February 23, 2013 admin

ਨੌਜਵਾਨ ਡੇਅਰੀ ਫਾਰਮਰਾਂ ਲਈ ਵਿਆਪਕ ਸਿਖਲਾਈ ਪ੍ਰੋਗਰਾਮ ਸ਼ੁਰੂ -ਫਿਲੌਰ

ਚੰਡੀਗੜ੍ਹ, 23 ਫਰਬਰੀ

ਖੇਤੀ ਵਿਭਿੰਨਤਾ ਦੇ ਮੱਦੇਨਜਰ ਡੇਅਰੀ ਫਰਮਿੰਗ ਨੂੰ ਬੜ੍ਹਾਵਾ ਦੇਣ ਲਈ ਡੇਅਰੀ ਵਿਕਾਸ ਵਿਭਾਗ ਨੇ ਰਾਜ ਵਿੱਚ ਨੌਜਵਾਨ ਡੇਅਰੀ ਫਾਰਮਰਾਂ ਲਈ ਵਿਆਪਕ ਡੇਅਰੀ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਹੈ।

ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਏਥੇ ਪੰਜਾਬ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਸਰਵਨ ਸਿੰਘ ਫਿਲੌਰ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਨੂੰ ਇੱਕ ਡੇਅਰੀ ਰਾਜ ਵਜੋਂ ਵਿਕਸਤ ਕਰਨ ਲਈ ਵਚਨਵੱਧ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਰਾਜ ਵਿੱਚ 3000 ਵਿਅਕਤੀ ਸਿਖਲਾਈ ਕੇਂਦਰਾਂ ਵਿੱਚ 15 ਦਿਨਾਂ ਦੀ ਸਿਖਲਾਈ ਲੈ ਰਹੇ ਹਨ ਜਦਕਿ 600 ਸਿਖਾਂਦਰੂ ਵੱਖ ਵੱਖ ਸਿਖਲਾਈ ਕੇਂਦਰਾਂ ਵਿੱਚ 45 ਦਿਨਾਂ ਦਾ ਸਿਖਲਾਈ ਕੋਰਸ ਕਰ ਰਹੇ ਹਨ। ਇਨ੍ਹਾਂ ਕੇਂਦਰਾਂ ਵਿੱਚ ਸਿਖਾਂਦਰੂਆਂ ਨੂੰ ਪਸ਼ੂਆਂ ਦੀ ਸੰਭਾਲ ਅਤੇ ਉਨ੍ਹਾਂ ਦੇ ਇਲਾਜ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ। ਸਿਖਾਂਦਰੂਆਂ ਨੂੰ ਕਰਜ ਲੈਣ ਲਈ ਬੈਂਕਾਂ ਦੀਆਂ ਵਿਭਿੰਨ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਅੱਠ ਸਿਖਲਾਈ ਕੇਂਦਰਾਂ ਤੋਂ ਇਲਾਵਾ ਛੇਤੀਂ ਹੀ ਗੁਰਦਾਸਪੁਰ ਵਿਖੇ ਇੱਕ ਸੰਗਠਿਤ ਫਾਰਮ ਸਿਖਲਾਈ ਕੇਂਦਰ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨੌਜਵਾਨ ਕਿਸਾਨਾਂ ਨੂੰ ਮੱਛੀ ਪਾਲਣ, ਮੁਰਗੀ ਪਾਲਣ ਅਤੇ ਡੇਅਰੀ ਦੇ ਖੇਤਰ ਵਿੱਚ ਉੱਚ ਤਕਨੀਕੀ ਸਿਖਲਾਈ ਦਿੱਤੀ ਜਾਵੇਗੀ। ਇਸ ਬਣਾਏ ਜਾ ਰਹੇ ਕੇਂਦਰ ਵਿੱਚ ਇੱਕ ਬੀਜ ਟੈਸਟ ਕਰਨ ਬਾਰੇ ਲੈਬਾਰਟਰੀ ਵੀ ਸਥਾਪਿਤ ਕੀਤੀ ਜਾਵੇਗੀ।

