉਨ੍ਹਾਂ ਦੀ ਚਟਾਨ ਵਾਂਗ ਕੀਤੀ ਗਈ ਮਦਦ ਤੋਂ ਬਿਨਾਂ ਇਸ ਚੋਣ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚੜਾਉਣਾ ਨਾਮੁਮਕਨ ਸੀ। ਸ. ਬਾਦਲ ਨੇ ਕਿਹਾ ਕਿ ਮੋਗਾ ਉਪ ਚੋਣ ਲਈ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਜ਼ਮੀਨੀ ਪੱਧਰ ‘ਤੇ ਲੋਕਾਂ ਦੇ ਹੋਰ ਨਜ਼ਦੀਕ ਜਾਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜਿੱਥੇ ਇੰਨ੍ਹਾਂ ਲੋਕਾਂ ਨੇ ਗਠਜੋੜ ਦੇ ਵਿਕਾਸ ਏਜੰਡੇ ਪ੍ਰਤੀ ਪਿਆਰ ਤੇ ਵਿਸ਼ਵਾਸ ਪ੍ਰਗਟ ਕੀਤਾ ਉਥੇ ਪ੍ਰਸ਼ਾਸਨ ਸੁਧਾਰਾਂ ਦੀ ਲੜੀ ਨੂੰ ਅੱਗੇ ਵਧਾਉਣ ਲਈ ਸੁਝਾਅ ਵੀ ਦਿੱਤੇ।
ਰਾਜ ਦੇ ਮੁਕੰਮਲ ਵਿਕਾਸ ਲਈ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਵਿਰੁੱਧ ਨਹੀਂ ਬਲਕਿ ਪੰਜਾਬ ਤੇ ਲੋਕ ਵਿਰੋਧੀ ਕਾਂਗਰਸ ਪਾਰਟੀ ਖਿਲਾਫ ਹੈ। ਉਨ੍ਹਾਂ ਕਿਹਾ ਵੱਡੀ ਗਿਣਤੀ ‘ਚ ਕਾਂਗਰਸੀ ਵਰਕਰ ਅਤੇ ਆਗੂ ਕਾਂਗਰਸ ਨੂੰ ਛੱਡ ਰਹੇ ਹਨ ਕਿਉਂਕਿ ਉਹ ਇਸ ਲੋਕ ਤੇ ਸੂਬਾ ਵਿਰੋਧੀ ਪਾਰਟੀ ‘ਚ ਘੁਟਨ ਮਹਿਸੂਸ ਕਰਦੇ ਹਨ। ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਰਾਜ ਦੇ ਮੁਕੰਮਲ ਵਿਕਾਸ ਤੋਂ ਇਲਾਵਾ ਪ੍ਰਸ਼ਾਸਨਕ ਸੁਧਾਰਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਵਚਨਬੱਧ ਹੈ ਤਾਂ ਕਿ ਪੰਜਾਬ ਨੂੰ ਲੋਕਾਂ ਦੇ ਰਹਿਣ ਲਈ ਵਧੀਆ ਸੂਬਾ ਬਨਾਉਣ ਦਾ ਆਪਣਾ ਫਰਜ਼ ਨਿਭਾ ਸਕੀਏ।
ਧੰਨਵਾਦ ਸਹਿਤ,
ਹਰਮੀਤ ਸਿੰਘ ਢਿੱਲੋਂ