ਸ. ਫਿਲੌਰ ਨੇ ਕਿਹਾ ਕਿ ਡੇਅਰੀ ਦਾ ਧੰਦਾ ਅਪਨਾਉਣ ਲਈ ਸੁਵਿਧਾ ਪ੍ਰਦਾਨ ਕਰਨ ਲਈ ਰਾਜ ਸਰਕਾਰ ਇਨ੍ਹਾਂ ਨੌਜਵਾਨਾਂ ਨੂੰ ਤਕਨੀਕੀ ਅਤੇ ਵਿੱਤੀ ਮਦਦ ਵੀ ਮੁਹਈਆ ਕਰਵਾਏਗੀ। ਡੇਅਰੀ ਵਿਕਾਸ ਵਿਭਾਗ ਨੇ ਅਧੁਨਿਕ ਸ਼ੈਡ ਡਿਜ਼ਾਇਨ ਕੀਤੇ ਹਨ। ਪਸ਼ੂਆਂ ਲਈ ਵਧੀਆ ਸ਼ੈਡ ਸਥਾਪਿਤ ਕਰਨ ਲਈ ਗਾਵਾਂ ਦੇ ਸ਼ੈਡ ਲਈ 1.5 ਲੱਖ ਅਤੇ ਮੱਝਾਂ ਦੇ ਸ਼ੈਡ ਲਈ ਇੱਕ ਲੱਖ ਰੁਪਏ ਤੱਕ ਸਬਸਿਡੀ ਮੁਹਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਮਾਹਿਰਾਂ ਦੀ ਸਲਾਹ ਨਾਲ ਪਸ਼ੂਆਂ ਲਈ ਵਧੀਆ ਸ਼ੈਡ ਬਨਾਉਣ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਉਹ ਵਧੀਆ ਹਾਲਤਾਂ ਵਿੱਚ ਰਹਿ ਸਕਣ। ਉਨ੍ਹਾਂ ਕਿਹਾ ਕਿ ਡੇਅਰੀ ਦਾ ਧੰਦਾ ਤੇਜੀ ਨਾਲ ਵਧ ਫੁੱਲ ਰਿਹਾ ਹੈ ਅਤੇ ਮੌਜੂਦਾ ਹਾਲਤਾਂ ਵਿੱਚ ਇਸ ਧੰਦੇ ਤੋਂ ਵਧੀਆ ਆਮਦਨ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬੈਂਕ ਕਰਜੇ ਨਾਲ ਖਰੀਦੇ ਜਾਂਦੇ ਸਾਰੇ ਪਸ਼ੂਆਂ ਦਾ ਬੀਮਾ ਕੀਤਾ ਜਾਂਦਾ ਹੈ ਅਤੇ ਇਸ ਦਾ ਪ੍ਰੀਮੀਅਮ ਸਰਕਾਰ ਵਲੋਂ ਅਦਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮਸ਼ੀਨਰੀ ਦੀ ਖਰੀਦ ਅਤੇ ਹੋਰ ਸਾਜੋਸਮਾਨ ਅਧੁਨਿਕ ਡੇਅਰੀਆਂ ਲਈ ਖਰੀਦਣ ਲਈ ਵੀ ਸਹਾਇਤਾ ਮੁਹਈਆ ਕਰਵਾਈ ਜਾਂਦੀ ਹੈ। ਉਨ੍ਹਾਂ ਨੇ ਡੇਅਰੀ ਦੇ ਖੇਤਰ ਵਿੱਚ ਹਰ ਸਹਾਇਤਾ ਦੇਣ ਦਾ ਭਰੋਸਾ ਦੁਆਇਆ ਹੈ ਤਾਂ ਜੋ ਸਹੀ ਮਾਇਨਿਆਂ ਵਿੱਚ ਪੰਜਾਬ ਨੂੰ ਡੇਅਰੀ ਰਾਜ ਬਣਾਇਆ ਜਾ ਸਕੇ।
ਨੰ ਪੀ ਆਰ-159/13

Translate »